ਯੈੱਸ ਪੰਜਾਬ
ਅੰਮ੍ਰਿਤਸਰ, 17 ਜਨਵਰੀ, 2021:
ਕਿਸਾਨ ਆਗੂਆਂ, ਸਮਾਜਿਕ ਕਾਰਕੁੰਨਾਂ, ਧਾਰਮਿਕ ਸੰਸਥਾਵਾਂ ਦੇ ਆਗੂਆਂ, ਪੱਤਰਕਾਰਾਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. ਵੱਲੋਂ ਜਾਰੀ ਕੀਤੇ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸ: ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਇਹ ਕਾਰਵਾਈ ਬਹੁਤ ਹੀ ਮੰਦਭਾਗੀ ਹੈ ਅਤੇ ਜੇ ਕੇਂਦਰ ਸਰਕਾਰ ਦੇ ਢਹੇ ਚੜ੍ਹ ਕੇ ਐਨ.ਆਈ.ਏ. ਨੇ ਪੰਜਾਬੀਆਂ ਦੇ ਖਿਲਾਫ਼ ਇਹ ਕਾਰਵਾਈ ਜਾਰੀ ਰੱਖੀ ਤਾਂ ਇਸ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਘੇਰਾਓ ਕੀਤਾ ਜਾ ਸਕਦਾ ਹੈ।
ਇਸ ਸੰਬੰਧੀ ਇਕ ਵੀਡੀਓ ਸੁਨੇਹੇ ਵਿੱਚ ਸ: ਪੰਧੇਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬੀਆਂ ਨੂੰ ਇੰਜ ਦੇਸ਼ ਧਰੋਹੀ ਸਾਬਿਤ ਕਰਨ ਲਈ ਐਨ.ਆਈ.ਏ. ਹਰਕਤ ਵਿੱਚ ਆਈ ਹੈ।
ਉਨ੍ਹਾਂ ਕਿਹਾ ਕਿ ਕਾਨੂੂੰਨ ਵਿਵਸਥਾ ਸੂਬੇ ਦਾ ਮਸਲਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਆਖ਼ਿਆ ਕਿ ਜੇ ਪੰਜਾਬ ਦੀਆਂ ਏਜੰਸੀਆਂ ਨੂੰ ਪੰਜਾਬੀਆਂ ਦੀ ਕਿਸੇ ਕਾਰਵਾਈ ਦਾ ਪਤਾ ਤਕ ਨਹੀਂ ਹੈ ਤਾਂ ਕੇਂਦਰ ਦੀਆਂ ਏਜੰਸੀਆਂ ਨੂੰ ਪੰਜਾਬੀਆਂ ਬਾਰੇ ਵੱਧ ਜਾਣਕਾਰੀ ਨਹੀਂ ਹੈ।
ਉਹਨਾਂ ਆਖ਼ਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੂੰ ਵੀ ਕੇਂਦਰ ਦੀ ਐਨ.ਆਈ.ਏ. ਰਾਹੀਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਨ.ਆਈ.ਏ. ਦੇ ਨੋਟਿਸ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ ਜੋ ਜਾਂ ਤਾਂ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਲੜ ਰਹੇ ਹਨ, ਜਾਂ ਫ਼ਿਰ ਕਿਸਾਨਾਂ ਨੂੰ ਸਮਰਥਨ ਅਤੇ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਨੇ ਆਖ਼ਿਆ ਕਿ 26 ਜਨਵਰੀ ਦੀਆਂ ਤਿਆਰੀਆਂ ਲਈ 20 ਨੂੰ ਤਰਨ ਤਾਰਨ ਤੋਂ ਅਤੇ 22 ਨੂੰ ਦੁਆਬੇ ਤੋਂ ਜੱਥੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਆਖ਼ਿਆ ਕਿ ਅੰਦੋਲਨ ਪਹਿਲਾਂ ਵਾਂਗ ਹੀ ਸ਼ਾਂਤਮਈ ਰਹੇਗਾ।