ਯੈੱਸ ਪੰਜਾਬ
ਚੰਡੀਗੜ੍ਹ, 10 ਨਵੰਬਰ, 2024
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੂਬੇ ਦੇ ਖੇਤੀਬਾੜੀ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਤੇ ਦੋਵਾਂ ’ਤੇ ਇਕ ਦੂਜੇ ਨਾਲ ਰਲ ਕੇ ਪੰਜਾਬ ਦੇ ਖੇਤੀਬਾੜੀ ਅਰਥਚਾਰੇ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਤੇ ਭਾਜਪਾ ਦੋਵੇਂ ਰਲ ਕੇ ਨਸ਼ਿਆਂ ਦੇ ਮਾਮਲੇ ’ਤੇ ਝੂਠਾ ਬਿਰਤਾਂਤ ਸਿਰਜ ਰਹੀਆਂ ਹਨ ਤਾਂ ਜੋ ਲੋਕਾਂ ਦਾ ਧਿਆਨ ਸੂਬੇ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਪਾਸੇ ਕੀਤਾ ਜਾ ਸਕੇ ਭਾਵੇਂ ਉਹ ਐਮ ਐਸ ਪੀ ’ਤੇ ਝੋਨੇ ਦੀ ਖਰੀਦ ਦਾ ਮਾਮਲਾ ਹੋਵੇ, ਝੋਨੇ ’ਤ 300 ਰੁਪਏ ਪ੍ਰਤੀ ਕੁਇੰਟਲ ਕਟੌਤੀ ਦਾ ਮਾਮਲਾ ਹੋਵੇ ਜਾਂ ਫਿਰ ਲਿਫਟਿੰਗ ਦੀ ਘਾਟ ਦਾ ਮਾਮਲਾ ਹੋਵੇ, ਵੱਖ-ਵੱਖ ਰਾਜਾਂ ਵੱਲੋਂ ਪੰਜਾਬ ਤੋਂ ਚੌਲਾਂ ਦੀ ਦਰਾਮਦ ਦਾ ਵਿਰੋਧ ਹੋਵੇ ਜਾਂ ਕਣਕ ਦੇ ਆਉਂਦੇ ਸੀਜ਼ਨ ਲਈ ਡੀ ਏ ਪੀ ਦੀ ਘਾਟ ਦਾ ਮਾਮਲਾ ਹੋਵੇ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਤੇ ਕੇਂਦਰ ਕਸਰਕਾਰਾਂ ਰਲ ਕੇ ਨਸ਼ਿਆਂ ਦਾ ਪੱਤਾ ਖੇਡ ਰਹੀਆਂ ਹਨ ਜਦੋਂ ਸੂਬ ਦਾ ਖੇਤੀਬਾੜੀ ਅਰਥਚਾਰਾ ਖ਼ਤਰੇ ਵਿਚ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦਾ ਪਸਾਰ ਇਕ ਵੱਡਾ ਸੰਕਟ ਹੈ ਤੇ ਸੂਬਾ ਤੇ ਕੇਂਦਰ ਦੋਵੇਂ ਸਰਕਾਰਾਂ ਅੰਦਰੂਨੀ ਸੁਰੱਖਿਆ ਦੇ ਨਾਲ-ਨਾਲ ਸਰਹੱਦੀ ਸੁਰੱਖਿਆ ਲਈ ਵੀ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਦੋਵੇਂ ਸਰਕਾਰਾਂ ਆਪੋ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੀਆਂ ਹਨ ਤੇ ਬਜਾਏ ਆਪਣੀ ਅਸਫਲਤਾ ਮੰਨਣ ਦੇ ਤੇ ਪੰਜਾਬੀਆਂ ਕੋਲੋਂ ਨਸ਼ਾ ਖ਼ਤਮ ਕਰਨ ਵਿਚ ਅਸਫਲ ਰਹਿਣ ਲਈ ਮੁਆਫੀ ਮੰਗਣ ਦੇ, ਉਹ ਖੇਤੀਬਾੜੀ ਸੰਕਟ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਸ ਮਸਲੇ ਨੂੰ ਉਛਾਲ ਰਹੀਆਂ ਹਨ।
ਡਾ. ਚੀਮਾ ਨੇ ਇਹ ਵੀ ਸਵਾਲ ਕੀਤਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਗੱਲ ਕਰਨ ਤੋਂ ਟਾਲਾ ਵੱਟ ਰਹੇ ਹਨ। ਉਹਨਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਥਾਂ ’ਤੇ ਉਹਨਾਂ ਨੂੰ ਧਮਕਾਉਣ ਲਈ ਭਾਜਪਾ ਦੀ ਵੀ ਨਿਖੇਧੀ ਕੀਤੀ।