ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਜੁਲਾਈ 7, 2024:
ਅਮਰੀਕਾ ਦੇ ਉੱਤਰੀ ਡਕੋਟਾ ਖੇਤਰ ਵਿਚ ਬੀਤ ਦਿਨ ਤੜਕਸਾਰ ਇਕ ਰੇਲ ਹਾਦਸਾ ਵਾਪਰਨ ਦੀ ਖਬਰ ਹੈ ਜਿਸ ਵਿਚ ਖਤਰਨਾਕ ਜਲਣਸ਼ੀਲ ਤਰਲ ਪਦਾਰਥ ਲੈ ਕੇ ਜਾ ਰਹੀ ਇਕ ਮਾਲ ਗੱਡੀ ਪੱਟੜੀ ਤੋਂ ਉੱਤਰ ਗਈ ਤੇ ਉਸ ਦੀਆਂ ਕਈ ਬੋਗੀਆਂ ਨੂੰ ਅੱਗ ਲੱਗ ਗਈ।
ਫੋਸਟਰ ਕਾਊਂਟੀ ਐਮਰਜੈਂਸੀ ਮੈਨਜਮੈਂਟ ਡਾਇਰੈਕਟਰ ਐਂਡਰੀਊ ਕਿਰਕਿੰਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਲ ਗੱਡੀ ਫਾਰਗੋ ਦੇ ਉੱਤਰ ਪੱਛਮ ਵਿਚ ਤਕਰੀਬਨ 140 ਮੀਲ ਦੂਰ ਇਕ ਛੋਟੇ ਜਿਹੇ ਕਸਬੇ ਬੋਰਡੂਲੇਸ ਵਿਖੇ ਪੱਟੜੀ ਤੋਂ ਉੱਤਰੀ ਹੈ।
ਉਨਾਂ ਕਿਹਾ ਕਿ ਇਹ ਘਟਨਾ ਸਵੇਰੇ 3.30 ਵਜੇ ਤੋਂ ਸਵੇਰੇ 4 ਵਜੇ ਦਰਮਿਆਨ ਵਾਪਰੀ ਹੈ।
ਉਨਾਂ ਕਿਹਾ ਕਿ 25 ਤੋਂ 30 ਤੱਕ ਬੋਗੀਆਂ (ਟੈਂਕਰ) ਜਿਨਾਂ ਵਿਚ ਖਤਰਨਾਕ ਤਰਲ ਪਦਾਰਥ ਭਰਿਆ ਹੋਇਆ ਸੀ, ਪੱਟੜੀ ਤੋਂ ਉਤਰੀਆਂ ਹਨ ਜਿਨਾਂ ਨੂੰ ਅੱਗ ਲੱਗਣ ਕਾਰਨ ਨਾਲ ਲੱਗਦੇ ਖੇਤਰ ਵਿਚ ਹਵਾ ਦੀ ਗੁਣਵੱਤਾ ਉਪਰ ਅਸਰ ਪੈਣ ਦੀ ਸੰਭਾਵਨਾ ਹੈ ਜਿਸ ਉਪਰ ਨਜਰ ਰਖੀ ਜਾ ਰਹੀ ਹੈ।
ਉੱਤਰੀ ਡਕੋਟਾ ਦੇ ਵਾਤਾਵਰਣ ਗੁਣਵੱਤਾ ਵਿਭਾਗ ਅਨੁਸਾਰ ਗੱਡੀ ਦੀਆਂ ਬੋਗੀਆਂ ਉਪਰ ਐਨਹਾਈਡਰੋਸ ਅਮੋਨੀਆ, ਸਲਫਰ ਤੇ ਮੈਥਾਨੋਲ ਲੱਦੀ ਹੋਈ ਸੀ।
ਕਿਰਕਿੰਗ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਹਾਲਾਤ ਆਮ ਵਾਂਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।