ਸ੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ‘ਹੈੱਡ ਗ੍ਰੰਥੀ’ ਲਾਂਭੇ ਕਰੋ, ਵਿਹਾਰ ਪਦਵੀ ਮੁਤਾਬਕ ਨਹੀਂ

ਯੈੱਸ ਪੰਜਾਬ
ਅੰਮ੍ਰਿਤਸਰ 17 ਅਗਸਤ, 2020:

ਇਹ ਸ਼ਾਇਦ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਰਾਗੀਆਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਰਾਗੀ ਸਭਾ ਨੇ ਇਕਸੁਰ ਹੋ ਕੇ ਸਿੱਖਾਂ ਦੇ ਇਸ ਪਵਿੱਤਰ ਅਸਥਾਨ ’ਤੇ ਹੈਡ ਗ੍ਰੰਥੀ ਵਜੋਂ ਡਿਊਟੀ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਵਿਉਹਾਰ ਬਾਰੇ ਕਈ ਸਨਸਨੀਖ਼ੇਜ਼ ਖੁਲਾਸੇ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਵਿਉਹਾਰ ਅਹੁਦੇ ਦੇ ਰੁਤਬੇ ਮੁਤਾਬਿਕ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਤੋਂ ਲਾਂਭੇ ਕੀਤਾ ਜਾਵੇ।

ਇਸ ਆਸ਼ੇ ਦੀ ਇਕ ਸਿਕਾਇਤ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਦੀ ਅਗਵਾਈ ਵਿੱਚ ਰਾਗੀ ਸਿੰਘਾਂ ਵੱਲੋਂ ਲਗਪਗ 15 ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਕੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ 15 ਦਿਨ ਲੰਘ ਜਾਣ ’ਤੇ ਵੀ ਕੋਈ ਕਾਰਵਾਈ ਨਾ ਹੋਣ ਅਤੇ ਇਸ ਸੰਬੰਧੀ ਉਨ੍ਹਾਂ ਨਾਲ ਕੋਈ ਸੰਪਰਕ ਨਾ ਸਾਧੇ ਜਾਣ ਤੋਂ ਨਿਰਾਸ਼ ਹੋਏ ਰਾਗੀ ਸਿੰਘਾਂ ਨੇ ਅੱਜ ਆਪਣਾ ਉਹ ਸ਼ਿਕਾਇਤ ਪੱਤਰ ਮੀਡੀਆ ਨੂੰ ਜਾਰੀ ਕਰ ਦਿੱਤਾ ਜਿਸ ਬਾਰੇ ਪਹਿਲਾਂ ਉਨ੍ਹਾਂ ਨੇ ਚੁੱਪ ਸਾਧੀ ਹੋਈ ਸੀ।

ਰਾਗੀ ਸਿੰਘਾਂ ਦਾ ਦੋਸ਼ ਹੈ ਕਿ ਉਹਨਾਂ ਨਾਲ ਹੈਡ ਗ੍ਰੰਥੀ ਸਾਹਿਬ ਵੱਲੋਂ ਦੁਰਵਿਹਾਰ ਦਾ ਮਾਮਲਾ ਪੁਰਾਣਾ ਹੈ ਪਰ ਉਹ ਚੁੱਪ ਕਰਕੇ ਇਹ ਸਹਿੰਦੇ ਆ ਰਹੇ ਸਨ ਹਾਲਾਂਕਿ ਮੁਸ਼ਕਿਲਾਂ ਵੱਡੀਆਂ ਸਨ। ਉਹ ਕੋਈ ਐਸੀ ਸਥਿਤੀ ਲਿਆਉਣਾ ਨਹੀਂ ਚਾਹੁੰਦੇ ਸਨ।

ਇਸੇ ਲਈ ਉਹ ਇਸ ਸਥਿਤੀ ਨੂੰ ਟਾਲਦੇ ਆ ਰਹੇ ਸਨ ਪਰ ਲਗਪਗ 20 ਦਿਨ ਪਹਿਲਾਂ ਸਥਿਤੀ ਉਸ ਵੇਲੇ ਗੰਭੀਰ ਮੋੜ ਲੈ ਗਈ ਜਦ ਸ੍ਰੀ ਦਰਬਾਰ ਸਾਹਿਬ ਵਿੱਚ ਭਾਈ ਗੁਰਦੇਵ ਸਿੰਘ ਰਾਗੀ ਦੇ ਚੱਲਦੇ ਕੀਰਤਨ ਦੌਰਾਨ ਉਨ੍ਹਾਂ ਨੂੰ ਕੋਈ ਸ਼ਬਦ ਪੜ੍ਹਦਿਆਂ ਸ਼ਬਦ ਬਦਲਣ ਦਾ ਇਸ਼ਾਰਾ ਹੋਣ ਅਤੇ ਭਾਈ ਗੁਰਦੇਵ ਸਿੰਘ ਵੱਲੋਂ ਇਸ਼ਾਰੇ ਵਿੱਚ ਹੀ ਨਾਂਹ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।


ਇਸ ਨੂੰ ਵੀ ਪੜ੍ਹੋ:
ਮੰਨ ਗਈ ਸਤਿਕਾਰ ਕਮੇਟੀ ਕਿ ਪੁਰਾਤਨ ਸਰੂਪ ਉਨ੍ਹਾਂ ਕੋਲ ਹੈ – ਪਰ ਵਾਪਿਸ ਦੇਣ ’ਚ ਅਜੇ ਵੀ ‘ਮੈਂ ਨਾ ਮਾਨੂੰ’


ਇਹ ਮਾਮਲਾ ਉਸ ਵੇਲੇ ਤੂਲ ਫ਼ੜ ਗਿਆ ਜਦ ਭਾਈ ਗੁਰਦੇਵ ਸਿੰਘ ਦੇ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਬਦ ਨਾ ਬਦਲੇ ਜਾਣ ਤੋਂ ਬਾਅਦ ਉਨ੍ਹਾਂ ਨਾਲ ਹੈਡ ਗ੍ਰੰਥੀ ਸਾਹਿਬ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਭੈੜੇ ਸ਼ਬਦ ਬੋਲੇ ਗਏ। ਇਸ ’ਤੇ ਸਾਰੇ ਰਾਗੀ ਇਕੱਠੇ ਹੋਏ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਸ਼ਿਕਾਇਤ ਪੱਤਰ ਦਿੱਤਾ ਗਿਆ ਪਰ ਫ਼ਿਰ ਵੀ ਮਰਿਆਦਾ ਦਾ ਖ਼ਿਆਲ ਰੱਖਦਿਆਂ ਮੀਡੀਆ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਹੈ ਪਰ ਉਹ ਇਸ ਦੀ ਇਬਾਰਤ ਅਜੇ ਸਾਂਝੀ ਨਹੀਂ ਕਰਨੀ ਚਾਹੁਣਗੇ।

ਉਸ ਵੇਲੇ ਵੀ ਰਾਗੀ ਸਿੰਘਾਂ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਹਫ਼ਤੇ ਦੱਸ ਦਿਨਾਂ ਦੇ ਅੰਦਰ ਉਹ ਇਸ ਬਾਰੇ ਕੁਝ ਕਰਨਗੇ।

ਰਾਗੀ ਸਿੰਘਾਂ ਨੇ ਉਦੋਂ ਹੀ ਆਖ਼ ਦਿੱਤਾ ਸੀ ਕਿ ਜੇ ਅਕਾਲ ਤਖ਼ਤ ਸਾਹਿਬ ਨੇ ਕੋਈ ਐਕਸ਼ਨ ਨਾ ਲਿਆ ਤਾਂ ਫ਼ਿਰ ਉਹ ਮਜਬੂਰ ਹੋ ਕੇ ਆਪਣਾ ਪੱਤਰ ਜਨਤਕ ਕਰ ਦੇਣਗੇ। ਸੋ ਅੱਜ ਉਕਤ ਪੱਤਰ ਦਿੱਤੇ ਹੋਣ ਦੇ ਲਗਪਗ 15 ਦਿਨ ਬਾਅਦ ਇਹ ਪੱਤਰ ਜਨਤਕ ਕੀਤਾ ਗਿਆ ਹੈ।

ਆਪਣੇ ਦੋ ਸਫ਼ਿਆਂ ਦੇ ਉਕਤ ਪੱਤਰ ਵਿਚ ਰਾਗੀ ਸਿੰਘਾਂ ਨੇ ਕਿਹਾ ਹੈ ਕਿ ਬਹੁਤ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਕੁਝ ਲਿਖ਼ ਕੇ ਦੇਣਾ ਪੈ ਰਿਹਾ ਹੈ ਅਤੇ ਉਹ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਭਵਿੱਖ ਵਿੱਚ ਦਰਬਾਰ ਸਾਹਿਬ ਦੇ ਕੀਰਤਨੀਆਂ ਦੀ ਦੁਰਦਸ਼ਾ ਇਸ ਤਰ੍ਹਾਂ ਦੀ ਨਾ ਹੋਵੇ ਜਿਸ ਤਰ੍ਹਾਂ ਦੀ ਹੁਣ ਹੈ। ਉਨ੍ਹਾਂ ਕਿਹਾ ਕਿ ਹੈ ਕਿ ਇਸ ਦੇ ਜ਼ਿੰਮੇਵਾਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹਨ।

ਇਹ ਦੋਸ਼ ਲਗਾਇਆ ਗਿਆ ਹੈ ਕਿ ਗਿਆਨੀ ਜਗਤਾਰ ਸਿੰਘ, ਗੁਰੂ ਸਾਹਿਬ ਜੀ ਦੀ ਤਾਬਿਆ ਤੇ ਬੈਠ ਕੇ ਰਾਗੀ ਸਿੰਘਾਂ ਨੂੰ ਕੁੁਬੋਲ ਬੋਲਦੇ ਹਨ, ਬਾਹਰ ਆ ਕੇ ਗਾਲ੍ਹਾਂ ਵੀ ਕੱਢਦੇ ਹਨ ਅਤੇ ਤਾਬਿਆ ਬੈਠ ਕੇ ਆਪਣੀ ਮਰਜ਼ੀ ਦੇ ਸ਼ਬਦ ਪੜ੍ਹਾਉਣ ਲਈ ਦਬਾਅ ਬਣਾਉਣ ਤੋਂ ਇਲਾਵਾ ਕਿਸੇ ਨਾ ਕਿਸੇ ਤਰੀਕੇ ਟੋਕਦੇ ਰਹਿੰਦੇ ਹਨ। ਜੇ ਕਰ ਕੋਈ ਇਸ ਸਾਰੇ ਵਤੀਰੇ ਕਰਕੇ ਬੋਲਦਾ ਹੈ ਉਸਦੀ ਡਿਊਟੀ ਹੀ ਕੱਟ ਦੇਣੀ। ਇਹ ਸਾਰਾ ਤਾਨਾਸ਼ਾਹੀ ਰਵੱਈਆ ਹੈੱਡ ਗ੍ਰੰਥੀ ਸਾਹਿਬ ਦਾ ਹੈ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਸਿਰਫ਼ ਰਾਗੀ ਸਿੰਘਾਂ ਨਾਲ ਹੀ ਨਹੀਂ, ਸੇਵਾਦਾਰਾਂ ਅਤੇ ਇੰਚਾਰਜਾਂ ਨਾਲ ਵੀ ਹੈ। ਇਹ ਸਭ ਕੁਝ ਸਾਡੀ ਬਰਦਾਸ਼ਤ ਤੋਂ ਪਰੇ ਹੈ। ਬਹੁਤ ਵਾਰ ਦਫ਼ਤਰ ਨਾਲ ਗੱਲ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਅਸੀਂ ਸਾਰੇ ਰਾਗੀ ਸਿੰਘ ਆਪਣੇ ਪੁਰਾਣੇ ਰਾਗੀ ਸਿੰਘਾਂ ਦੀ ਤਰਜ ਤੇ ਹੀ ਕਰਤਨ ਕਰਦੇ ਹਾਂ ਤੇ ਜੇਕਰ ਸਿੰਘ ਸਾਹਿਬ ਨੂੰ ਕਝ ਗ਼ਲਤ ਲੱਗਦਾ ਹੈ ਤਾਂ ਉਹ ਸਾਬਿਤ ਕਰਨ ਕਿ ਜਿਹੜੇ ਪਹਿਲਾਂ ਰਾਗੀ ਸਿੰਘ ਕੀਰਤਨ ਕਰਦੇ ਰਹੇ ਹਨ ਉਹ ਗ਼ਲਤ ਹੈ।

ਸਾਰੀ ਕੀਰਤਨ ਦੀ ਚੌਂਕੀ ਵਿੱਚ ਸਿੰਘ ਸਾਹਿਬ ਦਬਕੇ ਮਾਰਦੇ ਰਹਿੰਦੇ ਹਨ ਜਿਸ ਕਰਕੇ ਰਾਗੀ ਸਿੰਘਾਂ ਦੀ ਮਾਨਸਿਕਤਾ ਹਿੱਲ ਜਾਂਦੀ ਹੈ ਅਤੇ ਸ਼ਬਦ ਭੁੱਲ ਜਾਂਦੇ ਹਨ।

ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖ਼ੇ ਹਮੇਸ਼ਾ ਸ਼ਬਦ ਪ੍ਰਧਾਨ ਕੀਰਤਨ ਹੁੰਦਾ ਆਇਆ ਹੈ। ਪਤਾ ਨਹੀਂ ਸਿੰਘ ਸਾਹਿਬ ਜੀ (ਗਿਆਨੀ ਜਗਤਾਰ ਸਿੰਘ) ਨੇ ਕਿਹੜੀ ਨਵੀਂ ਖ਼ੋਜ ਕਰ ਲਈ ਹੈ ਜਦਕਿ ਬਾਕੀ ਸਿੰਘ ਸਾਹਿਬਾਨ ਵੱਲੋਂ ਸਾਰੇ ਰਾਗੀ ਸਿੰਘਾਂ ਨੂੰ ਹਮੇਸ਼ਾ ਅਸੀਸਾਂ ਹੀ ਮਿਲਦੀਆਂ ਹਨ।

ਵੀਹ ਵੀਹ ਸਾਲਾਂ ਤੋਂ ਜ਼ਿਆਦਾ ਕਈ ਰਾਗੀ ਸਿੰਘਾਂ ਨੂੰ ਇਸ ਅਸਥਾਨ ’ਤੇ ਕੀਰਤਨ ਕਰਦੇ ਹੋ ਗਏ ਹਨ ਪਰ ਇਸ ਦੌਰਾਨ ਕਿਸੇ ਵੀ ਸਿੰਘ ਸਾਹਿਬ ਨੇ ਇਸ ਤਰ੍ਹਾਂ ਦਾ ਰਵੱਈਆ ਨਹੀਂ ਰੱਖਿਆ ਸਾਰੇ ਪਿਆਰ ਹੀ ਵੰਡਦੇ ਰਹੇ ਹਨ, ਹੈੱਡ ਗ੍ਰੰਥੀ ਸਾਹਿਬ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਵੀ ਲਾਈਵ ਕਥਾ ਦੇ ਵਿੱਚ ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰਦੇ ਰਹਿੰਦੇ ਹਨ ਪਰ ਅਸੀਂ ਕਦੇ ਸਿੰਘ ਸਾਹਿਬ ਜੀ ਦੇ ਅੱਗੇ ਜਵਾਬ ਨਹੀਂ ਦਿੱਤਾ, ਪਰ ਨਾ ਬੋਲਣ ਦਾ ਮਤਲਬ ਹਰ ਵੇਲੇ ਬੇਇਜ਼ਤੀ ਕਰਵਾਉਣਾ ਨਹੀਂ।

ਸੋ ਸ਼੍ਰੋਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਕੀਰਤਨੀਆਂ ਦੀ ਬੇਨਤੀ ਹੈ ਕਿ ਐਸੀ ਮਾਨਸਿਕਤਾ ਐਸੀ ਵੱਡੀ ਪਦਵੀ ਤੇ ਸੋਭਦੀ ਨਹੀਂ ਇਸ ਕਰਕੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਵੱਡੇ ਸਿੰਘ ਸਾਹਿਬ ਦੀ ਪਦਵੀ ਤੇ ਨਹੀਂ ਹੋਣਾ ਚਾਹੀਦਾ। ਪੱਤਰ ਦੇ ਅਖ਼ੀਰ ਵਿੱਚ ਇਹ ਉਮੀਦ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਗੀ ਸਿੰਘਾਂ ਨੂੰ ਇਨਸਾਫ਼ ਮਿਲੇਗਾ ਅਤੇ ਇੱਜ਼ਤ ਬਹਾਲੀ ਹੋਵੇਗੀ।

ਜ਼ਿਕਰਯੋਗ ਹੈ ਕਿ ਇਸੇ ਸੰਬੰਧ ਵਿੱਚ ਇਕ ਹੋਰ ਵਾਕਿਆ ਵਾਪਰਿਆ ਜੋ ਰਾਗੀ ਸਿੰਘਾਂ ਨੇ ਇਕ ਵੀਡੀਓ ਰਾਹੀਂ ਵਰਨਣ ਕੀਤਾ ਸੀ। ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਨੇ ਦੋਸ਼ ਲਗਾਇਆ ਸੀ ਕਿ ਉਕਤ ਪੱਤਰ ਅਕਾਲ ਤਖ਼ਤ ਸਾਹਿਬ ’ਤੇ ਸੌਂਪ ਦਿੱਤੇ ਜਾਣ ਤੋਂ ਬਾਅਦ ਗਿਆਨੀ ਜਗਤਾਰ ਸਿੰਘ ਦੇ ਦਾਮਾਦ ਭਾਈ ਜ਼ੋਰਾ ਸਿੰਘ, ਜੋ ਖ਼ੁਦ ਵੀ ਰਾਗੀ ਹਨ, ਨੇ ਉਨ੍ਹਾਂ ਨੂੰ ਕੀਰਤਨ ਚੌਂਕੀ ਭਰ ਕੇ ਬਾਹਰ ਆਉਣ ਤੋਂ ਬਾਅਦ ਹਰਿ ਕੀ ਪਉੜੀ ਨੇੜੇ ਖੜ੍ਹੇ ਹੋ ਕੇ ਧਮਕਾਇਆ ਸੀ ਜਿਸ ਬਾਰੇ ਉਨ੍ਹਾਂ ਦਾ ਦਾਅਵਾ ਸੀ ਕਿ ਸੀ.ਸੀ.ਟੀ.ਵੀ.ਫੁੱਟੇਜ ਚੈੱਕ ਕਰਨ ’ਤੇ ਸਾਰੀ ਗੱਲ ਸਾਹਮਣੇ ਆ ਸਕਦੀ ਹੈ।

ਹੁਣ ਇਸ ਮਾਮਲੇ ’ਤੇ ਰਾਗੀ ਸਿੰਘਾਂ ਅਤੇ ਹੈਡ ਗ੍ਰੰਥੀ ਵਿਚਾਲੇ ਇਹ ਟਕਰਾਅ ਵਾਲੀ ਸਥਿਤੀ ਕਿੱਧਰ ਨੂੰ ਜਾਂਦੀ ਹੈ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਇਸ ਮਾਮਲੇ ’ਤੇ ਸਾਰੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਟਿੱਕੀਆਂ ਹੋਈਆਂ ਹਨ, ਜਿਨ੍ਹਾ ਕੋਲ ਇਹ ਮਾਮਲਾ ਲੰਬਿਤ ਹੈ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ