ਹਰਸਿਮਰਤ ਬਾਦਲ ਚੀਚੀ ਨੂੰ ਖ਼ੂਨ ਲਾ ਕੇ ਸ਼ਹੀਦ ਨਹੀਂ ਬਣ ਸਕਦੀ: ਸੁਖਜਿੰਦਰ ਸਿੰਘ ਰੰਧਾਵਾ

ਜਲੰਧਰ, 18 ਸਤੰਬਰ, 2020 –

ਖੇਤੀਬਾੜੀ ਆਰਡੀਨੈਂਸ ਲਿਆਉਣ ਵੇਲੇ ਕੇਂਦਰੀ ਕੈਬਨਿਟ ਦਾ ਹਿੱਸਾ ਰਹੀ ਹਰਸਿਮਰਤ ਕੌਰ ਬਾਦਲ ਹੁਣ ਕਿਸਾਨਾਂ ਅਤੇ ਲੋਕ ਰੋਹ ਦੇ ਚੱਲਦਿਆਂ ਯੂ ਟਰਨ ਲਈ ਮਜਬੂਰ ਹੋ ਕੇ ਅਸਤੀਫ਼ਾ ਦੇ ਕੇ ਚੀਚੀ ਨੂੰ ਖ਼ੂਨ ਲਾ ਕੇ ਸ਼ਹੀਦ ਨਹੀਂ ਬਣ ਸਕਦੀ। ਅੱਜ ਇੱਥੇ ਬੋਲਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਨੇ ਪਹਿਲਾ ਕੈਬਨਿਟ ਵਿੱਚ ਆਪਣੀ ਮੌਜੂਦਗੀ ਨਾਲ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਪੰਜਾਬੀਆਂ ਨੂੰ ਜ਼ਖ਼ਮ ਦਿੱਤੇ ਅਤੇ ਹੁਣ ਦੇਰੀ ਨਾਲ ਮਜਬੂਰੀਬੱਸ ਦਿੱਤੇ ਅਸਤੀਫ਼ੇ ਨਾਲ ਉਹ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਉਤੇ ਸੂਬਾ ਵਾਸੀ ਯਕੀਨ ਨਹੀਂ ਕਰਨਗੇ।

ਸ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਹੁਣ ਕਿਸਾਨਾਂ ਨਾਲ ਕਮਾਏ ਧਰੋਹ ਅਤੇ ਆਪਣੇ ਗੁਨਾਹਾਂ ਤੋਂ ਪੱਲਾ ਨਹੀਂ ਛੁਡਾ ਸਕਦੀ ਕਿਉਂਕਿ ਉਸ ਨੇ ਇਹ ਅਸਤੀਫ਼ਾ ਆਪਣੀ ਖ਼ੁਸ਼ੀ ਜਾਂ ਕਿਸਾਨਾਂ ਦੇ ਫਿਕਰ ਲਈ ਨਹੀਂ ਦਿੱਤਾ ਸਗੋਂ ਸੂਬੇ ਵਿੱਚ ਕਿਸਾਨਾਂ ਵੱਲੋਂ ਵੱਡੇ ਕੀਤੇ ਰੋਸ ਪ੍ਰਦਰਸ਼ਨਾਂ ਨੇ ਅਕਾਲੀਆਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ।

ਉਨ੍ਹਾਂ ਕਿਹਾ ਕਿ ਅਸਤੀਫ਼ਾ ਵੀ ਇਕ ਡਰਾਮਾ ਹੈ ਅਤੇ ਜੇ ਉਹ ਸੱਚੇ ਦਿਲੋਂ ਕਿਸਾਨਾਂ ਦੇ ਨਾਲ ਹੁੰਦੇ ਤਾਂ ਕੇਂਦਰੀ ਸੱਤਾ ਵਿੱਚ ਐਨ.ਡੀ.ਏ. ਦੀ ਭਾਈਵਾਲ ਵੀ ਛੱਡ ਦਿੰਦੇ। ਹਾਲੇ ਵੀ ਅਕਾਲੀ ਦਲ ਕਿਸਾਨ ਵਿਰੋਧੀ ਬਿੱਲ ਲਿਆਉਣ ਵਾਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਪਾਲੇ ਵਿੱਚ ਬੈਠਾ ਹੈ।

ਸ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਆਪਣੀ ਕੁਰਸੀ ਬਚਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਦੇ ਸੋਹਲੇ ਗਾਏ ਜਾ ਰਹੇ ਸਨ ਜਦੋਂ ਤੋਂ ਇਹ ਇਹ ਜੂਨ ਮਹੀਨੇ ਵਿੱਚ ਪਾਸ ਹੋਏ ਸਨ। ਇੱਥੋਂ ਤੱਕ ਕਿ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿਸਾਨਾਂ ਦੇ ਅਲੰਬਰਦਾਰ ਕਹਾਉਂਦੇ ਹਨ, ਕੋਲੋਂ ਵੀ ਕਿਸਾਨ ਵਿਰੋਧੀ ਆਰਡੀਨੈਂਸ ਦੇ ਹੱਕ ਵਿੱਚ ਬਿਆਨ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਸ ਡਰਾਮੇ ਵਿੱਚ ਪੰਜਾਬ ਦੇ ਲੋਕ ਅਤੇ ਕਿਸਾਨ ਨਹੀਂ ਆਉਣਗੇ ਅਤੇ ਅਕਾਲੀ ਦਲ ਵੱਲੋਂ ਕਮਾਏ ਧਰੋਹ ਲਈ ਕਦੇ ਮੁਆਫ਼ ਨਹੀਂ ਕਰਨਗੇ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਜਿਹੜੀ ਕੇਂਦਰੀ ਵਜ਼ੀਰੀ ਖ਼ਾਤਰ ਬਾਦਲ ਪਰਿਵਾਰ ਨੇ ਢੀਂਡਸਾ, ਬ੍ਰਹਮਪੁਰਾ ਜਿਹੇ ਸੀਨੀਅਰ ਆਗੂਆਂ ਦੀ ਬਲੀ ਲਈ ਸੀ ਅੱਜ ਉਹ ਹੀ ਵਜ਼ੀਰੀ ਮਜਬੂਰੀਬੱਸ ਛੱਡਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਚੁੱਕੇ ਇਸ ਛੋਟੇ ਫ਼ੈਸਲੇ ਨਾਲ ਵੀ ਅਕਾਲੀ ਦਲ ਆਪਣੀ ਗੁਆਚੀ ਸ਼ਾਖ਼ ਨਹੀਂ ਹਾਸਲ ਕਰ ਸਕਦਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ