ਅੱਜ-ਨਾਮਾ
ਕਰਵਟ ਮੌਸਮ ਨੇ ਲਈ ਤਾਂ ਦਿਨ ਬਦਲੇ,
ਲੱਗੀ ਚੁਭਣ ਕੁਝ ਗਰਮ ਦੁਪਹਿਰ ਬੇਲੀ।
ਮੌਸਮ ਪਿੰਡਾਂ ਦਾ ਅਜੇ ਕੁਝ ਗਰਮ ਥੋੜ੍ਹਾ,
ਤਪਣ ਲੱਗ ਪਏ ਕਈ ਆ ਸ਼ਹਿਰ ਬੇਲੀ।
ਗੱਡੀਆਂ, ਮੋਟਰਾਂ ਚੱਲਣ ਕਈ ਕਾਰਖਾਨੇ,
ਬਹੁਤਾ ਪਿਆ ਪ੍ਰਦੂਸ਼ਣ ਤੋਂ ਕਹਿਰ ਬੇਲੀ।
ਵਧਦੀ ਗਰਮੀ ਤਾਂ ਜਿੰਨੀ ਉਹ ਵਧ ਜਾਵੇ,
ਸਕਦਾ ਜੀਵਨ ਤਾਂ ਕਦੇ ਨਾ ਠਹਿਰ ਬੇਲੀ।
ਗਰੀਬ-ਗੁਰਬੇ ਦਾ ਰੋਟੀ ਹੈ ਮੂਲ ਮਸਲਾ,
ਕਰਨਾ ਇਹਦਾ ਕੋਈ ਪਊ ਜੁਗਾੜ ਬੇਲੀ।
ਜਾਣੇ ਗਰੀਬ ਨਹੀਂ ਗਰਮੀ ਦੇ ਮੀਟਰਾਂ ਨੂੰ,
ਵਿੰਹਦਾ ਕਦੀ ਸਿਆਲ ਨਹੀਂ ਹਾੜ ਬੇਲੀ।
-ਤੀਸ ਮਾਰ ਖਾਂ
26 ਮਾਰਚ , 2025