Friday, March 29, 2024

ਵਾਹਿਗੁਰੂ

spot_img
spot_img

ਅਨਮੋਲ ਰਤਨ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ – ਭੋਗ ’ਤੇ ਵਿਸ਼ੇਸ਼: ਰੂਪ ਸਿੰਘ

- Advertisement -

ਕਰੋਨਾ ਮਹਾਂਮਾਰੀ ਦੀ ਅੰਤਰਰਾਸ਼ਟਰੀ ਆਫਤ ਨੇ ਰਾਗ-ਰਤਨ ਦੇ ਅਨਮੋਲ ਹੀਰੇ ਪਦਮ-ਸ੍ਰੀ ਭਾਈ ਨਿਰਮਲ ਸਿੰਘ ਨੂੰ ਵੀ ਨਿਗਲ ਲਿਆ ਹੈ। ਆਫ਼ਤ ਦੇ ਦੌਰ ਵਿਚ ਕੁਦਰਤ ਦਾ ਕਹਿਰ ਦੇਖੋ ਕਿ ਦੇਸ਼-ਵਿਦੇਸ਼ ਵਿਚ ਲੱਖਾਂ ਚਾਹੁੰਣ ਵਾਲਿਆਂ ਦੇ ਬਾਵਜ਼ੂਦ ਖੂਨ ਦੇ ਰਿਸ਼ਤੇ, ਪਰਿਵਾਰਕ ਰਿਸ਼ਤੇਦਾਰ, ਸੱਜਣ-ਸਨੇਹੀ ਵੀ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋ ਸਕੇ ਇਸ ਬਦਨਸੀਬੀ ਦੀ ਮੌਤ ਸਮੇਂ। ਮੌਜੂਦਾ ਵਰਤਾਰੇ ਅਨੁਸਾਰ ਸਾਡੇ ਸਭ ਦੇ ਪਰਿਵਾਰ ਵਿਸ਼ਵ-ਪਦਰੀ ਪਰਿਵਾਰ ਵਿਚ ਬਿਖਰੇ ਹੋਏ ਹਨ।

ਭਾਈ ਸਾਹਿਬ ਭਾਈ ਨਿਰਮਲ ਸਿੰਘ ਦਾ ਪਰਿਵਾਰ ਵੀ ਇਸ ਸਮੇਂ ਦੋ ਬੱਚੇ, ਦੋ ਬੱਚੀਆਂ ਅਮਰੀਕਾ ਵਿਚ ਰਹਿ ਰਹੇ ਹਨ। ਬੱਚਿਆਂ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਧਰਮ ਪਤਨੀ ਉਨ੍ਹਾਂ ਕੋਲ ਗਈ ਹੋਈ ਹੈ। ਭਰਾ ਭਤੀਜੇ ਇੰਗਲੈਂਡ ਵਿਚ ਹਨ। ਕੁਝ ਰਿਸ਼ਤੇਦਾਰ ਨਿਊਂਜੀਲੈਂਡ ਅਤੇ ਅਸਟਰੇਲੀਆ ਵਿਚ ਹਨ।

ਪਰ ਬੇਵਕਤ ਬਦਨਸੀਬੀ ਦੇ ਮੌਤ ਨੇ ਇਥੇ ਰਹਿ ਰਹੇ ਬੱਚੇ-ਬੱਚੀ, ਮਾਂ-ਪਿਓ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅੰਤਿਮ ਰਸਮਾਂ ਵਿਚ ਵੀ ਸ਼ਾਮਲ ਹੋਣ ਦਾ ਮੌਕਾ ਨਹੀਂ ਦਿਤਾ। ਕਾਰਣ ਭਾਈ ਸਾਹਿਬ ਦੀ ਕਰੋਨਾ ਵਾਇਰਸ ਕਰਕੇ ਮੌਤ, ਜਿਸ ਕਰਕੇ ਉਨ੍ਹਾਂ ਦੇ ਸਾਰੇ ਨਜ਼ਦੀਕੀ ਰਿਸ਼ਤੇਦਾਰ, ਸੱਜਣ-ਸਨੇਹੀਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੇ ਹਸਪਤਾਲਾਂ ਵਿਚ ਦਾਖਲ ਕਰ ਲਿਆ ਹੈ। ਭਾਈ ਸਾਹਿਬ ਦੇ ਸਮੁੱਚੇ ਜੀਵਨ ’ਤੇ ਜੇਕਰ ਝਾਤ ਮਾਰੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਗਰੀਬੀ ਗੁਰਬਤ ਅਤੇ ਬੇਕਾਰੀ ’ਚੋਂ ਪੈਦਾ ਹੋਇਆ ਅਨਮੋਲ ਹੀਰਾ ਸੀ।

ਗੁਰਮਤਿ ਸੰਗੀਤ ਦੇ ਅਨਮੋਲ ਰਤਨ ਤੇ ਲੇਖਕ ਭਾਈ ਨਿਰਮਲ ਸਿੰਘ ਖ਼ਾਲਸਾ, ਗੁਰਮਤਿ ਸੰਗੀਤ ਨੂੰ ਰੋਮ-ਰੋਮ ਤੋਂ ਸਮਰਪਿਤ, ਰਤਨਾਂ ਦੇ ਪਾਰਖੂ, ਕਦਰਦਾਨ, ਵਿਸ਼ਵ ਪ੍ਰਸਿੱਧ ਕੀਰਤਨੀਏ, ਉੱਚ ਕੋਟੀ ਦੇ ਲੇਖਕ, ਬੁਲਾਰੇ ਤੇ ਵਾਰਤਾਕਾਰ ਸਨ। ਗੁਰਮਤਿ ਸੰਗੀਤ ਉਨ੍ਹਾਂ ਨੂੰ ਵਿਰਸੇ ’ਚੋਂ ਪ੍ਰਾਪਤ ਨਹੀਂ ਹੋਇਆ ਸੀ। ਪੰਜਾਬ ਦੇ ਜ਼ਰਖੇਜ ਦਿਹਾਤੀ ਖੇਤਰ ਮਾਲਵੇ ਦੇ ਜੰਮਪਲ, ਦੁਆਬੇ ਦੀ ਧਰਤੀ ’ਤੇ ਗਰੀਬੀ-ਗੁਰਬਤ ਤੇ ਸਮਾਜਿਕ ਨਾ ਬਰਾਬਰੀ ਨਾਲ ਨਿਰੰਤਰ ਸੰਘਰਸ਼ ਕਰ, ਮਾਝੇ ਦੀ ਧਰਤੀ ’ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੇ ਸੁਰ-ਤਾਲ ਦੀਆਂ ਬਰੀਕੀਆਂ ਦੀ ਸੂਖਮ ਸੂਝ ਪ੍ਰਾਪਤ ਕਰ, ਗੁਰਬਾਣੀ ਗੁਰਮਤਿ ਵਿਚਾਰਧਾਰਾ ਤੇ ਸਿੱਖ ਪਰੰਪਰਾਵਾਂ ’ਚ ਜੁਆਨ ਹੋ, ਗੁਰਮਤਿ ਸੰਗੀਤ ਦੇ ਧ੍ਰੂ-ਤਾਰੇ ਵਾਂਗ ਚਮਕੇ ਤੇ ਪ੍ਰਵਾਨ ਚੜ੍ਹੇ, ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਸਨ।

ਵਿਸ਼ਵ-ਵਿਆਪੀ ਗੁਰਬਾਣੀ ਦੇ ਕਦਰਦਾਨਾਂ, ਸੰਗੀਤ ਪੇ੍ਰਮੀਆਂ ਵਾਸਤੇ ਉਨ੍ਹਾਂ ਦੀ ਅਵਾਜ਼ ਖੇਤਰੀ ਸੀਮਾਵਾਂ ਤੋਂ ਸੁਤੰਤਰ ਹੋ ਬ੍ਰਹਿਮੰਡੀ ਪਹਿਚਾਣ ਬਣ ਚੁੱਕੀ ਸੀ। ਗੁਰਬਾਣੀ ਅਧਾਰਿਤ ਗੁਰਮਤਿ ਸੰਗੀਤ ਦੀ ਕਰਾਮਾਤ ਸਦਕਾ ਵਿਸ਼ਵ ਦੇ ਪ੍ਰਸਿੱਧ 55 ਦੇਸ਼ਾਂ ਦਾ ਕਈ ਵਾਰ ਭਰਮਣ ਕਰ ਚੁੱਕੇ ਭਾਈ ਨਿਰਮਲ ਸਿੰਘ ਦੀ ਗਿਆਨ ਪ੍ਰਾਪਤੀ ਦੀ ਅਮੁੱਕ ਜਿਗਿਆਸਾ, ਸੋਚ, ਸ਼ਕਤੀ, ਸਮਰੱਥਾ ਸਦਕਾ, ਦ੍ਰਿਸ਼ਟੀ ਬਹੁਦਿਸ਼ਾਵੀ, ਵਿਸ਼ਾਲ ਤੇ ਵਿਕਸਿਤ ਹੋ ਚੁੱਕੀ ਸੀ।

ਮਾਲਵੇ ਦੇ ਪਛੜੇ-ਸਰਹੱਦੀ ਇਲਾਕੇ, ਵਣਾਂ, ਜੰਡਾਂ, ਕਰੀਰਾਂ, ਅੱਕਾਂ ਦੀ ਧਰਤੀ ਜੰਡਵਾਲਾ ਭੀਮੇਸ਼ਾਹ ’ਚ ਗਿਆਨੀ ਚੰਨਣ ਸਿੰਘ ਤੇ ਮਾਤਾ ਗੁਰਦੇਵ ਕੌਰ ਦੇ ਘਰ 12 ਅਪ੍ਰੈਲ, 1952 ਈ: ਨੂੰ ਪੈਦਾ ਹੋਏ ਭਾਈ ਨਿਰਮਲ ਸਿੰਘ ਪਰਿਵਾਰ ਦੇ ਪਲੇਠੇ ਪੁੱਤਰ ਸਨ।

ਜੰਡਵਾਲਾ ਭੀਮੇਸ਼ਾਹ ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰ, 1968 ਈ: ਪਿੰਡ ਮੰਡਾਲਾ ਜਿਲ੍ਹਾ ਜਲੰਧਰ ਦੇ ਮੰਡ ਖੇਤਰ ’ਚ ਜ਼ਮੀਨ ਅਲਾਟ ਹੋਣ ਕਾਰਣ, ਦਰਿਆ ਸਤਲੁਜ ਨਾਲ ਕਲੋਲਾਂ ਕਰਦਿਆਂ, ਇਨ੍ਹਾਂ ਨੇ ਜੁਆਨੀ ’ਚ ਪ੍ਰਵੇਸ਼ ਕੀਤਾ। ਅੱਠ ਪੜ੍ਹਿਆ ਇਹ ਨੌਜੁਆਨ ਖੇਤੀ ਕਾਰਜ਼ਾਂ ’ਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦਾ, ਮੰਡਾਲੇ ਦੇ ਮੰਡ ਖੇਤਰ ’ਚ ਚਰਾਂਦਾ ’ਚ ਡੰਗਰ ਚਾਰਦਾ, ਸਿਰ ਪੈਰ ਤੋਂ ਨੰਗਾ ਇਹ ਵਾਗੀ ਮੁੰੰਡਾ, ਕਾਦਰ ਦੇ ਕਰਤੇ ਵੱਲੋਂ ਬਖਸ਼ਿਸ਼ ਸੁਰੀਲੀ ਆਵਾਜ਼ ’ਚ ਲੋਕ ਗੀਤ ਗੁਣ ਗੁਣਾਂਦਾ ਰਹਿੰਦਾ। ਕਈ ਵਾਰ ਸੱਥਾਂ ’ਚ ਬੋਹੜਾਂ ਹੇਠ ਬਜ਼ੁਰਗ-ਨੌਜਵਾਨ ਇਨ੍ਹਾਂ ਪਾਸੋਂ ਹੀਰ, ਮਿਰਜਾ, ਸੱਸੀ ਆਦਿ ਸੁਣਕੇ ਵਾਹ-ਵਾਹ ਕਰ ਉੱਠਦੇ।

ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦਾਖਲਾ ਲੈਣਾ ਵੀ ਅਜੀਬ ਵਰਤਾਰੇ ਨਾਲੋਂ ਘੱਟ ਨਹੀਂ ਸੀ। ਕਿਸੇ ਨੇਕ ਪੁਰਸ਼ ਨੇ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਤੇਰੇ ਪਾਸ ਮਿੱਠੀ ਤਰਾਸ਼ੀ ਹੋਈ ਅਵਾਜ਼ ਹੈ ਜੇਕਰ ਤੂੰ ਸੁਰਤਾਲ ਦਾ ਗਿਆਨ ਰਾਗ ਵਿਦਿਆ ਦੇ ਮਾਹਰਾਂ ਪਾਸੋਂ ਪ੍ਰਾਪਤ ਕਰ ਲਵੇ ਤਾਂ ਇਹ ਸੋਨੇ ’ਤੇ ਸੁਹਾਗਾ ਹੋਵੇਗਾ। ਇਨ੍ਹਾਂ ਦੇ ਮਨ ਵਿੱਚ ਗਾਉਣ ਦੀ ਤਾਂ ਪਹਿਲਾਂ ਹੀ ਹੁਭ ਸੀ ਪਰ ਇਨ੍ਹਾਂ ਦੇ ਪਿਤਾ ਖੇਤੀ ਦੇ ਕੰੰਮ, ਨਾਲੋਂ ਇਸ ਨੂੰ ਨਖਿੱਦ ਕੰਮ ਸਮਝਦੇ ਸਨ।

ਖ਼ੈਰ! ਇਨ੍ਹਾਂ ਨੇ ਕਿਸੇ ਦੇ ਰਾਹੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦਾਖਲ ਹੋਣ ਲਈ ਦਰਖਾਸਤ ਭੇਜ ਦਿੱਤੀ। ਇਨ੍ਹਾਂ ਨੂੰ ਸੱਦਾ ਵੀ ਪ੍ਰਾਪਤ ਹੋ ਗਿਆ ਪਰ ਕੁਝ ਦਿਨ ਸ਼ਰੀਕਾਂ ਨੇ ਦੱਬੀ ਰੱਖਿਆ। ਗੁਰਮਤਿ ਸੰਗੀਤ ਦੀ ਸੂਝ-ਸਮਝ ਪ੍ਰਾਪਤ ਕਰਨ ’ਚ ਇਨ੍ਹਾਂ ਦੀ ਸਤਿਕਾਰਤ ਮਾਤਾ ਨੇ ਵਿਸ਼ੇਸ਼ ਰੁਚੀ ਦਿਖਾਈ। ਉਨ੍ਹਾਂ ਨੇ ਆਪਣੀ ਸੋਨੇ ਦੀ ਛਾਪ ਭਾਈ ਨਿਰਮਲ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਦੂਸਰੇ ਪਿੰਡ ਵੇਚ ਕੇ ਦਾਖਲਾ ਲੈਣ ਵਾਸਤੇ ਕੱਪੜਿਆਂ, ਆਉਣ ਜਾਣ ਆਦਿ ਦਾ ਖਰਚਾ ਕਰ ਲੈ ਪਰ ਪਿਤਾ ਤੋਂ ਚੋਰੀ। ਤੇਜਾ ਸਿੰਘ ਸਮੁੰਦਰੀ ਹਾਲ ’ਚ ਦਾਖਲੇ ਵਾਸਤੇ ਪ੍ਰੀਖਿਆ ਲਈ ਜਾ ਰਹੀ ਸੀ।

ਇਹ ਵੀ ਫ਼ਾਂਟਾਂ ਵਾਲਾ ਪਜ਼ਾਮਾ ਪਾਈ, ਸਿਰ ’ਤੇ ਸਾਫ਼ਾ ਬੰਨ ਕੇ ਹਾਜ਼ਰ ਹੋ ਗਏ। ਪ੍ਰੀਖਿਆ ਲੈਣ ਵਾਲਿਆਂ ਵਿਚ ਸਨ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਗੁਰਬਖ਼ਸ਼ ਸਿੰਘ ਮੈਂਬਰ, ਧਰਮ ਪ੍ਰਚਾਰ ਕਮੇਟੀ, ਪ੍ਰਿੰ. ਹਰਿਭਜਨ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੇ ਪ੍ਰੋ. ਅਵਤਾਰ ਸਿੰਘ ਨਾਜ਼ ਸੰਗੀਤ ਉਸਤਾਦ।

ਇਨ੍ਹਾਂ ਨੂੰ ਪੁੱਛਿਆ ਗਿਆ ਕੋਈ ਸ਼ਬਦ ਆਉਂਦਾ ਹੈ, ਇਨ੍ਹਾਂ ਨੇ ਹਾਂ ਕਰ ਦਿੱਤੀ। ਹਾਲਾ ਕਿ ਉਸ ਸਮੇਂ ਇਨ੍ਹਾਂ ਨੂੰ ਸ਼ਬਦ ਤੇ ਗੀਤ ਦੇ ਅੰਤਰ ਦਾ ਅਨੁਭਵ ਨਹੀਂ ਸੀ। ਇਨ੍ਹਾਂ ਨੇ ਨਰਿੰਦਰ ਬੀਬਾ ਦਾ ਧਾਰਮਿਕ ਗੀਤ ਗਾਕੇ ਸੁਣਾਇਆਂ :-

ਕਲਗੀਧਰ ਪੰਥ ਪਿਆਰੇ ਦਾ, ਇਕ ਹੁਕਮ ਵਜਾ ਕੇ ਤੁਰ ਚਲਿਆ,
ਚਮਕੌਰ ਗੜੀ ਦੀਆਂ ਕੰਧਾਂ ਨੂੰ ਸੋਚਾਂ ’ਚ ਪਾ ਕੇ ਤੁਰ ਚਲਿਆ।
ਦੂਸਰਾ ਗੀਤ ਜਿਸਨੂੰ ਵੀ ਇਹ ਸ਼ਬਦ ਹੀ ਸਮਝਦੇ ਸਨ, ਇਨ੍ਹਾਂ ਕੰਨ ’ਤੇ ਹੱਥ ਰੱਖ ਕੇ ਸੁਣਾਇਆ
ਚੰਨ ਮਾਤਾ ਗੁਜਰੀ ਦਾ ਸੁਤਾ ਕੰਡਿਆ ਤੇ ਦੀ ਸੇਜ ਵਿਛਾਈ।

ਪਾਰਖੂ ਸ਼ਖ਼ਸੀਅਤਾਂ ਨੇ ਪਹਿਚਾਣ ਲਿਆ ਕੇ ਜੇਕਰ ਇਸ ਨੌਜੁਆਨ ਦੇ ਗਾਉਣ ਦੇ ਸ਼ੌਂਕ ਤੇ ਕੁਦਰਤੀ ਅਵਾਜ਼ ਨੂੰ ਤਰਾਸ਼ਿਆ ਜਾਵੇ ਤਾਂ ਇਕ ਨਵੇਕਲੀ ਸ਼ਖ਼ਸੀਅਤ ਦੀ ਘਾੜਤ ਘੜੀ ਜਾ ਸਕਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਉਸਤਾਦਾਂ ਦੀ ਮਾਰ, ਭਾਈ ਨਿਰਮਲ ਸਿੰਘ ਦੀ ਜਿਗਿਆਸਾ, ਮਿਹਨਤ, ਲਗਨ ਤੇ ਸਿਰੜ ਨੇ ਇਕ ਵਾਗੀ ਮੁੰਡੇ ਨੂੰ ਸਿਰਤਾਜ ਰਾਗੀ ਹੋਣ ਦਾ ਮਾਣ ਸਤਿਕਾਰ ਦਿਵਾਇਆ।

ਗੁਰਮਤਿ ਸੰਗੀਤ ਦੀ ਸੂਝ-ਸਮਝ ਤੇ ਸਿੱਖਿਆ ਪ੍ਰਾਪਤ ਕਰ ਭਾਈ ਨਿਰਮਲ ਸਿੰਘ ਦੀ ਪਹਿਲੀ ਨਿਯੁਕਤੀ ਬਤੌਰ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ, ਹਰਿਆਣਾ ਵਿਖੇ ਹੋਈ ਅਤੇ 1978 ’ਚ ਕੁਝ ਮਹੀਨੇ ਇਨ੍ਹਾਂ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ’ਚ ਕੰਡਕਟਰ ਦੀ ਡਿਊਟੀ ਵੀ ਕੀਤੀ। ਇਸ ਸਮੇਂ ਹੀ ਇਨ੍ਹਾਂ ਦੀ ਪਹਿਲੀ ਰਚਨਾ ਕਿਸਾਨੀ ਦੀ ਮੰਦਹਾਲੀ ਬਾਰੇ ਲਿਖੀ ਜੋ ਨਵ ਭਾਰਤ ਟਾਈਮਜ਼ ਦਿੱਲੀ ’ਚ ਪ੍ਰਕਾਸ਼ਿਤ ਹੋਈ।

ਕੁਝ ਸਮੇਂ ਬਾਅਦ ਹੀ ਗੁਰਮਤਿ ਸੰਗੀਤ ਦਾ ਸਿਖਿਆਰਥੀ, ਗੁਰਮਤਿ ਸੰਗੀਤ ਅਧਿਆਪਕ ਬਣ ਰਿਸ਼ੀਕੇਸ਼ ਵਿਖੇ ਕਾਰਜ਼ਸ਼ੀਲ ਹੋਇਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ, ਰਾਜਿਸਥਾਨ ਵਿਖੇ ਵੀ ਇਨ੍ਹਾਂ ਨੇ ਦੋ ਸਾਲ ਗੁਰਮਤਿ ਸੰਗੀਤ ਦੀ ਤਾਲੀਮ ਵਿਦਿਆਰਥੀਆਂ ਨੂੰ ਦਿੱਤੀ।

1979 ਈ: ’ਚ ਭਾਈ ਨਿਰਮਲ ਸਿੰਘ ਦੀ ਚਿਰਕੋਣੀ ਰੀਝ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ’ਚ ਭਾਈ ਗੁਰਮੇਜ਼ ਸਿੰਘ ਜੀ ਹਜ਼ੂਰੀ ਰਾਗੀ ਨਾਲ ਸਹਾਇਕ ਰਾਗੀ ਵਜੋਂ ਹਾਜ਼ਰ ਹੋ ਪੂਰੀ ਹੋਈ। 1985 ਈ: ਤੀਕ ਭਾਈ ਗੁਰਮੇਜ਼ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾ ਇਨ੍ਹਾਂ ਨੇ 1986 ਈ: ’ਚ ਆਪਣਾ ਰਾਗੀ ਜਥਾ ਬਣਾ ਲਿਆ।

1984 ਈ: ’ਚ ਵਾਪਰੇ ਦੁਖਦਾਈ ਘੱਲੂਘਾਰੇ ਦਾ ਦਰਦ ਇਨ੍ਹਾਂ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ’ਚ ਹੰਢਾਇਆ, ਜਿਸਨੂੰ ਇਹ ਕਦੇ ਭੁਲਾ ਨਹੀਂ ਸਕਦੇ। ਬਹੁਤ ਲੰਬੇ ਸਮੇਂ ਤੋਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਤੇ ਭਾਈ ਕਰਤਾਰ ਸਿੰਘ ਤਬਲੇ ’ਤੇ ਇਨ੍ਹਾਂ ਨਾਲ ਸੰਗਤ ਕਰ ਰਹੇ ਹਨ। ਭਾਈ ਨਿਰਮਲ ਸਿੰਘ ਦਾ ਮੰਨਣਾ ਹੈ ਕਿ ਗੁਰੂ ਰਾਮਦਾਸ ਦੇ ਦਰਬਾਰ, ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋ ਵਿਚਰਨਾ ਤੇ ਜੀਵਨ ਜੀਉਣਾ, ਸਭ ਤੋਂ ਸਤਿਕਾਰਮਈ ਤੇ ਮਾਣਯੋਗ ਹੈ ਪਰ ਸੰਸਾਰ ਵਿਚ ਵਿਚਰਦਿਆਂ ਇਹ ਮਾਰਗ ਏਨਾ ਅਸਾਨ ਤੇ ਸੁਖਾਲਾ ਵੀ ਨਹੀਂ, ਸਗੋਂ ਬਿਖਮ-ਬਿਖੜਾ ਤੇ ਮੁਸ਼ਕਲਾਂ ਭਰਪੂਰ ਵੀ ਹੈ।

ਸੰਸਾਰ ’ਚ ਧਾਰਮਿਕ ਹੋ ਵਿਚਰਨਾ ਆਸਾਨ ਹੈ ਪਰ ਸੰਸਾਰਿਕ ਰੰਗ ਤਮਾਸ਼ਿਆਂ, ਸੁਖ-ਸਹੂਲਤਾਂ ਦਾ ਤਿਆਗ ਕਰਨਾ ਪੈਦਾ ਹੈ। ਧਾਰਮਿਕ ਵਿਅਕਤੀ ਵਾਸਤੇ, ਨੇਮ ਬਧ, ਅਨੁਸ਼ਾਸ਼ਨ ਮਈ, ਧਰਮੀ ਜੀਵਨ ਜੀਉਣਾ ਅਸਾਨ ਹੈ ਪਰ ਲੋਕਾਈ ਦੀਆਂ ਨਜ਼ਰਾਂ ’ਚ ਅਜਿਹਾ ਰਹਿਣਾ ਬਹੁਤ ਬਿਖ਼ੜਾ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੂੰ 1987 ਈ: ’ਚ ਸਰਕਾਰ ਵੱਲੋਂ ਕੀਤੇ ਗਏ ਉਪਰੇਸ਼ਨ ਬਲੈਕ ਥੰਡਰ ’ਚ ਪੁਲਿਸ ਤਸ਼ੱਦਦ ਦਾ ਵੀ ਕਾਫ਼ੀ ਸਾਹਮਣਾ ਕਰਨਾ ਪਿਆ।

ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਿਤ ਰਾਗਾਂ ’ਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ 31 ਰਾਗਾਂ ’ਚ ਸ਼ਬਦ ਗਾਇਨ ਕਰਕੇ ਪੁਰਾਤਨ ਕੀਰਤਨ ਸ਼ੈਲੀ ਨੂੰ ਬਹਾਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਕੀਰਤਨ ਸੇਵਾ ਕਰਦਿਆਂ ਇਨ੍ਹਾਂ ਨੇ ਪੰਜਾ ਤਖ਼ਤਾਂ, ਦੇਸ਼-ਵਿਦੇਸ਼ ’ਚ ਸਥਿਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ, ਕੀਰਤਨ ਦਰਬਾਰਾਂ, ਪ੍ਰਸਿੱਧ ਸਟੇਜਾਂ ’ਤੇ ਕੀਰਤਨ ਰਾਹੀਂ ਹਾਜ਼ਰੀ ਭਰਕੇ ਨਾਮਣਾ ਖੱਟਿਆ।

ਗੁਰਬਾਣੀ ਨੂੰ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜਾਂ ਨਾਲ ਗਾ ਕੇ ਇਹ ਰੂਹਾਨੀ ਅਨੁਭਵ ਮਹਿਸੂਸ ਕਰਦੇ ਸਨ। ਭਾਈ ਨਿਰਮਲ ਸਿੰਘ ਗੁਰਮਤਿ ਸੰਗੀਤ ਦੇ ਮੁੱਢਲੇ ਸਾਜ ਰਬਾਬ, ਤਾਊਸ, ਦਿਲਰੁਬਾ, ਅਸਰਾਜ, ਵਚਿੱਤਰ-ਵੀਣਾ, ਸਰੋਦ, ਤਾਨਪੁਰਾ ਆਦਿ ਨੂੰ ਗੁਰਮਤਿ ਸੰਗੀਤ ਲਈ ਉੱਤਮ ਮੰਨਦੇ ਹਨ।

ਭਾਈ ਸਾਹਿਬ ਦੇ ਦੱਸਣ ਅਨੁਸਾਰ ਪੜਤਾਲ ਗਾਇਕੀ, ਧਰੁਪੁਦ ਗਾਇਕੀ, ਖਿਆਲ ਗਾਇਕੀ, ਪੁਰਾਤਨ ਬੰਦਸ਼ਾਂ, ਰੀਤਾਂ ਨੂੰ ਵੱਖ-ਵੱਖ ਤਾਲਾਂ ਜਿਵੇਂ ਚਾਰਤਾਲ, ਚਪਤਾਲ, ਆਡਾ ਚਾਰ ਤਾਲ, ਸੂਲ ਤਾਲ, ਛੋਟਾ ਤੀਨਤਾਲ, ਇਕਤਾਲ, ਫ਼ਰੋਦਸਤ, ਰੂਪਕ, ਦੀਪ ਚੰਦੀ, ਦਾਦਰਾਂ, ਕਹਿਰਵਾਂ ਆਦਿ ’ਚ ਗਾਉਣ ਦਾ ਆਪਣਾ ਹੀ ਅਨੰਦ ਹੈ। ਭਾਰਤੀ ਸੰਗੀਤ ਪਰੰਪਰਾ ਨਾਲ ਸੰਬੰਧਿਤ ਮਾਲ ਕੌਸ਼, ਚੰਦਰ ਕੌਸ਼, ਬਗੇਸ਼ਵਰੀ, ਪਹਾੜੀ, ਪੀਲੂ, ਅਹੀਰ ਭੈਰਵੀ ਪਟਦੀਪ, ਕਿਰਵਾਨੀ, ਮਾਰਵਾ, ਭੈਰਵੀ ਆਦਿ ਰਾਗਾਂ ’ਚ ਵੀ ਗਾਉਣਾ ਉਨ੍ਹਾਂ ਦੇ ਮਨ ਨੂੰ ਭਾਉਂਦਾ ਸੀ।

ਭਾਰਤ ਭਰ ਦੀਆਂ ਪ੍ਰਸਿੱਧ ਰੀਕਾਰਡਿੰਗ ਕੰਪਨੀਆਂ ਟੀ-ਸੀਰੀਜ਼, ਮਿਊਜਕ ਟੂਡੇ, ਟਿਪਸ, ਫਾਈਨਟੱਚ, ਮਿਊਜਕ ਮੈਮੋਰੀਜ਼ ਆਦਿ ਨੇ 50 ਤੋਂ ਵਧੇਰੇ ਰੀਕਾਰਡ, ਟੇਪਾਂ, ਸੀਡੀਜ਼, ਡੀ.ਵੀ.ਡੀ, ਵੀਡੀਉ ਆਦਿ ਰਾਹੀਂ ਭਾਈ ਨਿਰਮਲ ਸਿੰਘ ਦੀ ਕੀਰਤਨ ਸ਼ੈਲੀ ਨੂੰ ਸੰਭਾਲਣ ਦਾ ਯਤਨ ਕੀਤਾ।

ਵੱਖ-ਵੱਖ ਰਾਗਾਂ ’ਚ ਹਜ਼ਾਰਾਂ ਸ਼ਬਦ ਗਾਇਨ ਕਰ ਚੁੱਕੇ ਭਾਈ ਸਾਹਿਬ ਨੇ ਮਿੱਠੀ ਸੁਰੀਲੀ ਆਵਾਜ਼ ’ਚ ਗੁਰੂ ਅਰਜਨ ਦੇਵ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਨੂੰ ਗਾਉੜੀ ਰਾਗ ’ਚ ਗਾਇਨ ਕੀਤਾ। ਜਿਸਨੂੰ ਸਰੋਤਿਆਂ ਨੇ ਬੇਹੱਦ ਸਲਾਹਿਆਂ। ਹਜ਼ਾਰਾਂ ਗੁਰਮਤਿ ਸੰਗੀਤ ਤੇ ਸੂਫ਼ੀ ਗਾਇਕੀ ਦੇ ਪ੍ਰੇਮੀਆਂ ਦੀ ਰੀਝ ਨੂੰ ਪੂਰਾ ਕਰਨ ਵਾਸਤੇ ਇਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਸੂਫੀਆਨਾ ਅੰਦਾਜ਼ ’ਚ ਗਾਇਆ। ਭਾਈ ਸੁਰਜਨ ਸਿੰਘ ਜੀ ਵੱਲੋਂ ਗਾਇਨ ਕੀਤੀ ਗਈ ਆਸਾ ਦੀ ਵਾਰ ਤੋਂ ਬਾਅਦ ਭਾਈ ਨਿਰਮਲ ਸਿੰਘ ਜੀ ਖ਼ਾਲਸਾ ਦੀ ਗਾਇਨ ਕੀਤੀ ਆਸਾ ਦੀ ਵਾਰ ਨੂੰ ਗੁਰਬਾਣੀ ਪ੍ਰੇਮੀਆਂ ਇਤਨਾ ਪਸੰਦ ਕੀਤਾ ਹੈ ਕਿ ਹੁਣ ਤੀਕ 60 ਲੱਖ ਸੀ.ਡੀਜ਼ ਵਿਕ ਚੁੱਕੀਆਂ ਹਨ।

ਭਾਈ ਨਿਰਮਲ ਸਿੰਘ ਦੀ ਸ਼ਖ਼ਸੀਅਤ ਬਹੁਭਾਤੀ ਸੀ ਜਿਸਨੂੰ ਸਮਝਣਾ ਇਤਨਾ ਅਹਿਸਾਨ ਨਹੀਂ ਸੀ। ਉਹ ਇਕੋ ਹੀ ਸਮੇਂ ਵਿਸ਼ਵ ਪ੍ਰਸਿੱਧ ਗੁਰੂ-ਘਰ ਦੇ ਕੀਰਤਨੀਏ, ਗੁਰਮਤਿ ਸੰਗੀਤ ਅਚਾਰੀਆਂ, ਦੂਰ ਦ੍ਰਿਸ਼ਟੀ ਰੱਖਣ ਵਾਲੇ ਲੇਖਕ, ਦੁਨੀਆਂ ਦੇਖਣ-ਮਾਨਣ ਦੇ ਚਾਹਵਾਨ, ਯਾਰਾਂ ਦੇ ਯਾਰ ਸਨ। ਇਨ੍ਹਾਂ ਦੇ ਪ੍ਰਸੰਸਕਾਂ, ਚਾਹੁਣ ਵਾਲਿਆਂ, ਸੁਭਚਿੰਤਕਾਂ, ਦੋਸਤਾਂ, ਮਿੱਤਰਾਂ ਦਾ ਘੇਰਾ ਬਹੁਤ ਵਧੀਕ ਤੇ ਵਿਸ਼ਾਲ ਸੀ। ਮੇਰੇ ਵਰਗੇ ਸੁਦਾਮਿਆਂ ਤੋਂ ਲੈ ਕੇ ਸਮਾਜਿਕ, ਧਾਰਮਿਕ, ਰਾਜਨੀਤਿਕ, ਪ੍ਰਸ਼ਾਸਿਕ ਉੱਚ ਪਦਵੀਆਂ ਤੇ ਅਹੁਦਿਆਂ ’ਤੇ ਬਿਰਾਜਮਾਨ ਸ਼ਖ਼ਸੀਅਤਾਂ ਨਾਲ ਇਨ੍ਹਾਂ ਦੀ ਵਿਚਾਰਾਂ, ਖਾਣ-ਪੀਣ, ਚਲਣ-ਫਿਰਨ, ਘੁੰਮਣ ਦੀ ਸਾਂਝ ਬਹੁਤ ਪੁਰਾਣੀ ਸੀ। ਕੀਰਤਨ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਕਾਰਨ ਇਨ੍ਹਾਂ ਦੀ ਪਹੁੰਚ ਤੇ ਸੁਣਵਾਈ ਦੇਸ਼-ਵਿਦੇਸ਼ ’ਚ ਉੱਚ ਅਧਿਕਾਰੀਆਂ ਤੇ ਪਦਵੀ ਤੀਕ ਸਹਿਜ਼ ਸੁਭਾਅ ਸੀ।

ਵਿਸ਼ਵ ਪ੍ਰਸਿੱਧ ਗਜ਼ਲ ਗਾਇਕ ਗੁਲਾਮ ਅਲੀ ਖਾਂ ਸਾਹਿਬ ਨੂੰ ਭਾਈ ਨਿਰਮਲ ਸਿੰਘ ਨੇ ਉਸਤਾਦ ਧਾਰਣ ਕੀਤਾ। ਸੰਗੀਤਕ ਸਾਂਝ ਕਾਰਨ ਇਹ ਰਿਸ਼ਤਾ ਉਸਤਾਦ ਸ਼ਗਿਰਦ ਦਾ ਹੈ ਪਰ ਇਨ੍ਹਾਂ ’ਚ ਗੂੜੀ ਆੜੀ ਤੇ ਯਾਰੀ ਵੀ ਸੀ।

ਭਾਈ ਨਿਰਮਲ ਸਿੰਘ ’ਚ ਘੁੰਮਣ-ਫਿਰਨ, ਵੱਖ-ਵੱਖ ਧਰਮਾਂ, ਜਾਤਾਂ, ਸਭਿਆਚਾਰਾਂ ਦੇ ਲੋਕਾਂ ਨੂੰ ਮਿਲਣ ਦੀ ਪ੍ਰਬਲ ਰੀਝ ਸੀ, ਜਿਸ ਸਦਕਾ ਇਨ੍ਹਾਂ ਨੂੰ ਭਾਰਤ ਭਰ ਦੇ ਭਰਮਣ ਤੋਂ ਇਲਾਵਾ ਦੁਨੀਆਂ ਦੇ 55 ਦੇਸ਼ਾਂ ’ਚ ਬਾਰ-ਬਾਰ ਜਾਣ-ਆਉਣ ਦਾ ਮੌਕਾ ਪ੍ਰਾਪਤ ਹੋਇਆ। ਇਨ੍ਹਾਂ ਸਫਰਾਂ ਦੀ ਕਹਾਣੀ, ਇਨ੍ਹਾਂ ਦੇ ਵਿਸ਼ਾਲ ਡਾਰਾਇੰਗ ਰੂਮ ’ਚ ਸਜਾਏ ਹੋਏ ਸਰਟੀਫਿਕੇਟਾਂ, ਸਨਮਾਨ-ਚਿੰਨ੍ਹਾਂ, ਤਸ਼ਤਰੀਆਂ, ਟੇਪਾਂ, ਸੀ. ਡੀ. ਆਦਿ ਤੋਂ ਪ੍ਰੱਤਖ ਪੜ੍ਹੀ ਜਾ ਸਕਦੀ ਹੈ।

ਭਾਰਤ ਦੇ ਸਤਿਕਾਰਤ ਸਨਮਾਨ ਪਦਮ ਸ੍ਰੀ ਦੀ ਪ੍ਰਾਪਤੀ ਕਰ ਵੀ ਵਿਸ਼ਵ ਦੇ ਇਕਲੌਤੇ ਗੁਰੂ-ਘਰ ਦੇ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਰਾਮਦਾਸ ਦੇ ਪਾਵਨ ਦਰਬਾਰ ਤੋਂ ਹੋਈਆਂ ਪ੍ਰਾਪਤੀਆਂ ਤੇ ਸੰਗਤਾਂ ਵੱਲੋਂ ਮਿਲੇ ਪਿਆਰ-ਅਸੀਸਾਂ ਦੇ ਸਨਮੁੱਖ ਸੰਸਾਰਿਕ ਸਨਮਾਨ ਤੁੱਛ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਜੋ ਕੁਝ ਵੀ ਹਾਂ ਸਭ ਸ਼ਬਦ ਗੁਰੂ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਦੀ ਪ੍ਰਤੱਖ ਕਰਾਮਾਤ ਹੈ। ਭਾਈ ਨਿਰਮਲ ਸਿੰਘ ਖ਼ਾਲਸੇ ਦਾ ਮੰਨਣਾ ਸੀ ਕਿ ਮੰੰਡ ਖੇਤਰ ਦੇ ਬੇਲਿਆ-ਬਰੇਤਿਆਂ ਤੇ ਦਲਦਲੀ ਛ੍ਹੰਬਾਂ ਤੋਂ ਭਾਰਤ ਦੇ ਰਾਸ਼ਟਰਪਤੀ ਭਵਨ, ਪ੍ਰਧਾਨ-ਮੰਤਰੀ ਨਿਵਾਸ, ਕੈਨੇਡਾ ਦੀ ਪਾਰਲੀਮੈਂਟ ਤੀਕ ਦਾ ਬਿਖਮ-ਬਿਖੜਾ ਤੇ ਲੰਮੇਰਾ ਸਫ਼ਰ, ਸ਼ਬਦ ਗੁਰੂ ਦੇ ਆਸਰੇ, ਸੁਰਤਾਲ ਦੀ ਮੁਹਾਰਤ ਸਦਕਾ ਸਹਿਜ-ਸੁਖਾਵਾਂ ਤੇ ਸੁਹਾਵਣਾ ਹੋ ਨਿਬੜਿਆ।

ਭਾਈ ਨਿਰਮਲ ਸਿੰਘ ਸੁਭਾਅ ਦਾ ਖੁੱਲ੍ਹਾ, ਬੇਬਾਕ, ਪਰ ਸਿੱਖੀ ਸਿਦਕ ਭਰੋਸਾ ਤੇ ਦਰਦ ਰੱਖਣ ਵਾਲਾ ਸੀ। ਇਟਲੀ ਦੇ ਏਅਰਪੋਰਟ ’ਤੇ ਜੇਕਰ ਸਿੱਖਾਂ ਦੀ ਦਸਤਾਰ ਉਤਾਰ ਕੇ ਚੈੱਕ ਕਰਨ ਦੀ ਸ਼ਰਮਨਾਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਨ੍ਹਾਂ ਨੇ ਛੁਪਾਇਆ ਨਹੀਂ ਸਗੋਂ ਸਭ ਤੋਂ ਪਹਿਲੇ ਸਿੱਖੀ ਦੀ ਸ਼ਾਨ ਦਸਤਾਰ ਦੇ ਸਤਿਕਾਰ ਤੇ ਸਵੈਮਾਣ ਦੀ ਬਹਾਲੀ ਵਾਸਤੇ ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਪ੍ਰਦਾਨ ਕੀਤੇ ਵਕਾਰੀ ਸਨਮਾਨ ਪਦਮ ਸ੍ਰੀ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ। ਇਨ੍ਹਾਂ ਦੀ ਪਹਿਲ ਸਦਕਾ ਹੀ ਇਹ ਮਸਲਾ ਦੇਸ਼ ਦੁਨੀਆਂ ਵਿੱਚ ਭਖਿਆ ਤੇ ਅੰਤ ਨੂੰ ਹੱਲ ਹੋ ਗਿਆ।

ਗੁਰਬਾਣੀ ਗਾਇਨ ਤੋਂ ਇਲਾਵਾ ਭਾਈ ਨਿਰਮਲ ਸਿੰਘ ਨੂੰ ਲਿਖਣ ਕਲਾ ’ਚ ਵੀ ਮੁਹਾਰਤ ਸੀ। ਗਰੀਬੀ-ਗੁਰਬਤ ਨਾਲ ਸੰਘਰਸ਼ ਕਰਦਿਆਂ ਭਾਈ ਸਾਹਿਬ ਨੇ ਜੀਵਨ ਦੀ ਤਲਖ ਸਿੱਚਾਈਆਂ ਨੂੰ ਸ਼ਬਦੀ ਮਾਲਾ ’ਚ ਪਰੋਣਾ ਸ਼ੁਰੂ ਕੀਤਾ। ਉਨ੍ਹਾਂ ਦੀ ਪਹਿਲੀ ਰਚਨਾ ਨਵਭਾਰਤ ਟਾਈਮਜ਼, ਨਵੀਂ ਦਿੱਲੀ ’ਚ ਕਿਸਾਨੀ ਕੰਗਾਲੀ ਕਰਨ ਦੀ ਕਹਾਣੀ ਨੂੰ ਰੂਪਮਾਨ ਕਰਦੀ ਪ੍ਰਕਾਸ਼ਿਤ ਹੋਈ। ਰੋਜ਼ਾਨਾ ਅਜੀਤ ’ਚ ਵੀ ਇਹ ਕਹਾਣੀਆਂ, ਲੇਖ, ਕਿਸਾਨ ਮਜ਼ਦੂਰ ਦੀ ਮੰਦਹਾਲੀ ਸੰਬੰਧੀ ਲਿਖਦੇ ਰਹੇ।

ਤੀਆਂ ਦੇ ਗੀਤ, ਪਿਆਰ, ਗਰੀਬੀ, ਸ਼ਾਮ ਦੀ ਰੋਟੀ ਦਾ ਫ਼ਿਕਰ ਆਦਿ ਬਾਰੇ ਗੀਤ ਤੇ ਕਵਿਤਾਵਾਂ ਵੀ ਇਨ੍ਹਾਂ ਨੇ ਆਰੰਭਿਕ ਦੌਰ ’ਚ ਲਿਖੀਆਂ। 1990 ਈ: ਦੇ ਦਹਾਕੇ ’ਚ ਇਨ੍ਹਾਂ ਨੇ ਗੁਰਮਤਿ ਪ੍ਰਕਾਸ਼ ’ਚ ਨਿਰੰਤਰ ਲੇਖ ਲਿਖਣੇ ਸ਼ੁਰੂ ਕੀਤੇ। ਪੰਜਾਬੀ ਟ੍ਰਿਬਿਊਨ ’ਚ ਗੁਰਮਤਿ ਸੰਗੀਤ ਦੇ ਅਨਮੋਲ ਰਤਨ ਲੇਖ ਲੜੀ ਆਰੰਭ ਕਰਕੇ ਗੁਰਮਤਿ ਸੰਗੀਤ ਪੇ੍ਰਮੀਆਂ ਨੂੰ ਸਰਸ਼ਾਰ ਕੀਤਾ ਅਤੇ ਗੁਰਮਤਿ ਸੰਗੀਤ ਦੇ ਰਤਨ ਭਾਲ ਕੇ, ਸੇਵਾ-ਸੰਭਾਲ ਕਰ ਨਿਵੇਕਲੀ ਪਿਰਤ ਪਾਈ।

ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਮੈਂਬਰ, ਪੰਜਾਬ ਰਾਜ, ਭਾਸ਼ਾ ਵਿਭਾਗ, ਸਲਾਹਕਾਰ ਬੋਰਡ ਦੇ ਤਿੰਨ ਸਾਲਾਂ ਤੋਂ ਮੈਂਬਰ, ਪ੍ਰਸਾਰ ਭਾਰਤੀ ਆਲ ਇੰਡੀਆ ਰੇਡੀਓ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਰਾਗ ਰਤਨ ਗੁਰਮਤਿ ਸੰਗੀਤ ਪ੍ਰਤੀਯੋਗਤਾ ਰਿਆਲਟੀ ਸ਼ੋ ਦੇ ਸਤਿਕਾਰਤ ਕਮੇਟੀ ਮੈਂਬਰ ਵਜੋਂ ਭਾਈ ਨਿਰਮਲ ਸਿੰਘ ਨੇ ਸਲਾਹੁਣਯੋਗ ਭੂਮਿਕਾ ਨਿਭਾਈ।

ਭਾਈ ਨਿਰਮਲ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਆਖਰੀ ਸਾਹਾ ਤੀਕ ਕੀਰਤਨ ਕਰਨਾ ਤੇ ਗੁਰਮਤਿ ਸੰਗੀਤ ਦੀ ਸੰਭਾਲ ਕਰਨੀ ਲੋਚਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸੰਗੀਤ ਸਮੱਸਤ ਮਾਨਵਤਾ ਦੀ ਸਾਂਝੀ ਭਾਸ਼ਾ ਹੈ ਤੇ ਗੁਰਮਤਿ ਸੰਗੀਤ ਦੇ ਮਾਧਿਅਮ ਰਾਹੀਂ ਪਰਵਰਦਗਾਰ ਨਾਲ ਵਾਰਤਾਲਾਪ ਹੋ ਸਕਦਾ ਹੈ।

ਬੇਸੁਰੇ ਰਾਗੀਆਂ, ਸਿੱਖ ਸਮਾਜ ’ਚ ਧਾਰਮਿਕ, ਸਮਾਜਿਕ, ਰਾਜਨੀਤਿਕ ਕਦਰਾਂ-ਕੀਮਤਾਂ ’ਚ ਆ ਰਹੀ ਗਿਰਾਵਟ, ਸਿੱਖ ਬੱਚਿਆਂ ’ਚ ਪਤਿਤਪੁਣੇ, ਨਸ਼ਿਆਂ ਦੀ ਬਿਮਾਰੀ ਤੋਂ ਡਾਢੇ ਪ੍ਰੇਸ਼ਾਨ ਤੇ ਚਿੰਤਤ ਸਨ ਭਾਈ ਨਿਰਮਲ ਸਿੰਘ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੀ ਗੁਲਾਮੀ, ਨਾ-ਬਰਾਬਰੀ, ਜਾਤਾਂ-ਪਾਤਾਂ ਦੇ ਕੋਹੜ ਤੋਂ ਸੁਤੰਤਰ ਕਰ ਸਰਲ, ਸਾਦਾ, ਸਹਿਜਮਈ ਸਿੱਖੀ ਜੀਵਨ ਜਾਂਚ ਸਿਖਾਈ ਪਰ ਅਸੀਂ ਆਪਣੇ ਗੌਰਵਮਈ ਵਿਰਸੇ ਵਿਰਾਸਤ, ਇਤਿਹਾਸਕ ਪਰੰਪਰਾਵਾਂ ਨੂੰ ਭੁਲਦੇ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਾਂ। ਅਖੌਤੀ ਧਾਰਮਿਕ ਲੋਕ, ਡੇਰੇਦਾਰ ਸਿੱਖੀ ’ਤੇ ਅਮਰ ਵੇਲ ਵਾਂਗ ਮਾਰੂ ਹਮਲਾ ਕਰ ਰਹੇ ਹਨ ਪਰ ਪਹਿਰੇਦਾਰ ਆਲਸੀ, ਸੁਸਤ, ਖੁਦਗਰਜ਼ ਤੇ ਲਾਲਚੀ ਹੋ ਕੇ ਸਿੱਖੀ ਦੇ ਸਦਾ-ਬਹਾਰ ਬੂਟੇ ਨੂੰ ਜੜ੍ਹਾਂ ਤੋਂ ਕੰਮਜ਼ੋਰ ਕਰ ਰਹੇ ਹਨ।

ਸਵੇਰੇ ਅੰਮ੍ਰਿਤ ਵੇਲੇ ਜਾਗ ਨਿਯਮਤ ਸੈਰ ਤੇ ਯੋਗਾ ਕਰਨ ਉਪਰੰਤ ਇਸ਼ਨਾਨ ਕਰਕੇ ਨਿਤਨੇਮ ਕਰਨਾ ਭਾਈ ਨਿਰਮਲ ਸਿੰਘ ਦਾ ਸੁਭਾਅ ਸੀ। ਰੋਜ਼ਾਨਾ ਪੜ੍ਹਨਾ ਤੇ ਕੁਝ ਨਾ ਕੁਝ ਲਿਖਣਾ, ਇਨ੍ਹਾਂ ਦੀ ਜੀਵਨ ਸ਼ੈਲੀ ਬਣ ਚੁੱਕਾ ਸੀ। ਆਪਣੇ ਚਾਚਾ ਗੁਰਬਚਨ ਸਿੰਘ ਤੋਂ ਪ੍ਰਭਾਵਿਤ ਭਾਈ ਨਿਰਮਲ ਸਿੰਘ ਨੂੰ ਅਫਸੋਸ ਸੀ ਕਿ ਗੁਰਬਤ ਤੇ ਘਰ ਦੇ ਹਾਲਾਤਾਂ ਕਾਰਨ ਉਹ ਉਚੇਰੀ ਵਿਦਿਆ ਨਹੀਂ ਪ੍ਰਾਪਤ ਕਰ ਸਕੇ।

ਰਾਗੀ ਸ੍ਰੇਣੀ ’ਚ ਪਸਰ ਰਹੀ ਈਰਖਾ, ਦਵੈਸ਼, ਖੁਦਗਰਜ਼ੀ, ਮਿਹਨਤ ਨਾ ਕਰਨੀ, ਕੱਚੀ ਬਾਣੀ ਤੇ ਧਾਰਨਾ ਦੀ ਪਰਵਿਰਤੀ ਤੋਂ ਡਾਢੇ ਪਰੇਸ਼ਾਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਸਭ ਨੂੰ ਗੁਰਮਤਿ ਸੰਗੀਤ ਦੀ ਵਿਰਾਸਤੀ ਪੂੰਜੀ ਨੂੰ ਸੰਭਾਲਣਾ, ਗੁਰਬਾਣੀ, ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਵਾਸਤੇ ਇਕਸੁਰ ਹੋ, ਪਿਆਰ-ਮੁਹੱਬਤ ਦੇ ਧਾਰਣੀ ਬਨਣ ਹੋ ਯਤਨਸ਼ੀਲ ਹੋਣਾ ਚਾਹੀਦਾ ਹੈ ਨਾ ਕਿ ਇਕ ਦੂਸਰੇ ਤੇ ਦੂਸ਼ਣਬਾਜੀ ਕਰ, ਬਾਤ ਦੇ ਬਤੰਗੜ੍ਹ ਬਣਾ ਦੂਸਰਿਆਂ ਦੀਆਂ ਕਮਜ਼ੋਰੀਆਂ-ਖਾਮੀਆਂ ਨੂੰ ਉਜਾਗਰ ਕਰ ਆਪੋ-ਆਪਣੀ ਹਉਮੈ ਨੂੰ ਪੱਠੇ ਨਹੀਂ ਪਾਉਣੇ ਚਾਹੀਦੇ।

ਗੁਰਮਤਿ ਸੰਗੀਤ ਨਾਲ ਸੰਬੰਧਿਤ ਹੋਣ ਵਾਲੇ ਕਈ ਸੈਮੀਨਾਰਾਂ ’ਚ ਭਾਈ ਨਿਰਮਲ ਸਿੰਘ ਖ਼ਾਲਸਾ ਨੇ ਖੋਜ ਪੱਤਰ ਪੜ੍ਹਕੇ ਰਾਗੀ ਸ਼੍ਰੇਣੀ ’ਚ ਨਵੀਂ ਚੇਤਨਾ ਪੈਦਾ ਕੀਤੀ ।

ਸਾਡੀ ਸਭ ਦੀ ਬਦਨਸੀਬੀ ਅਤੇ ਬੇਵਸੀ ਹੈ ਕਿ ਅਸੀਂ ਕਰੋਨਾ ਮਹਾਂਮਾਰੀ ਦੇ ਕਾਰਣ ਸਭ ਘਰਾਂ ਵਿਚ ਤਾੜੇ ਹੋਏ ਹਾਂ। ਜੇਹੜੇ ਦੁੱਖ ਦੇ ਪਹਾੜ ਭਾਈ ਨਿਰਮਲ ਸਿੰਘ ਦੇ ਪਰਿਵਾਰ, ਰਿਸ਼ਤੇਦਾਰਾਂ ’ਤੇ ਟੁੱਟੇ ਹਨ, ਰਬ ਕਰੇ! ਕਿ ਸਾਡਾ ਸਭ ਦਾ ਉਸ ਤੋਂ ਬਚਾਅ ਹੋਵੇ। ਇਸ ਲਈ ਆਪਣੀ ਸਿਹਤਯਾਬੀ, ਆਪਣਿਆਂ ਦੀ ਸਿਹਤ ਲਈ ਤੇ ਸਮਾਜ ਅਤੇ ਮਨੁੱਖਤਾ ਦੀ ਸਿਹਤ ਵਾਸਤੇ ਆਓ ਸਰਕਾਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਅਤ ਦੂਰੀ ਬਣਾ ਕੇ ਰੱਖੀਏ।

ਬੇਵੱਸੀ ਦੇ ਇਸ ਆਲਮ ਵਿਚ ਅਸੀਂ ਸਾਰੇ ਬੇਵੱਸ ਹਾਂ। ਸਾਰੇ ਸਾਧਨ, ਸ਼ਕਤੀ ਅਤੇ ਲਗਾਓ ਹੋਣ ਕਰਕੇ ਵੀ ਅਸੀਂ ਆਪਣੇ ਚਾਹੁੰਣ ਵਾਲਿਆਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਹੀਂ ਹੋ ਸਕਦੇ। ਮੌਤ ਕੁਦਰਤ ਦਾ ਵਰਤਾਰਾ ਹੈ ਪਰ ਜੇ ਕੁਦਰਤੀ ਆਮ ਹਲਾਤਾਂ ਵਿਚ ਜੇ ਭਾਈ ਨਿਰਮਲ ਸਿੰਘ ਅਕਾਲ ਚਲਾਣਾਂ ਕਰਦੇ ਤਾਂ ਉਨ੍ਹਾਂ ਦੀਆਂ ਅੰਤਮ ਰਸਮਾਂ ਸਮੇਂ ਬੇਔੜਕ ਇਕੱਠ ਹੋਣਾ ਸੀ।

ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਧਾਰਮਿਕ, ਸਮਾਜਿਕ, ਰਾਜਨੀਤਿਕ ਲੋਕਾਂ/ਲੀਡਰਾਂ ਅਤੇ ਸਰਕਾਰੀ ਸਨਮਾਨਾਂ ਅਨੁਸਾਰ ਇਹ ਰਸਮਾਂ ਨਿਭਾਈਆਂ ਜਾਣੀਆਂ ਸਨ। ਹੁਣ ਤਾਂ ਭਾਈ ਨਿਰਮਲ ਸਿੰਘ ਦੇ ਬੇਟੇ ਅੰਮਤੇਸ਼ਵਰ ਸਿੰਘ ਦੇ ਸਬਦਾਂ ਵਿਚ ਕਿ ਅਸੀਂ ਬੇਵੱਸ ਹਾਂ, ਵਾਹਿਗੁਰੂ ਸਾਨੂੰ ਸੇਹਤਯਾਬੀ ਬਖਸ਼ੇ, ਹਾਲਾਤ ਆਮ ਹੌਣ ’ਤੇ ਪਾਪਾ ਜੀ ਦਾ ਸ਼ਰਧਾਂਜਲੀ ਸਮਾਗਮ ਕਰਾਂਗੇ।

ਅੰਮਤੇਸ਼ਵਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਸਲਾਹ ’ਤੇ 2 ਅਪ੍ਰੈਲ 2020 ਨੂੰ ਅਕਾਲ ਚਲਾਣਾ ਕਰ ਚੁੱਕੇ ਗੁਰਪੁਰਵਾਸੀ ਭਾਈ ਨਿਰਮਲ ਸਿੰਘ ਦਾ ਸੰਖੇਪ ਅਰਦਾਸ ਸਮਾਗਮ ਹੀ ਮਿਤੀ 19 ਅਪ੍ਰੈਲ 2020 ਨੂੰ ਗੁ: ਬਿਬੇਕਸਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...