ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਬੱਲੂਆਣਾ ਹਲਕੇ ਤੋਂ ਪਾਰਟੀ ਦੇ ਪਹਿਲਾਂ ਐਲਾਨੇ ਉਮੀਦਵਾਰ ਹਰਦੇਵ ਸਿੰਘ ਮੇਘ ਦੀ ਨਾਮਜ਼ਦਗੀ ਵਾਪਸ ਲੈ ਲਈ ਹੈ ਅਤੇ ਹੁਣ ਪ੍ਰਿਥੀ ਰਾਮ ਮੇਘਵਾਲ ਨਵੇਂ ਉਮੀਦਵਾਰ ਹੋਣਗੇ।
ਪਾਰਟੀ ਵੱਲੋਂ ਇਹ ਕਿਹਾ ਗਿਆ ਹੈ ਕਿ ਹਰਦੇਵ ਸਿੰਘ ਮੇਘ ਦੀ ਬੇਨਤੀ ’ਤੇ ਉਸ ਵੱਲੋਂ ਘਰੇਲੂ ਹਾਲਾਤ ਦਾ ਹਵਾਲਾ ਦੇਣ ’ਤੇ ਹੀ ਉਸਦੀ ਉਮੀਦਵਾਰੀ ਵਾਪਸ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਮੇਘ ਉਹ ਉਮੀਦਵਾਰ ਹੈ ਜੋ ਅਕਾਲੀ ਦਲ ਦੀ ਟਿਕਟ ਮਿਲਣ ਮਗਰੋਂ ਡੇਰਾ ਸਿਰਸਾ ਜਾ ਪੁੱਜਾ ਸੀ ਅਤੇ ਉਸਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਡੇਰਾ ਮੁਖ਼ੀ ਗੁਰਮੀਤ ਰਾਮ ਰਹੀਮ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹੇ ਸਨ।
ਲੰਘੇ ਐਤਵਾਰ, 16 ਜਨਵਰੀ ਨੂੰ ਡੇਰੇ ਪੁੱਜੇ ਹਰਦੇਵ ਸਿੰਘ ਮੇਘ ਵੱਲੋਂ ਇਹ ਵੀ ਕਿਹਾ ਸੀ ਕਿ ਡੇਰੇ ਵਿੱਚ ਸੰਤ ਲੋਕ ਰਹਿੰਦੇ ਹਨ ਅਤੇ ਉਹ ਬੇਅਦਬੀ ਨਹੀਂ ਕਰ ਸਕਦੇ।
ਸਮਝਿਆ ਜਾਂਦਾ ਹੈ ਕਿ ਅਕਾਲੀ ਦਲ ਨੇ ਇਸੇ ਦੇ ਮੱਦੇਨਜ਼ਰ ਹਰਦੇਵ ਸਿੰਘ ਮੇਘ ਦੀ ਜਗ੍ਹਾ ਨਵਾਂ ਉਮੀਦਵਾਰ ਦੇ ਦਿੱਤਾ ਹੈ ਕਿਉਂਕਿ ਡੇਰੇ ਨਾਲ ਸੰਬੰਧਾਂ ਕਰਕੇ ਸ਼੍ਰੋਮਣੀ ਅਕਾਲੀ ਦਲ ’ਤੇ ਨਾ ਕੇਵਲ ਪਹਿਲਾਂ ਹੀ ਸੁਆਲ ਉੱਠਦੇ ਰਹੇ ਹਨ ਸਗੋਂ ਇਨ੍ਹਾਂ ਸੰਬੰਧਾਂ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਸਮੇਂ ਵਿੱਚ ਸਿਆਸੀ ਨੁਕਸਾਨ ਵੀ ਝੱਲਣਾ ਪਿਆ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ