ਯੈੱਸ ਪੰਜਾਬ
ਬਠਿੰਡਾ, 19 ਅਕਤੂਬਰ, 2024
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਐਲੂਮਨੀ ਸੈੱਲ ਵੱਲੋਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਥੀ ਹੇਠ ਆਪਣੇ ਪੁਰਾਣੇ ਵਿਦਿਆਰਥੀ ਡਾ. ਦੇਵੇਂਦਰ ਮੀਨਾ ਦਾ ਇੱਕ ਇੰਟ੍ਰੈਕਟਿਵ ਸੈਸ਼ਨ ਕਰਵਾਇਆ ਗਿਆ। ਇਸ ਸਮੇਂ ਡਾ. ਮੀਨਾ ਇੰਪੀਰੀਅਲ ਕਾਲਜ ਲੰਡਨ ਵਿੱਚ ਰਿਸਰਚ ਐਸੋਸੀਏਟ ਵਜੋਂ ਕੰਮ ਕਰ ਰਹੇ ਹਨ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋ. ਫੈਲਿਕਸ ਬਾਸਟ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਡਾ. ਮੀਨਾ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਹੋਣਹਾਰ ਪੁਰਾਣੇ ਵਿਦਿਆਰਥੀ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਾ. ਮੀਨਾ ਨੇ 2014 ਵਿੱਚ ਸੀਯੂ ਪੰਜਾਬ ਤੋਂ ਐਮ.ਫਿਲ., 2018 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਡੀ.ਫਿਲ. ਅਤੇ 2020 ਵਿੱਚ ਭਾਰਤੀ ਵਿਗਿਆਨ ਸੰਸਥਾਨ (ਆਈਆਈਐਸਸੀ) ਬੈੰਗਲੋਰ ਦੇ ਬ੍ਰੇਨ ਰਿਸਰਚ ਸੈਂਟਰ ਤੋਂ ਪੋਸਟਡਾਕਟੋਰਲ ਦੀ ਪੜ੍ਹਾਈ ਪੂਰੀ ਕੀਤੀ।
ਪ੍ਰੋਗਰਾਮ ਦੌਰਾਨ ਡਾ. ਮੀਨਾ ਨੇ ਆਪਣੇ ਜੀਵਨ ਦੇ ਤਜਰਬੇਆਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਸਫਲਤਾ ਵਿੱਚ ਸਖਤ ਮੇਹਨਤ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਨੇ ਮੁੱਖ ਭੂਮਿਕਾ ਨਿਭਾਈ।
ਉਨ੍ਹਾਂ ਦੱਸਿਆ ਕਿ ਰਾਜਸਥਾਨ ਦੇ ਇੱਕ ਛੋਟੇ ਸ਼ਹਿਰ ਤੋਂ ਆਉਂਦੇ ਹੋਏ, ਸੀਯੂ ਪੰਜਾਬ ਵਿੱਚ ਐਮ.ਫਿਲ. ਕਰਨ ਦਾ ਫੈਸਲਾ ਉਨ੍ਹਾਂ ਦੇ ਜੀਵਨ ਦਾ ਇੱਕ ਅਹਿਮ ਮੋੜ ਸਾਬਤ ਹੋਇਆ ਜਿੱਥੇ ਉਨ੍ਹਾਂ ਨੇ ਪ੍ਰੋ. ਫੈਲਿਕਸ ਬਾਸਟ ਅਤੇ ਪ੍ਰੋ. ਸੰਜੀਵ ਠਾਕੁਰ ਦੀ ਦੇਖ-ਰੇਖ ਹੇਠ ਜੇ.ਆਰ.ਐਫ. ਕਲੀਅਰ ਕੀਤਾ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਸਕਾਲਰਸ਼ਿਪ ਪ੍ਰਾਪਤ ਕੀਤੀ। ਡਾ. ਮੀਨਾ ਨੇ ਆਮ ਮਨੁੱਖੀ ਲੱਛਣਾਂ ਦੀ ਜਨੈਟਿਕਸ ਵਿਸ਼ੇ ਤੇ ਆਧਾਰਿਤ ਆਪਣਾ ਪੀਐਚ.ਡੀ. ਅਤੇ ਡੀ.ਫਿਲ. ਖੋਜ ਕਾਰਜ ਪੇਸ਼ ਕੀਤਾ ਅਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਡਾ. ਮੀਨਾ ਨੇ ਇੰਪੀਰੀਅਲ ਕਾਲਜ ਲੰਡਨ ਵਿੱਚ ਆਪਣੇ ਵਰਤਮਾਨ ਕੰਮ ਬਾਰੇ ਵੀ ਚਰਚਾ ਕੀਤੀ ਅਤੇ ਉੱਚ ਗੁਣਵੱਤਾ ਵਾਲੇ ਖੋਜ ਲਈ ਧੀਰਜ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੂਕੇ ਵਿੱਚ ਉੱਚ ਸਿੱਖਿਆ ਲਈ ਉਪਲਬਧ ਅੰਤਰਰਾਸ਼ਟਰੀ ਸਕਾਲਰਸ਼ਿਪਾਂ ਜਿਵੇਂ ਕਿ ਫੇਲਿਕਸ ਸਕਾਲਰਸ਼ਿਪ, ਰੋਡਸ ਸਕਾਲਰਸ਼ਿਪ, ਚੀਵਨਿੰਗ ਸਕਾਲਰਸ਼ਿਪ, ਰਾਸ਼ਟਰਪਤੀ ਪੀਐਚ.ਡੀ. ਸਕਾਲਰਸ਼ਿਪ, ਨਿਊ ਰਾਈਨ ਲੀਡਰਜ਼ ਐਕਡਮੀ ਸਕਾਲਰਸ਼ਿਪ ਅਤੇ ਨੈਸ਼ਨਲ ਓਵਰਸੀਜ਼ ਸਕਾਲਰਸ਼ਿਪ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅਖੀਰ ਵਿੱਚ ਡੀਨ ਵਿਦਿਆਰਥੀ ਪੜ੍ਹਾਈ ਪ੍ਰੋ. ਸੰਜੀਵ ਠਾਕੁਰ ਨੇ ਡਾ. ਮੀਨਾ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।