ਯੈੱਸ ਪੰਜਾਬ
ਜਲੰਧਰ/ਚੰਡੀਗੜ੍ਹ, 2 ਜੁਲਾਈ, 2024
ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਅਕਾਲੀ ਦਲ ਛੱਡ ਕੇ ਆਪਣੇ ਪੂਰੇ ਪਰਿਵਾਰ ਅਤੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹਨ।
‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ‘ਆਪ’ ‘ਚ ਸ਼ਾਮਲ ਕਰਦੀਆਂ ਕਿਹਾ ਕਿ ਉਹ ਉਨ੍ਹਾਂ ਵਰਗੇ ਨੇਤਾਵਾਂ ਦਾ ‘ਆਪ’ ਪਰਿਵਾਰ ‘ਚ ਦਿਲੋਂ ਸਵਾਗਤ ਕਰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਕੌਰ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਬਹੁਤ ਹੀ ਧਾਰਮਿਕ ਸ਼ਖ਼ਸੀਅਤਾਂ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਪੰਥ, ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਹਮਦਰਦੀ ਹੈ। ਉਨ੍ਹਾਂ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਨੇ ਵੀ ਲੋਕਾਂ ਦੀ ਸੇਵਾ ਕੀਤੀ ਅਤੇ ਸੁਰਜੀਤ ਕੌਰ ਖ਼ੁਦ ਦੋ ਵਾਰ ਕੌਂਸਲਰ ਰਹਿ ਚੁੱਕੀ ਹੈ।
ਮਾਨ ਨੇ ਕਿਹਾ ਕਿ ਇਹ ਪਰਿਵਾਰ ਪੰਜਾਬ ਅਤੇ ਪੰਜਾਬੀਅਤ ਲਈ ਲੜਿਆ ਹੈ, ਉਹ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਜੇਲ੍ਹ ਵੀ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਖ਼ੁਸ਼ਕਿਸਮਤ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਦੇ ਚਾਹਵਾਨ ਲੋਕਾਂ ਦੀ ਪਹਿਲੀ ਅਤੇ ਇਕਲੌਤੀ ਪਸੰਦ ਬਣ ਰਹੀ ਹੈ।
ਉਨ੍ਹਾਂ ਸੁਰਜੀਤ ਕੌਰ ਦਾ ‘ਰੰਗਲਾ ਪੰਜਾਬ’ ਦੀ ਟੀਮ ਵਿੱਚ ਸਵਾਗਤ ਕੀਤਾ। ਮਾਨ ਨੇ ਇਹ ਵੀ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਤਰਸਯੋਗ ਹੈ, ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੁਰਜੀਤ ਕੌਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਹਮੇਸ਼ਾ ਦੀ ਤਰ੍ਹਾਂ ਉਹ ਆਪਣੇ ਨਿੱਜੀ ਸੁਆਰਥੀ ਏਜੰਡਿਆਂ ਨੂੰ ਲੋਕਾਂ ਅਤੇ ਪੰਜਾਬ ਤੋਂ ਉੱਪਰ ਰੱਖ ਰਹੇ ਹਨ।
‘ਆਪ’ ਆਗੂਆਂ ਨੇ ਮੰਗਲਵਾਰ ਨੂੰ ਜਲੰਧਰ ‘ਚ ਸੁਰਜੀਤ ਕੌਰ ਦਾ ‘ਆਪ’ ‘ਚ ਰਸਮੀ ਸਵਾਗਤ ਕਰਨ ਲਈ ਇਕ ਪ੍ਰੈੱਸ ਕਾਨਫ਼ਰੰਸ ਨੂੰ ਵੀ ਸੰਬੋਧਨ ਕੀਤਾ। ਇਸ ਪ੍ਰੈੱਸ ਕਾਨਫ਼ਰੰਸ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ‘ਆਪ’ ਜਲੰਧਰ ਪੱਛਮੀ ਦੇ ਉਮੀਦਵਾਰ ਮੋਹਿੰਦਰ ਭਗਤ ਅਤੇ ‘ਆਪ’ ਦੇ ਜਲੰਧਰ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਹਾਜ਼ਰ ਸਨ।
ਅਕਾਲੀ ਦਲ ਦੀ ਹਾਲਤ ਤੋਂ ਹਰ ਕੋਈ ਵਾਕਿਫ ਹੈ, ਇਹ ਨਿਰਾਸ਼ਾਜਨਕ ਵੀ ਹੈ, ਪਰ ਮਾਨ ਸਰਕਾਰ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਲਿਜਾ ਰਹੀ ਹੈ: ਪਵਨ ਕੁਮਾਰ ਟੀਨੂੰ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸੁਰਜੀਤ ਕੌਰ ਦੇ ਸ਼ਾਮਲ ਹੋਣ ਨਾਲ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ‘ਆਪ’ ਨੂੰ ਵੱਡਾ ਹੁਲਾਰਾ ਮਿਲੇਗਾ।
ਉਨ੍ਹਾਂ ਦਾ ਸਮਰਥਨ ਸਾਡੀ ਜਿੱਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ। ਟੀਨੂੰ ਨੇ ਕਿਹਾ ਕਿ ਸੁਰਜੀਤ ਕੌਰ ਦੇ ਪਤੀ ਜਥੇਦਾਰ ਪ੍ਰੀਤਮ ਸਿੰਘ ਨੇ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਪੰਥ ਲਈ ਅਣਥੱਕ ਮਿਹਨਤ ਕੀਤੀ। ਟੀਨੂੰ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਤੋਂ ਹਰ ਕੋਈ ਵਾਕਫ਼ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਲੈ ਕੇ ਜਾ ਰਹੀ ਹੈ।
ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ‘ਆਪ’ ਵਿਚ ਬਣਦਾ ਮਾਣ-ਸਨਮਾਨ ਮਿਲੇਗਾ, ਉਨ੍ਹਾਂ ਨੂੰ ਆਪਣੇ ਇਲਾਕੇ ਦੇ ਵਿਕਾਸ ਲਈ ਖੁੱਲ੍ਹ ਕੇ ਕੰਮ ਕਰਨ ਦੇ ਮੌਕੇ ਵੀ ਮਿਲਣਗੇ: ਗੁਰਮੀਤ ਸਿੰਘ ਖੁੱਡੀਆਂ
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਨੇ ਇਸ ਇਲਾਕੇ ਦੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਤੌਰ ‘ਤੇ ਸੇਵਾ ਕੀਤੀ ਹੈ, ਉਹ ਨਗਰ ਨਿਗਮ ‘ਚ ਕੌਂਸਲਰ ਵੀ ਰਹੇ ਹਨ ਅਤੇ ਬੀਬੀ ਸੁਰਜੀਤ ਕੌਰ ਜੀ ਵੀ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ‘ਆਪ’ ਆਗੂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਬੇਮਿਸਾਲ ਕੰਮ ਕਰ ਰਹੀ ਹੈ, ਲੋਕ ਅਤੇ ਆਗੂ ਸਾਡਾ ਸਾਥ ਦੇ ਰਹੇ ਹਨ।
ਸੁਰਜੀਤ ਕੌਰ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ‘ਆਪ’ ਵਿੱਚ ਸ਼ਾਮਲ ਹੋਣਾ ਸਾਡੀ ਪਾਰਟੀ ਲਈ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ‘ਆਪ’ ਜਥੇਬੰਦੀ ਦੇ ਨਾਲ-ਨਾਲ ਸਰਕਾਰ ਵਿੱਚ ਵੀ ਬਣਦਾ ਮਾਣ ਸਤਿਕਾਰ ਅਤੇ ਜ਼ਿੰਮੇਵਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਮਹਿੰਦਰ ਭਗਤ ਜਲੰਧਰ ਪੱਛਮੀ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ।
ਮੈਂ ਆਮ ਲੋਕਾਂ ਅਤੇ ਉਨ੍ਹਾਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਪਾਰਟੀ ਦਾ ਸਮਰਥਨ ਕਰਨ ਲਈ ‘ਆਪ’ ਵਿੱਚ ਸ਼ਾਮਲ ਹੋਈ ਹਾਂ: ਸੁਰਜੀਤ ਕੌਰ
ਇਸ ਮੌਕੇ ਸੁਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਜਲੰਧਰ ਪੱਛਮੀ ਅਤੇ ਇੱਥੋਂ ਦੇ ਲੋਕਾਂ ਲਈ ਲਿਆ ਹੈ।
ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਕੋਲ ਮਦਦ ਲਈ ਅਤੇ ਉਨ੍ਹਾਂ ਦੇ ਕੰਮਾਂ ਲਈ ਆਉਂਦੇ ਹਨ, ਪਰ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਉਮੀਦਵਾਰੀ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਇਨਕਾਰ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇੱਕ ਅਜਿਹੀ ਪਾਰਟੀ ਵੱਲ ਕਦਮ ਚੁੱਕਿਆ ਜੋ ਆਮ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਲਈ ਕੰਮ ਕਰ ਰਹੇ ਹਨ।
ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਸੁਰਜੀਤ ਕੌਰ ਦੇ ਸਮਰਥਨ ਅਤੇ ਤਜ਼ਰਬੇ ਦਾ ‘ਆਪ’ ਨੂੰ ਬਹੁਤ ਫ਼ਾਇਦਾ ਹੋਵੇਗਾ: ਮੋਹਿੰਦਰ ਭਗਤ
‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਵੱਡੇ ਅਕਾਲੀ ਆਗੂ ਸਨ, ਜਿਨ੍ਹਾਂ ਦਾ ਅਕਾਲੀ ਦਲ ਵਿੱਚ ਅਹਿਮ ਸਥਾਨ ਸੀ। ਅੱਜ ਬੀਬੀ ਸੁਰਜੀਤ ਕੌਰ ਜੀ ਸੀਐਮ ਭਗਵੰਤ ਮਾਨ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਸੁਰਜੀਤ ਕੌਰ ਦਾ ਧੰਨਵਾਦ ਕੀਤਾ ਅਤੇ ‘ਆਪ’ ‘ਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬੀਬੀ ਸੁਰਜੀਤ ਕੌਰ ਦਾ ਸਹਿਯੋਗ ਅਤੇ ਤਜਰਬਾ ਉਨ੍ਹਾਂ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਕਾਫੀ ਮਦਦ ਕਰੇਗਾ।