ਅੱਜ-ਨਾਮਾ
ਆਪੇ ਕਿਸਾਨਾਂ ਨੂੰ ਕਿਹਾ ਸਰਕਾਰ ਪਹਿਲਾਂ,
ਚਾਹੋ ਦਿੱਲੀ ਵੱਲ ਆਉਣਾ ਤੇ ਆਉ ਬੇਲੀ।
ਟਰੈਕਟਰ ਦਿੱਲੀ ਦੇ ਵੰਨੀਂ ਨਾ ਜਾਣ ਦੇਣਾ,
ਬਾਕੀ ਜਿੱਦਾਂ ਕੋਈ ਜਾਣਾ ਈ ਜਾਉ ਬੇਲੀ।
ਚੱਲੇ ਜਦ ਪੈਦਲ ਕਿਸਾਨ ਤੇ ਪੁਲਸ ਲਾਈ,
ਪਕੜ ਲਉ ਡਾਂਗਾਂ ਤਾਂ ਮਾਰ ਭਜਾਉ ਬੇਲੀ।
ਕਿਹੀ ਜਿਹੀ ਨੀਤੀ ਕਿ ਆਪ ਸੰਕੇਤ ਦੇ ਕੇ,
ਫਸਾ ਕੇ ਪੁਲਸੀਆਂ ਕੋਲੋਂ ਕੁਟਵਾਉ ਬੇਲੀ।
ਚੜ੍ਹ ਗਿਆ ਸੱਤਾ ਦਾ ਨਸ਼ਾ ਈ ਹਾਕਮਾਂ ਨੂੰ,
ਹੋਈ ਆ ਨੀਤੀ`ਤੇ ਭਾਰੂ ਬਦ-ਨੀਤ ਬੇਲੀ।
ਗਿਣਤੀ-ਮਿਣਤੀ ਕੁਝ ਅੰਦਰੋਂ ਹੋਈ ਜਾਪੇ,
ਗੱਲਾਂ ਵਿੱਚ ਹੁੰਦਾ ਈ ਵਕਤ ਬਤੀਤ ਬੇਲੀ।
ਤੀਸ ਮਾਰ ਖਾਂ
7 ਦਸੰਬਰ, 2024
ਇਹ ਵੀ ਪੜ੍ਹੋ: ਕੇਂਦਰ ਵੱਲੋਂ ਸੰਕੇਤਾਂ ਦੀ ਬੜੀ ਉਲਝਣ, ਕੋਈ ਵੀ ਸਾਫ ਨਾ ਆਏ ਬਿਆਨ ਬੇਲੀ