ਹੁਸ਼ਿਆਰਪੁਰ ਪੁਲਿਸ ਵੱਲੋਂ ਕਤਲ ਤੇ ਲੁੱਟ-ਖੋਹ ਦੀਆਂ 3 ਵਾਰਦਾਤਾਂ ‘ਚ ਸ਼ਾਮਲ 2 ਭਗੌੜੇ ਗੈਂਗਸਟਰ ਕਾਬੂ

ਹੁਸ਼ਿਆਰਪੁਰ, 19 ਸਤੰਬਰ, 2020 –

ਜ਼ਿਲ੍ਹਾ ਪੁਲਿਸ ਨੇ ਕਤਲ ਤੇ ਲੁੱਟ-ਖੋਹ ਦੀਆਂ 3 ਵਾਰਦਾਤਾਂ ਨੂੰ ਹੱਲ ਕਰਦਿਆਂ 2 ਭਗੌੜੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸਵਰਾਜ ਸਿੰਘ ਉਰਫ ਮਨੀ ਅਤੇ ਹਰਮੇਸ਼ ਲਾਲ ਉਰਫ ਲਾਲਾ ਗੁੱਜਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਗ੍ਰਿਫਤਾਰੀਆਂ ਨਾਲ ਕਤਲ ਤੇ ਲੁੱਟ-ਖੋਹ ਦੇ 3 ਮਾਮਲੇ ਹੱਲ ਹੋਏ ਹਨ।

ਉਨ੍ਹਾਂ ਦੱਸਿਆ ਕਿ 17 ਅਗਸਤ 2020 ਨੂੰ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਅਵਤਾਰ ਸਿੰਘ ਵਾਸੀ ਸੀਕਰੀ ਥਾਣਾ ਬੁੱਲੋਵਾਲ ਅਤੇ ਉਸ ਦੇ ਭਰਾ ਲਵਦੀਪ ਸਿੰਘ ਲੱਭਾ ਅਤੇ ਉਨ੍ਹਾਂ ਦੇ ਦੋਸਤ ਜਸਕਰਨ ਸਿੰਘ ਦੀ ਗੱਡੀ ਦਾ ਪਿੱਛਾ ਕਰਕੇ ਰਾਤ 9.15 ਵਜੇ ਗੋਲੀਆਂ ਚਲਾ ਕੇ ਲੱਭਾ ਅਤੇ ਜਸਕਰਨ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ।

ਉਨ੍ਹਾ ਦੱਸਿਆ ਕਿ ਘਟਨਾ ਉਪਰੰਤ ਐਸ. ਪੀ. (ਤਫਤੀਸ਼) ਰਵਿੰਦਰ ਪਾਲ ਸੰਧੂ ਅਗਵਾਈ ਹੇਠ ਡੀ. ਐਸ. ਪੀ. ਰਕੇਸ਼ ਕੁਮਾਰ, ਡੀ. ਐਸ. ਪੀ. ਦਵਿੰਦਰ ਸਿੰਘ ਸੰਧੂ, ਸੀ. ਆਈ. ਏ. ਇੰਚਾਰਜ ਸ਼ਿਵ ਕੁਮਾਰ ਅਤੇ ਥਾਣਾ ਬੁੱਲੋਵਾਲ ਦੇ ਇੰਸਪੈਕਟਰ ਪ੍ਰਦੀਪ ਸਿੰਘ ’ਤੇ ਅਧਾਰਿਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਸੰਦੀਪ ਕੁਮਾਰ ਉਰਫ ਰਵੀ ਬਲਾਚੋਰੀਆ ਵਾਸੀ ਰਾਮਪੁਰ ਬਿਲੜੋਂ ਦਾ ਹੱਥ ਹੈ ਜੋ ਕਿ ਅਮ੍ਰਿਤਸਰ ਜੇਲ ਵਿੱਚ ਬੰਦ ਹੈ। ਉਨ੍ਹਾ ਦੱਸਿਆ ਕਿ ਰਵੀ ਬਲਾਚੋਰੀਆ ਨੂੰ ਪਰੋਡਕਸ਼ਨ ਵਰੰਟ ‘ਤੇ ਲਿਆ ਕੇ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਨੇ ਸੁਨੀਲ ਕੁਮਾਰ ਉਰਫ ਮੌਨੂੰ ਗੁੱਜਰ ਵਾਸੀ ਹਾਜੀਪੁਰ ਥਾਣਾ ਗੜਸ਼ੰਕਰ, ਪਰਮਿੰਦਰ ਉਰਫ ਵਪਾਰੀ, ਜਸਮੀਤ ਸਿੰਘ ਉਰਫ ਲੱਕੀ ਵਾਸੀ ਰਾਏਪੁਰ ਤੋਂ ਲਵਦੀਪ ਸਿੰਘ ਉਰਫ ਲੱਭਾ ਨੂੰ ਜਾਨੋਂ ਮਾਰਨ ਲਈ ਗੋਲੀਆਂ ਮੰਗਵਾਈਆਂ ਸਨ।

ਨਵਜੋਤ ਸਿੰਘ ਦੱਸਿਆ ਕਿ 18 ਸਤੰਬਰ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਅੱਡਾ ਦੁਸੜਕਾ ਤੋਂ ਦੋ ਨੌਜਵਾਨਾਂ ਨੂੰ ਕਾਬੂ ਕਰਨ ਅਤੇ ਤਲਾਸ਼ੀ ਲੈਣ ਤੇ ਹਰਮੇਸ਼ ਲਾਲ ਉਰਫ ਲਾਲ ਗੁੱਜਰ ਵਾਸੀ ਬੀਰਮਪੁਰ ਥਾਣਾ ਗੜਸ਼ੰਕਰ ਦੇ ਕਬਜੇ ‘ਚੋਂ ਇਕ 32 ਬੋਰ ਦਾ ਪਿਸਟਲ ਸਮੇਤ 6 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਬੁੱਲੋਵਾਲ ਵਿੱਚ ਪਰਚਾ ਦਰਜ ਕੀਤਾ ਗਿਆ।

ਪੁੱਛ-ਗਿੱਛ ਦੌਰਾਨ ਸਵਰਾਜ ਸਿੰਘ ਉਰਫ ਮਨੀ ਵਾਸੀ ਸੋਲੀ ਥਾਣਾ ਗੜਸ਼ੰਕਰ ਨੇ ਦੱਸਿਆ ਕਿ ਉਸ ਨੇ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ, ਪਰਮਿੰਦਰ ਉਰਫ ਵਪਾਰੀ, ਜਸਮੀਤ ਉਰਫ ਲੱਕੀ ਨੇ ਰਵੀ ਬਲਾਚੋਰੀਆ ਦੇ ਕਹਿਣ ਤੇ ਲੱਭਾ ਨੂੰ ਜਾਨੋਂ ਮਾਰਨ ਲਈ ਗੋਲੀਆਂ ਚਲਾਈਆਂ ਸਨ ਅਤੇ ਇਸ ਵਾਰਦਾਤ ਵਿੱਚ ਆਈ-20 ਕਾਰ ਵਰਤੀ ਗਈ ਸੀ ਜੋ ਕਿ ਰਵੀ ਬਲਾਚੋਰੀਆ ਅਤੇ ਉਸ ਦੇ ਸਾਥੀਆਂ ਨੇ ਹਰਿਆਣਾ ਰਾਜ ਦੇ ਯਮੁਨਾ ਨਗਰ ਵਿੱਚ ਖੋਹੀ ਸੀ ਜਿਸ ਸੰਬੰਧੀ ਥਾਣਾ ਛੱਪਰ, ਜ਼ਿਲ੍ਹਾ ਯਮੁਨਾ ਨਗਰ ਹਰਿਆਣਾ ਵਿਖੇ ਮਾਮਲਾ ਦਰਜ ਹੈ।

ਇਹ ਕਾਰ ਸਮੇਤ ਦੋ ਪਿਸਟਲ ਸਵਰਾਜ ਸਿੰਘ ਉਰਫ ਮਨੀ ਦੀ ਨਿਸ਼ਾਨਦੇਹੀ ਤੇ ਪਿੰਡ ਰਾਏਪੁਰ ਤੋਂ ਬਰਾਮਦ ਕੀਤੀ ਗਈ।

ਐਸ. ਐਸ. ਪੀ. ਨੇ ਦੱਸਿਆ ਕਿ 22 ਅਪ੍ਰੈਲ 2020 ਨੂੰ ਪਿੰਡ ਸੋਲੀ ਦੀ ਲੜਕੀ ਜਸਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸੰਬੰਧੀ ਥਾਣਾ ਗੜਸ਼ੰਕਰ ਵਿੱਚ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਵਰਾਜ ਸਿੰਘ ਉਰਫ ਮਨੀ ਅਤੇ ਹਰਮੇਸ਼ ਲਾਲ ਉਰਫ ਲਾਲਾ ਗੁੱਜਰ ਭਗੌੜੇ ਸਨ ਜਿਨ੍ਹਾਂ ਨੂੰ ਜਿਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਮਾਹਲ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵਲੋਂ ਦੋਵਾਂ ਭਗੌੜੇ ਗੈਂਗਸਟਰਾਂ ਨੂੰ ਕਾਬੂ ਕਰਨਾ ਸ਼ਲਾਘਾਯੋਗ ਕਾਰਵਾਈ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ