ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 20, 2024:
ਅਮਰੀਕਾ ਦੇ ਸ਼ਹਿਰ ਨਿਊ ਓਰਲੀਨਸ ਵਿਚ ਹੋਈ ਗੋਲੀਬਾਰੀ ਵਿਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 11 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਨਿਊ ਓਰਲੀਨਸ ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਪ੍ਰਸਿੱਧ ”ਸੈਕੰਡ-ਲਾਈਨ ਪਰੇਡ” ਦੌਰਾਨ ਹੋਈ।
ਪੁਲਿਸ ਸੁਪਰਡੈਂਟ ਬੀਬੀ ਐਨੇ ਕਿਰਕਪੈਟਰਿਕ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ 45 ਮਿੰਟਾਂ ਦੇ ਫਰਕ ਨਾਲ ਦੋ ਥਾਵਾਂ ‘ਤੇ ਹੋਈ ਹੈ। ਉਨਾਂ ਕਿਹਾ ਕਿ ਮਾਮਲਾ ਹੱਲ ਕਰਨ ਲਈ ਪੁਲਿਸ ਬਹੁਤ ਫੁਰਤੀ ਨਾਲ ਕੰਮ ਕਰ ਰਹੀ ਹੈ ।
ਘਟਨਾ ਸਬੰਧੀ ਸੁਰਾਗ ਮਿਲੇ ਹਨ ਤੇ ਸ਼ੱਕੀ ਦੋਸ਼ੀਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਕਿਰਕਪੈਟਰਿਕ ਨੇ ਹੋਰ ਕਿਹਾ ਹੈ ਕਿ ਘਟਨਾ ਸਥਾਨ ‘ਤੇ ਵਾਧੂ ਪੁਲਿਸ ਫੋਰਸ ਤਾਇਨਾਤ ਹੋਣ ਦੇ ਬਾਵਜੂਦ ਹਮਲਾਵਰ ਆਪਣੇ ਇਰਾਦੇ ਵਿਚ ਕਾਮਯਾਬ ਹੋ ਗਏ ਤੇ ਉਹ ਭੀੜ ਉਪਰ ਗੋਲੀਆਂ ਚਲਾਉਣ ਉਪਰੰਤ ਮੌਕੇ ਤੋਂ ਫਰਾਰ ਹੋ ਗਏ।
ਉਨਾਂ ਕਿਹਾ ਕਿ ਬਾਅਦ ਦੁਪਹਿਰ 3.40 ਵਜੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਦੋ ਹਥਿਆਰ ਵਰਤੇ ਗਏ ਹਨ ਜਿਨਾਂ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ।
ਕਿਰਕਪੈਟਰਿਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਸਬੰਧੀ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।
ਉਨਾਂ ਕਿਹਾ ਕਿ ਪਹਿਲੀ ਘਟਨਾ ਤੋਂ ਤਕਰੀਬਨ 45 ਮਿੰਟ ਬਾਅਦ ਇਕ ਪੁਲ ਉਪਰ ਗੋਲੀਬਾਰੀ ਹੋਣ ਦੀ ਦੂਸਰੀ ਘਟਨਾ ਵਾਪਰੀ ਜਿਸ ਵਿਚ 3 ਲੋਕਾਂ ਦੇ ਗੋਲੀਆਂ ਵੱਜੀਆਂ ਹਨ ਜਿਨਾਂ ਵਿਚੋਂ 2 ਜਣੇ ਦਮ ਤੋੜ ਗਏ ਹਨ ਜਦ ਕਿ ਤੀਸਰੇ ਦੀ ਹਾਲਤ ਗੰਭੀਰ ਹੈ।
ਪੁਲਿਸ ਨੇ ਕਿਹਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਦੋਨਾਂ ਘਟਨਾਵਾਂ ਦਾ ਆਪਸ ਵਿਚ ਕੋਈ ਸਬੰਧ ਹੈ ਜਾਂ ਨਹੀਂ।
ਲੋਇਸਿਆਨਾ ਦੇ ਗਵਰਨਰ ਜੈਫ ਲਾਂਡਰੀ ਨੇ ਸੋਸ਼ਲ ਮੀਡੀਆ ਉਪਰ ਪਾਏ ਸ਼ੋਕ ਸੰਦੇਸ਼ ਵਿੱਚ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ ਹਿੰਸਾ ਹਰ ਹਾਲਤ ਵਿਚ ਖਤਮ ਹੋਣੀ ਚਾਹੀਦੀ ਹੈ।
ਅਟਰਾਨੀ ਜਨਰਲ ਲਿਜ਼ ਮੂਰਿਲ ਨੇ ਕਿਹਾ ਹੈ ਕਿ ਇਸ ਕਿਸਮ ਦੀ ਹਿੰਸਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਆਸ ਪ੍ਰਗਟਾਈ ਹੈ ਕਿ ਦੋਸ਼ੀ ਛੇਤੀ ਕਟਹਿਰੇ ਵਿਚ ਖੜੇ ਕੀਤੇ ਜਾਣਗੇ।