ਸੰਯੁਕਤ ਸਮਾਜ ਮੋਰਚੇ ਨੂੰ 107 ਸੀਟਾਂ ਲਈ ਮਿਲੀਆਂ 1273 ਦਰਾਖ਼ਾਸਤਾਂ, ਸਾਰੇ ਉਮੀਦਵਾਰਾਂ ਦਾ ਐਲਾਨ 16 ਨੂੰ

ਯੈੱਸ ਪੰਜਾਬ
ਲੁਧਿਆਣਾ, 14 ਜਨਵਰੀ, 2022:
ਕਿਸਾਨ ਅੰਦੋਲਨ ਵਿੱਚੋਂ ਨਿਕਲੀ ਸਿਆਸੀ ਧਿਰ ਸੰਯੁਕਤ ਸਮਾਜ ਮੋਰਚਾ ਦੀਆਂ ਟਿਕਟਾਂ ਲਈ ਵੀ ਕਿਸਾਨ ਆਗੂਆਂ ਅਤੇ ਹੋਰਨਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਪਹਿਲਾਂ ਹੀ 10 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਮੋਰਚੇ ਵੱਲੋਂ ਬਾਕੀ ਰਹਿੰਦੀਆਂ 107 ਸੀਟਾਂ ਲਈ ਟਿਕਟਾਂ ਦਾ ਐਲਾਨ 16 ਜਨਵਰੀ ਨੂੰ ਕੀਤਾ ਜਾ ਸਕਦਾ ਹੈ। ਉੱਧਰ ਮੋਰਚੇ ਵੱਲੋਂ ਕੋਈ ਵੀ ਪ੍ਰਕ੍ਰਿਆ ਅਪਨਾਏ ਜਾਣ ਤੋਂ ਪਹਿਲਾਂ ਹੀ 10 ਟਿਕਟਾਂ ਐਲਾਨ ਦਿੱਤੇ ਜਾਣ ’ਤੇ ਕੁਝ ਕਿਸਾਨ ਆਗੂਆਂ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ।

ਇਹ ਜਾਣਕਾਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਯੁਕਤ ਸਮਾਜ ਮੋਰਚਾ ਦੀ ਪਾਰਲੀਮੈਂਟਰੀ ਕਮੇਟੀ ਦੇ ਮੈਂਬਰ ਪ੍ਰੇਮ ਸਿੰਘ ਭੰਗੂ, ਸਕਰੀਨਿੰਗ ਕਮੇਟੀ ਮੈਂਬਰ ਪ੍ਰੋ: ਮਨਜੀਤ ਸਿੰਘ ਅਤੇ ਡਾ: ਸਵੈਮਾਨ ਸਿੰਘ ਨੇ ਦੱਸਆ ਕਿ 1273 ਵਿਅਕਤੀਆਂ ਨੇ ਸੰਯੁਕਤ ਸਮਾਜ ਮੋਰਚਾ ਵੱਲੋਂ ਚੋਣ ਲੜਨ ਦੀ ਇੱਛਾ ਜਤਾਉਂਦਿਆਂ ਟਿਕਟਾਂ ਲਈ ਦਰਖ਼ਾਸਤਾਂ ਦਿੱਤੀਆਂ ਹਨ।

ਆਗੂਆਂ ਨੇ ਦੱਸਿਆ ਕਿ ਹੁਣ ਆਈਆਂ ਦਰਖ਼ਾਸਤਾਂ ’ਤੇ ਗਹਿਣ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਮੋਰਚਾ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਹੀ ਟਿਕਟਾਂ ਦੇਵੇਗਾ।

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜਦ ਟਿਕਟਾਂ ਲਈ ਦਰਖ਼ਾਸਤਾਂ ਲਈਆਂ ਜਾਣੀਆਂ ਸਨ ਤਾਂ ਪਹਿਲਾਂ ਹੀ 10 ਉਮੀਦਵਾਰਾਂ ਦੀ ਇਕ ਸੂਚੀ ਜਾਰੀ ਕਿਵੇਂ ਕਰ ਦਿੱਤੀ ਗਈ। ਉਨ੍ਹਾਂ ਇਹ ਵੀ ਆਖ਼ਿਆ ਕਿ ਜਿਹੜੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 2 ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ ਦੇਣਾ ਨਹੀਂ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ