ਯੈੱਸ ਪੰਜਾਬ
ਨਵੀਂ ਦਿੱਲੀ, 9 ਅਪ੍ਰੈਲ, 2021 –
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਚੱਲ ਕੇ ਕੌਮੀ ਰਾਜਧਾਨੀ ਪੁੱਜੇ ਨਗਰ ਕੀਰਤਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨਾਲ ਰਲ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਸ੍ਰੀ ਸਿਰਸਾ ਵਿਕਾਸਪੁਰੀ ਪੁੱਜੇ ਜਿਥੇ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਮੌਜੂਦ ਸੀ। ਇਥੇ ਸ੍ਰੀ ਸਿਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੀ ਬਦੌਲਤ ਹੀ ਅੱਜ ਭਾਰਤ ਦਾ ਮੌਜੂਦਾ ਸਰੂਪ ਹੈ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸਮੁੱਚੀ ਮਾਨਵਤਾ ਦੀ ਰਾਖੀ ਕੀਤੀ ਤੇ ਹਿੰਦੋਸਤਾਨ ਗੁਰੂ ਸਾਹਿਬ ਦਾ ਦੇਣ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਕੀਤੀ ਬਖਸ਼ਿਸ਼ ਸਦਕਾ ਹੀ ਅੱਜ ਸਿੱਖ ਕੌਮ ਸਮੁੱਚੀ ਦੁਨੀਆਂ ਵਿਚ ਸੇਵਾ ਤੇ ਸ਼ਹਾਦਤਾਂ ਲਈ ਜਾਣੀ ਜਾਂਦੀ ਹੈ।