ਅੱਜ-ਨਾਮਾ
ਅਕਾਲੀ ਧੜੇ ਬਈ ਦੋਵੇਂ ਸਰਗਰਮ ਡਾਢੇ,
ਲੱਗੇ ਆ ਬੈਠਕਾਂ ਧੜਾ-ਧੜ ਕਰਨ ਬੇਲੀ।
ਅਹੁਦਿਆਂ ਵਾਲੇ ਚੱਲ ਆਂਵਦੇ ਕੁਝ ਆਗੂ,
ਅਹੁਦੇ ਬਗੈਰ ਵੀ ਬੈਠਕ ਨੂੰ ਭਰਨ ਬੇਲੀ।
ਦੂਸਰੇ ਪੱਖ ਦੀ ਖਬਰ ਨਹੀਂ ਕਰਨਗੇ ਕੀ,
ਖਬਰ ਪੁੱਜੀ ਤੋਂ ਪਹਿਲਾਂ ਹੀ ਡਰਨ ਬੇਲੀ।
ਦੋਵੇਂ ਪਾਸੀਂ ਹੀ ਘੁੰਮਣ ਕੁਝ ਚੁਸਤ ਬੰਦੇ,
ਮਿਲਿਆ ਮਾਲ ਦੁਪਾਸੇ ਉਹ ਚਰਨ ਬੇਲੀ।
ਕਿਸੇ ਨੂੰ ਪਤਾ ਨਹੀਂ ਅੰਤ ਵਿੱਚ ਕੀ ਹੋਣਾ,
ਹਾਲ ਦੀ ਘੜੀ ਮੈਦਾਨ ਬੱਸ ਗਰਮ ਬੇਲੀ।
ਫਸ ਗਏ ਸਿੰਗ ਹਨ ਜਾਪਦੇ ਕੁੰਢੀਆਂ ਦੇ,
ਦਿੱਸੀ ਕੋਈ ਨਹੀਂ ਦੂਜੀ ਤੋਂ ਨਰਮ ਬੇਲੀ।
ਤੀਸ ਮਾਰ ਖਾਂ
16 ਜੁਲਾਈ, 2024