ਸੰਨੀ ਦਿਉਲ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ! – ਐੱਚ.ਐੱਸ.ਬਾਵਾ

ਨਾਅਰਿਆਂ ਨਾਲ ਆਕਾਸ਼ ਗੂੰਜ ਗਿਆ ਸੀ ਜਦ ਸੰਨੀ ਦਿਉਲ ਗੁਰਦਾਸਪੁਰ ਆਇਆ। ਨਾਅਰਿਆਂ ਨਾਲ ਆਕਾਸ਼ ਫ਼ਿਰ ਗੂੰਜਿਆ ਜਦ ਸੰਨੀ ਦਿਉਲ ਜਿੱਤਿਆ।

ਮੁੜ ਕੇ ਨਾ ਸੰਨੀ ਦਿਉਲ ਕਿਤੇ ਗੂੰਜਿਆ ਤੇ ਨਾ ਹੀ ਨਾਅਰੇ। ਹੁਣ ਚਿੱਠੀ ਇਕ ਆਈ ਐ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ। ਇਕ ਅੱਖ਼ਰ ਨਹੀਂ ਆਪਣਾ। ਭਾਜਪਾ ਦੇ ਬਲਾਕ ਪੱਧਰ ਦੇ ਨੇਤਾ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਇਹੀ ਕਹਿੰਦੇ ਨੇ। ਦਸਤਖ਼ਤ ਹੀ ਆਪਣੇ ਨੇ, ਚਿੱਠੀ ਮਾਲਕਾਂ ਦੀ ਐ।

HS Bawaਕੋਈ ਮਿੱਤਰ ਕਹਿੰਦਾ ਅਖ਼ੇ ਬੜੀ ਮਾੜੀ ਗੱਲ ਐ। ਨਾ ਕੋਰੋਨਾ ’ਚ ਥਿਆਇਆ ਤੇ ਨਾ ਕਿਸਾਨਾਂ ਲਈ ਆਇਆ। ਆਈ ਏ ਤਾਂ ਆਹ ਚਿੱਠੀ।

ਕਿਹੜਾ ਸਮਝਾਵੇ ਇਨ੍ਹਾਂ ਨੂੰ, ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਮੁੰਬਈ ਜਾ ਕੇ, ਜਾਂ ਮੁੰਬਈ ਜੰਮ ਕੇ ਕਈ ਦਿਉਲ ਦਿਉਲ ਨਹੀਂ ਰਹਿੰਦੇ। ਫ਼ਿਲਮ ਨਗਰੀ ’ਚ ਇਹ ਸੰਨੀ ਦੇਵਲ ਅਖ਼ਵਾਉਂਦੇ ਨੇ। ਮੁੰਬਈ ਤੋਂ ਤੁਰਿਆ ਮਿੱਟੀ ਦਾ ਮੋਹ, ਪੰਜਾਬ ਨਹੀਂ ਪੁੱਜਾ, ਰਾਹ ’ਚ ਦਿੱਲੀ ਜੋ ਪੈਂਦੀ ਐ।

ਨਾਲੇ ਗੁੱਸਾ ਤਾਂ ਫ਼ੇਰ ਹੁੰਦੈ, ਜੇ ਅਗਲਾ ਆਪਣੇ ਕਰੈਕਟਰ ਵਿੱਚੋਂ ਬਾਹਰ ਗਿਆ ਹੋਵੇ। ਫ਼ਿਲਮ ਹੀਰੋ ਹੈ। ਉੱਥੇ ਭਾਈ ਨਾ ਸਕ੍ਰਿਪਟ ਆਪਣੀ ਹੁੰਦੀ ਹੈ, ਨਾ ਡਾਇਲਾਗ। ਪੈਸੇ ਲਵੋ, ਸਕ੍ਰਿਪਟ ਅਗਿਲਆਂ ਦੀ, ਡਾਇਲਾਗ ਅਗਲਿਆਂ ਦੇ। ਜੋ ਕਹਿਣ ਕਰਨਾ ਪੈਂਦੈ, ਜਿਹੜੇ ਡਾਇਲਾਗ ਹਿੱਸੇ ਆ ਜਾਣ, ਬੋਲਣੇ ਪੈਂਦੇ ਨੇੇ।

ਉਂਜ ਥੋੜ੍ਹੀ ਮੇਰੇ ਮਨ ’ਚ ਸੀ, ਜੇ ਆਖ਼ੋ ਤਾਂ ਕਹਿ ਦਿੰਦਾ ਹਾਂ। ਚੰਗਾ ਹੁੰਦਾ ਬਾਈ ਧਰਮਿੰਦਰ ਦੇ ਅੱਗੇ ਰੱਖ਼ਦਾ ਚਿੱਠੀ, ਬਈ ਆਪਾਂ ਦੋਵੇਂ ਸਹੀ ਪਾਈਏ। ਪੰਜਾਬ ’ਚ ਤਾਂ ਮੇਰੇ ਨਾਲੋਂ ਵੱਧ ਤੁਹਾਨੂੰ ਮੰਨਦੇ ਨੇ। ਖ਼ੈਰ ਅਜੇ ਕਿਹੜਾ ਦਿਵਾਲੀ ਲੰਘ ਗਈ ਐ, ਹੋ ਸਕਦੈ ਧਰਮਿੰਦਰ ਹੁਣੀਂ ਅਜੇ ਵੀ ਟਵੀਟ ਕਰ ਦੇਣ ਬਈ ‘ਮੁੰਡਾ ਸਿਆਣਾ ਹੋ ਗਿਐ, ਬੜੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਿਐ।’

ਉਨੀ ਦੇਰ ਹੋ ਜੋ ਫ਼ਿਰ ਸ਼ੁਰੂ, ‘ਸੰਨੀ ਦਿਉਲ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ!’


ਇਸ ਨੂੰ ਵੀ ਪੜ੍ਹੋ:
ਸੰਨੀ ਦਿਉਲ ਵੀ ਆਖਰ ਵਿੱਚ ਚੁੱਪ ਤੋੜੀ, ਚਿੱਠੀ ਲਿਖੀ, ਅਮਰਿੰਦਰ ਨੂੰ ਪਾਈ ਮੀਆਂ