ਯੈੱਸ ਪੰਜਾਬ
ਚੰਡੀਗੜ੍ਹ, ਜੁਲਾਈ 13, 2024:
ਕੇਂਦਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਅੱਜ ਪੰਜਾਬ ਵਿੱਚ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਨੇ ਕਾਂਗਰਸ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਬਿੱਟੂ ਨੇ ਕਿਹਾ ਕਿ ਭਾਜਪਾ ਦੂਜੇ ਸਥਾਨ ‘ਤੇ ਹੈ ਅਤੇ ਕਾਂਗਰਸ ਤੀਜੇ ਸਥਾਨ ‘ਤੇ ਹੈ, ਜੋ ਕਿ ਪੀ.ਪੀ.ਸੀ.ਸੀ. ਲਈ ਸ਼ਰਮਨਾਕ ਹੈ ਕਿ ਉਹ ਜਲੰਧਰ ਸੰਸਦੀ ਸੀਟ ਜਿੱਤਣ ਤੋਂ ਬਾਅਦ ਸਿਰਫ ਦੋ ਹਫ਼ਤਿਆਂ ਵਿੱਚ ਜਨਤਾ ਦਾ ਵਿਸ਼ਵਾਸ ਗੁਆ ਬੈਠਾ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ‘ਆਪ’ ਵੱਲੋਂ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਧਮਕਾਇਆ ਗਿਆ ਸੀ ਅਤੇ ਭਾਜਪਾ ਦੇ ਵੋਟਰਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ।
ਬਿੱਟੂ ਨੇ ਕਿਹਾ ਕਿ ‘ਆਪ’ ਨੇ ਜਲੰਧਰ ਪੱਛਮੀ ਸੀਟ ‘ਤੇ ਵੋਟਰਾਂ ਨਾਲ ਧੱਕੇਸ਼ਾਹੀ, ਗਲਤ ਤਰੀਕੇ, ਸਰਕਾਰੀ ਤੰਤਰ ਦੀ ਦੁਰਵਰਤੋਂ, ਖਾਸ ਤੌਰ ‘ਤੇ ਪੁਲਿਸ ਬਲ ਦੀ ਸ਼ਰੇਆਮ ਦੁਰਵਰਤੋਂ ਕਰਕੇ ਜਿੱਤ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਜਲੰਧਰ ਵਿੱਚ ਡੇਰੇ ਲਾਏ ਹੋਏ ਹਨ ਜੋ ਕਿ ਮੱਖੀ ਮਾਰਨ ਲਈ ਤੋਪ ਦੀ ਵਰਤੋਂ ਕਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਿਨ-ਬ-ਦਿਨ ਮਜ਼ਬੂਤ ਹੋਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨਾਂ ਨੂੰ ਬਦਲ ਦੇਵੇਗੀ।