ਸੰਯੁਕਤ ਸਮਾਜ ਮੋਰਚਾ ਵਿੱਚ ਚੋਣ ਨਿਸ਼ਾਨ ’ਤੇ ਫ਼ਸਿਆ ਪੇਚ: ਭਦੌੜ ਤੋਂ ਉਮੀਦਵਾਰ ਕਾਮਰੇਡ ਸਮਾਉਂ ਨੇ ਟਿਕਟ ਵਾਪਸ ਕੀਤੀ

ਯੈੱਸ ਪੰਜਾਬ
ਮਾਨਸਾ, 22 ਜਨਵਰੀ, 2022:
ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਸੰਯੁਕਤ ਸਮਾਜ ਮੋਰਚਾ ਵੱਲੋਂ ਹਲਕਾ ਭਦੌੜ ਲਈ ਉਨ੍ਹਾਂ ਨੂੰ ਦਿੱਤੀ ਗਈ ਟਿਕਟ ਵਾਪਸ ਕਰਨ ਦਾ ਐਲਾਨ ਕੀਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਸੰਯੁਕਤ ਸਮਾਜ ਮੋਰਚਾ ਧਨਾਢਾਂ ਦੀ ਪਾਰਟੀ ਬਣ ਗਈ ਹੈ। ਪਤਾ ਲੱਗਾ ਹੈ ਕਿ ਮਾਮਲਾ ਚੋਣ ਨਿਸ਼ਾਨ ਨੂੰ ਲੈ ਕੇ ਉਲਝਿਆ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸੰਯੁਕਤ ਸਮਾਜ ਮੋਰਚਾ ਆਪਣੇ ਅਸੂਲਾਂ ਤੋਂ ਪਾਸੇ ਹਟ ਕੇ ਟਿਕਟਾਂ ਦੀ ਵੰਡ ਕਰ ਰਿਹਾ ਹੈ।

ਕਾਮਰੇਡ ਸਮਾਉਂ, ਜੋ ਕਿ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੀ.ਪੀ.ਆਈ. (ਐਮ.ਐਲ. ਲਿਬਰੇਸ਼ਨ) ਦੇ ਸੂਬਾ ਸਕੱਤਰੇਤ ਮੈਂਬਰ ਹਨ, ਨੇ ਇਸ ਦੇ ਨਾਲ ਹੀ ਭਦੌੜ ਤੋਂ ਹੀ ਸੀ.ਪੀ.ਆਈ.(ਐਮ.ਐਲ. ਲਿਬਰੇਸ਼ਨ) ਵੱਲੋਂ ਚੋਣ ਲੜਨਗੇ।

ਲਿਬਰੇਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਸੰਯੁਕਤ ਸਮਾਜ ਮੋਰਚਾ ਇਕ ਮੋਰਚੇ ਵੱਜੋਂ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਕੋਈ ਪਾਰਟੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੰਯੁਕਤ ਸਮਾਜ ਮੋਰਚਾ ਪਾਰਟੀ ਬਣਦਾ ਹੈ ਤਾਂ ਉਹ ਆਪਣੀ ਪਾਰਟੀ ਦਾ ਨਿਸ਼ਾਨ ਛੱਡ ਕੇ ਕਿਸੇ ਹੋਰ ਪਾਰਟੀ ਦੇ ਨਿਸ਼ਾਨ ’ਤੇ ਚੋਣ ਨਹੀਂ ਲੜਨਗੇ। ਉੱਧਰ ਸੰਯੁਕਤ ਸਮਾਜ ਮੋਰਚਾ ਸਾਂਝੇ ਚੋਣ ਨਿਸ਼ਾਨ ’ਤੇ ਚੋਣਾਂ ਲੜਨਾ ਚਾਹੁੰਦਾ ਹੈ।

ਕਾਮਰੇਡ ਸਮਾਉਂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਹੁਣ ਮੋਰਚਾ ਨਹੀਂ ਰਿਹਾ ਸਗੋਂ ਧਨਾਢਾਂ ਦੀ ਪਾਰਟੀ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ। ਉਹਨਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਇਹ ਸ਼ਰਤ ਲਾ ਰਿਹਾ ਹੈ ਕਿ ਉਨ੍ਹਾਂ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਨੀ ਹੋਵੇਗਾ ਇਸ ਲਈ ਉਨ੍ਹਾਂ ਨੇ ਟਿਕਟ ਵਾਪਸ ਕਰ ਦਿੱਤੀ ਹੈ।

ਕਮਿਊਨਿਸਟ ਆਗੂ ਕਹਿ ਰਹੇ ਹਨ ਕਿ ਉਹ ਪੰਜਾਬ ਅੰਦਰ ਕਿਸਾਨ ਸੰਘਰਸ਼ ਅਤੇ ਦਿੱਲੀ ਮੋਰਚੇ ’ਤੇ ਵੀ ਆਪਣੇ ਹੀ ਝੰਡੇ ਹੇਠ ਰਹੇ ਸਨ, ਇਸ ਲਈ ਹੁਣ ਵੀ ਇਹ ਚੋਣ ਆਪਣੇ ਝੰਡੇ ਹੇਠ ਹੀ ਲੜਣਗੇ।