- Advertisement -
ਅੱਜ-ਨਾਮਾ
ਆਈ ਖਬਰ ਕਿ ਹੋਣੀ ਹੈ ਫੇਰ ਮੀਟਿੰਗ,
ਕੇਂਦਰ ਵੱਲੋਂ ਫਿਰ ਸੱਦਿਆ ਜਾਊ ਬੇਲੀ।
ਅੰਦਰ-ਅੰਦਰ ਵਿਚਾਰ ਕੁਝ ਹੋਈ ਜਾਂਦੀ,
ਸਰਕਾਰ ਨਵੀਂ ਤਜਵੀਜ਼ ਲਿਆਊ ਬੇਲੀ।
ਏਧਰੋਂ ਟੀਮ ਕਿਸਾਨਾਂ ਦੀ ਪਹੁੰਚ ਦਿੱਲੀ,
ਆਪਣਾ ਖਾਤਾ ਫਿਰ ਖੋਲ੍ਹ ਸੁਣਾਊ ਬੇਲੀ।
ਆਸ ਕਈਆਂ ਨੂੰ ਡਾਢੀ ਕਿ ਐਤਕੀਂ ਤਾਂ,
ਸਰਕਾਰ ਮੁੱਦੇ ਨੂੰ ਆਪ ਨਿਪਟਾਊ ਬੇਲੀ।
ਮਗਰੋਂ ਲੱਗਾ ਈ ਪਤਾ ਕਿ ਅਜੇ ਤੀਕਰ,
ਚਿੱਠੀ ਦਿੱਲੀ ਤੋਂ ਕੋਈ ਨਾ ਆਈ ਬੇਲੀ।
ਫੋਕੀ ਆਸ ਦੀ ਝਾਕ ਕੁਝ ਲਾਈ ਜਾਂਦੀ,
ਜਾਵੇ ਕੇਂਦਰ ਸਰਕਾਰ ਟਰਕਾਈ ਬੇਲੀ।
-ਤੀਸ ਮਾਰ ਖਾਂ
ਨਵੰਬਰ 19, 2020
- Advertisement -