ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 4, 2024
ਅਮਰੀਕਾ ਦੇ ਓਹੀਓ ਰਾਜ ਦੇ ਸ਼ਹਿਰ ਸਿਨਸਿਨਾਟੀ ਦੇ 2 ਸ਼ਮਸ਼ਾਨਘਾਟਾਂ ਵਿਚ 180 ਦੇ ਕਰੀਬ ਯਹੂਦੀ ਕਬਰਾਂ ਦੀ ਭੰਨਤੋੜ ਕੀਤੀ ਗਈ ਹੈ। ਕਬਰਾਂ ਉਪਰ ਲੱਗੇ ਪੱਥਰਾਂ ਨੂੰ ਤੋੜ ਦਿੱਤਾ ਗਿਆ ਹੈ।
ਇਹ ਜਾਣਕਾਰੀ ਜੈਵਿਸ਼ ਸੀਮਿਟਰੀਜ ਗਰੇਟ ਸਿਨਸਿਨਾਟੀ ਤੇ ਜੈਵਿਸ਼ ਫੈਡਰੇਸ਼ਨ ਸਿਨਸਿਨਾਟੀ ਨੇ ਦਿੱਤੀ ਹੈ। ਜਿਨਾਂ ਕਬਰਾਂ ਦੇ ਪੱਥਰ ਤੋੜੇ ਗਏ ਹਨ ਉਨਾਂ ਵਿਚੋਂ ਕੁਝ ਕਬਰਾਂ 18ਵੀਂ ਸਦੀ ਦੇ ਆਖਰ ਦੀਆਂ ਹਨ।
ਯਹੂਦੀ ਸੰਸਥਾਵਾਂ ਵੱਲੋਂ ਜਾਰੀ ਬਿਆਨ ਅਨੁਸਾਰ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਕਬਰਾਂ ਦਾ ਅਪਮਾਨ 25 ਜੂਨ ਤੋਂ 1 ਜੁਲਾਈ ਦੇ ਵਿਚਾਲੇ ਹੋਇਆ ਹੈ ਪਰੰਤੂ ਇਸ ਦਾ ਪਤਾ ਸੋਮਵਾਰ ਦੀ ਸਵੇਰ ਨੂੰ ਲੱਗਾ।
ਬਿਆਨ ਅਨੁਸਾਰ ਮਾਮਲੇ ਦੀ ਐਫ ਬੀ ਆਈ, ਸਿਨਸਿਨਾਟੀ ਪੁਲਿਸ ਤੇ ਗਰੀਨ ਟਾਊਨਸ਼ਿੱਪ ਹਮਿਲਟਨ ਕਾਊਂਟੀ ਕਰ ਰਹੇ ਹਨ।
ਜੈਵਿਸ਼ ਫੈਡਰੇਸ਼ਨ ਸਿਨਸਿਨਾਟੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ”ਉਹ ਇਸ ਨਫਰਤ ਭਰੀ ਕਾਰਵਾਈ ਤੇ ਅਪਮਾਨ ਦੀ ਨਿੰਦਾ ਕਰਦੇ ਹਨ। ਅਸੀਂ ਇਸ ਬੇਹੂਦਾ ਕਾਰਵਾਈ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹਾਂ।
ਸਿਨਸਿਨਾਟੀ ਵਿਚਲਾ ਯਹੂਦੀ ਭਾਈਚਾਰਾ ਬਹੁਤ ਉਦਾਰ ਪਹੁੰਚ ਰਖਦਾ ਹੈ ਤੇ ਉਹ ਕਬਰਾਂ ਦੀ ਮੁਰੰਮਤ ਕਰਨ ਤੇ ਉਨਾਂ ਦੀ ਪਵਿੱਤਰਤਾ ਬਹਾਲ ਕਰਨ ਪ੍ਰਤੀ ਦ੍ਰਿੜ ਸੰਕਲਪ ਹੈ।
” ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿਚ ਹਮਾਸ ਤੇ ਇਸਰਾਈਲ ਵਿਚਾਲੇ ਛਿੜੀ ਜੰਗ ਤੋਂ ਬਾਅਦ ਅਮਰੀਕਾ ਵਿਚ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ।