ਅੱਜ-ਨਾਮਾ
ਹਾਕਮ ਧਿਰ ਦਾ ਵੇਖ ਵਿਧਾਇਕ ਫਸਿਆ,
ਚਰਚਾ ਲੋਕਾਂ ਦੇ ਅੰਦਰ ਆ ਛਿੜੀ ਮੀਆਂ।
ਫੜਿਆ ਇੱਕ, ਪਰ ਹੋਰ ਵੀ ਫਸਣ ਵਾਲੇ,
ਚਮਚੇ ਜਾਂਦੇ ਨੇ ਆਪੋ ਵਿੱਚ ਭਿੜੀ ਮੀਆਂ।
ਕਹੇ ਸਰਕਾਰ ਕੁਰੱਪਸ਼ਨ ਆ ਰੋਕ ਦੇਣੀ,
ਫਟਕਣ ਦੇਣੇ ਨਾ ਚਿੜੇ ਜਾਂ ਚਿੜੀ ਮੀਆਂ।
ਭਲੇ ਦਿਨਾਂ ਲਈ ਡਿੱਠੀ ਕੋਈ ਆਸ ਬੱਝੀ,
ਚਿਹਰੇ ਜਾਂਦੇ ਈ ਜਨਤਾ ਦੇ ਖਿੜੀ ਮੀਆਂ।
ਪਿਛਲਾ ਆਖੇ ਤਜਰਬੇ ਨਹੀਂ ਖੁਸ਼ ਹੋਈਏ,
ਹੁੰਦਾ ਅਮਲ ਕੁਝ ਪਹਿਲਾਂ ਉਡੀਕੀਏ ਜੀ।
ਪਤਾ ਨਹੀਂ ਕਿੱਦਾਂ ਦਾ ਅੱਗੋਂ ਦਾ ਦੌਰ ਹੋਊ,
ਚਾਅ ਦੇ ਨਾਲ ਅਗੇਤਾ ਨਹੀਂ ਚੀਕੀਏ ਜੀ।
-ਤੀਸ ਮਾਰ ਖਾਂ
25 ਮਈ, 2025