ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, ਜੁਲਾਈ 15, 2024:
ਅਮਰੀਕਾ ਵਿਚ ਬੰਦੂਕ ਸਭਿਆਚਾਰ ਨੇ ਸਮਾਜਿਕ ਤਾਣੇਬਾਣੇ ਉਪਰ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਆਏ ਦਿਨ ਗੋਲੀਬਾਰੀ ਹੋਣ ਤੇ ਲੋਕਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀਆਂ ਘਟਨਾਵਾਂ ਤੋਂ ਆਮ ਵਿਅਕਤੀ ਦੁੱਖੀ ਹੈ ਪਰ ਉਸ ਕੋਲ ਇਸ ਮਸਲੇ ਦਾ ਹੱਲ ਨਹੀਂ ਹੈ।
”ਗੰਨ ਵਾਇਓਲੈਂਸ ਆਰਕੀਵ” ਦੇ ਅੰਕੜਿਆਂ ਅਨੁਸਾਰ 2024 ਵਿਚ ਹੁਣ ਤੱਕ ਅਮਰੀਕਾ ਵਿਚ ਸਮੂਹਿਕ ਗੋਲੀਬਾਰੀ ਦੀਆਂ 293 ਘਟਨਾਵਾਂ ਹੋ ਚੁੱਕੀਆਂ ਹਨ।
ਅਲਾਬਾਮਾ ਵਿੱਚ ਗੋਲੀਬਾਰੀ—
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਪਰ ਹੋਏ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਰਾਤ 11 ਵਜੇ ਦੇ ਕਰੀਬ ਅਲਾਬਾਮਾ ਰਾਜ ਵਿਚ ਬਰਮਿੰਘਮ ਵਿਖੇ ਇਕ ਨਾਈਟ ਕਲੱਬ ਵਿਚ ਹੋਈ ਅੰਧਾਧੁੰਦ ਗੋਲੀਬਾਰੀ ਵਿਚ ਘੱਟੋ ਘੱਟ 4 ਲੋਕਾਂ ਦੇ ਮਾਰੇ ਜਾਣ ਤੇ 9 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਜਾਂਚਕਾਰਾਂ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਵਿਚ ਇਕ ਵਿਅਕਤੀ ਸ਼ਾਮਿਲ ਹੈ ਜਿਸ ਨੇ 27 ਵੀਂ ਸਟਰੀਟ ਨਾਰਥ ‘ਤੇ ਸਥਿੱਤ ਨਾਈਟ ਕਲੱਬ ਵਿਚ ਬਾਹਰੋਂ ਸੜਕ ਤੋਂ ਗੋਲੀਬਾਰੀ ਕੀਤੀ।
ਬਰਮਿੰਘਮ ਪੁਲਿਸ ਅਫਸਰ ਟਰਮੈਨ ਫਿਟਜ਼ਗੇਰਾਲਡ ਨੇ ਇਕ ਵੀਡੀਓ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਨਾਂ ਨੂੰ ਬਹੁਤ ਸਾਰੇ ਲੋਕ ਜ਼ਖਮੀ ਹਾਲਤ ਵਿਚ ਮਿਲੇ।
ਪੁਲਿਸ ਅਨੁਸਾਰ 2 ਔਰਤਾਂ ਨਾਈਟ ਕਲੱਬ ਦੇ ਅੰਦਰ ਤੇ ਇਕ ਵਿਅਕਤੀ ਘਟਨਾ ਸਥਾਨ ਦੇ ਨਾਲ ਬਾਹਰਵਾਰ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਇਕ ਹੋਰ ਵਿਅਕਤੀ ਹਸਪਤਾਲ ਜਾ ਕੇ ਦਮ ਤੋੜ ਗਿਆ।
ਪੁਲਿਸ ਅਨੁਸਾਰ ਗੋਲੀਬਾਰੀ ਵਿਚ ਜ਼ਖਮੀ ਹੋਏ 9 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਘਟਨਾ ਸਬੰਧੀ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤੇ ਨਾ ਹੀ ਕਿਸੇ ਸ਼ੱਕੀ ਦੋਸ਼ੀ ਦੀ ਪਛਾਣ ਹੋਈ ਹੈ।
ਫਿਟਜ਼ਗੇਰਾਲਡ ਨੇ ਕਿਹਾ ਹੈ ਕਿ ਜਾਂਚਕਾਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਗੋਲੀ ਚੱਲਣ ਪਿੱਛੇ ਕਾਰਨ ਕੀ ਸੀ? ਉਨਾਂ ਕਿਹਾ ਕਿ ਇਸ ਸਬੰਧੀ ਮੌਕੇ ਦੇ ਗਵਾਹਾਂ ਤੇ ਆਸ ਪਾਸ ਦੇ ਲੋਕਾਂ ਕੋਲੋਂ ਮਦਦ ਲਈ ਜਾ ਰਹੀ ਹੈ ਤੇ ਸੰਘੀ ਅਧਿਕਾਰੀ ਮੌਕੇ ਉਪਰ ਤਾਇਨਾਤ ਹਨ ਜੋ ਜਾਂਚ ਵਿਚ ਬਰਮਿੰਘਮ ਪੁਲਿਸ ਅਫਸਰਾਂ ਦੀ ਮਦਦ ਕਰ ਰਹੇ ਹਨ।