ਯੈੱਸ ਪੰਜਾਬ
ਪਟਿਆਲਾ, 5 ਫ਼ਰਵਰੀ, 2021:
ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਛੋਟੇ ਬੇਟੇ ਬਾਲੀਵੁੱਡ ਕਲਾਕਾਰ ਬੌਬੀ ਦਿਓਲ ਦੀ ਫ਼ਿਲਮ ਪਟਿਆਲਾ ਵਿੱਚ ਨਹੀਂ ਹੋਵੇਗੀ। ਇਹ ਸ਼ੂਟਿੰਗ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਮਗਰੋਂ ਟਾਲ ਦਿੱਤੀ ਗਈ ਹੈ।
ਬੌਬੀ ਦਿਓਲ ਦੀ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ 7 ਫ਼ਰਵਰੀ ਤੋਂ ਸ਼ੁਰੂ ਹੋਣੀ ਸੀ ਪਰ ਕਿਸਾਨਾਂ ਵੱਲੋਂ ਅੱਜ ਇਸ ਸੰਬੰਧੀ ਵਿਰੋਧ ਪ੍ਰਗਟਾਏ ਜਾਣ ਮਗਰੋਂ ਸ਼ੂਟਿੰਗ ਲਈ ਲਗਾਏ ਜਾ ਰਹੇ ਸੈੱਟ ਨੂੰ ਵੀ ਹਟਾ ਲਿਆ ਗਿਆ ਅਤੇ ਸੈੱਟ ਦੀ ਸਥਾਪਨਾ ਲਈ ਆਇਆ ਸਮਾਨ ਵਾਪਸ ਲਿਜਾਇਆ ਗਿਆ ਹੈ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਹਾਲ ਦੀ ਘੜੀ ਇਕ ਮਹੀਨੇ ਲਈ ਅੱਗੇ ਪਾ ਦਿੱਤੀ ਗਈ ਹੈ ਪਰ ਸਮਝਿਆ ਜਾਂਦਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣਾ ਹੁਣ ਕਿਸਾਨ ਅੰਦੋਲਨ ’ਤੇ ਹੀ ਨਿਰਭਰ ਕਰੇਗਾ ਕਿਉਂਕਿ ਜੇ ਕਿਸਾਨ ਅੰਦੋਲਨ ਲੰਬਾ ਚੱਲਿਆ ਤਾਂ ਇਹ ਸ਼ੂਟਿੰਗ ਹੋਰ ਅੱਗੇ ਪੈ ਸਕਦੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਅੰਦਰ ਜਾਹਨਵੀ ਕਪੂਰ ਦੀ ਇਕ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਰੋਕੀ ਗਈ ਸੀ ਪਰ ਬੌਬੀ ਦਿਓਲ ਦੇ ਮਾਮਲੇ ਵਿੱਚ ਇਹ ਗੱਲ ਵੀ ਹੈ ਕਿ ਉਹ ਆਪਣੇ ਵੱਡੇ ਭਰਾ, ਬਾਲੀਵੁੱਡ ਅਦਾਕਾਰ, ਭਾਜਪਾ ਆਗੂ ਅਤੇ ਗੁਰਦਾਸਪੁਰ ਤੋਂ ਐਮ.ਪੀ. ਸੰਨੀ ਦਿਓਲ ਦੀ ਭੂਮਿਕਾ ’ਤੇ ਵੀ ਕਿਸਾਨ ਸਮਰਥਕਾਂ ਵੱਲੋਂ ਸਵਾਲ ਚੁੱਕੇ ਜਾ ਰਹੇੇ ਹਨ।