ਯੈੱਸ ਪੰਜਾਬ
ਅੰਮ੍ਰਿਤਸਰ, 28 ਅਪ੍ਰੈਲ, 2025
Sri Guru Ram Das Institute ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਸ੍ਰੀ Amritsar ਨੇ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐਮ.ਵੀ.ਐਸ.ਐਸ.), ਜੈਪੁਰ, ਰਾਜਸਥਾਨ ਦੇ ਸਹਿਯੋਗ ਨਾਲ ਸੰਸਥਾ ਦੇ ਕੈਂਪਸ ਵਿਖੇ ਜੈਪੁਰ ਫੁਟ ਸੈਂਟਰ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰ. ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ Amritsar ਅਤੇ ਪਦਮ ਭੂਸ਼ਣ ਸ਼੍ਰੀ ਡੀ.ਆਰ. ਮਹਿਤਾ, ਸੰਸਥਾਪਕ ਅਤੇ ਮੁੱਖ ਸਰਪ੍ਰਸਤ, ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀ.ਐਮ.ਵੀ.ਐਸ.ਐਸ.), ਜੈਪੁਰ ਦੁਆਰਾ ਕੀਤਾ ਗਿਆ। ਜੈਪੁਰ ਫੁਟ ਸੈਂਟਰ ਪੰਜਾਬ ਵਿੱਚ ਇੱਕੋ ਇੱਕ ਅਜਿਹਾ ਕੇਂਦਰ ਹੈ, ਜਿਥੇ ਦਿਵਿਆਂਗਾਂ ਨੂੰ ਵਿਸ਼ਵ^ਪ੍ਰਸਿੱਧ ਜੈਪੁਰ ਫੁਟ ਕੰਪਨੀ ਦੇ ਬਣਾਉਟੀ ਅੰਗ, ਕੈਲੀਪਰ ਅਤੇ ਹੋਰ ਸਹਾਇਤਾ ਅਤੇ ਉਪਕਰਣ ਮੁਫ਼ਤ ਪ੍ਰਦਾਨ ਕੀਤੇ ਜਾਣਗੇ।
ਭਾਰਤ ਸਰਕਾਰ ਦੇ ਸਾਬਕਾ ਰਾਜਦੂਤ ਸ਼੍ਰੀ ਨਵਦੀਪ ਸੂਰੀ, ਚੇਅਰਮੈਨ, ਜੈਪੁਰ ਫੁਟ ਸੈਂਟਰ, ਸ੍ਰੀ ਅੰਮ੍ਰਿਤਸਰ, ਸਾਬਕਾ ਰਾਜਦੂਤ ਸ਼੍ਰੀ ਸਤੀਸ਼ ਮਹਿਤਾ, ਪ੍ਰਧਾਨ, ਬੀ.ਐਮ.ਵੀ.ਐਸ.ਐਸ. ਅਤੇ ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਰਗੇ ਸਤਿਕਾਰਯੋਗ ਮਹਿਮਾਨਾਂ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਤਾ।
ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ ਇੱਕ ਚੈਰੀਟੇਬਲ ਟਰੱਸਟ ਹੈ ਜੋ ਸ੍ਰੀ ਅੰਮ੍ਰਿਤਸਰ ਵਿਖੇ ਮੈਡੀਕਲ ਯੂਨੀਵਰਸਿਟੀ, ਹਸਪਤਾਲ, ਮੈਡੀਕਲ, ਡੈਂਟਲ ਅਤੇ ਨਰਸਿੰਗ ਕਾਲਜ ਚਲਾਉਂਦੀ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕਰਦੀ ਹੈ। ਇਸਦਾ ਮਹਿਤਾ ਰੋਡ, ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ 1000 ਬਿਸਤਰਿਆਂ ਵਾਲਾ ਹਸਪਤਾਲ ਹੈ, ਜਿਥੇ ਹਰ ਮਹੀਨੇ ਹਜ਼ਾਰਾਂ ਇਨਡੋਰ ਅਤੇ ਓਪੀਡੀ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ।
ਬੀ.ਐਮ.ਵੀ.ਐਸ.ਐਸ., ਜੈਪੁਰ, ਜਿਸਨੂੰ ਜੈਪੁਰ ਫੁਟ ਜਥੇਬੰਦੀ ਵੀ ਕਿਹਾ ਜਾਂਦਾ ਹੈ, ਇੱਕ ਚੈਰੀਟੇਬਲ ਸੋਸਾਇਟੀ ਹੈ, ਜੋ 1975 ਵਿੱਚ ਸ੍ਰੀ ਡੀ.ਆਰ. ਮਹਿਤਾ ਦੁਆਰਾ ਸਥਾਪਿਤ ਕੀਤੀ ਗਈ ਸੀ। ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸਨੇ ਦਿਵਿਆਂਗਾਂ ਨੂੰ 24 ਲੱਖ ਤੋਂ ਵੱਧ ਜੈਪੁਰ ਫੁੱਟ ਬਣਾਉਟੀ ਅੰਗ, ਕੈਲੀਪਰ ਅਤੇ ਹੋਰ ਸਹਾਇਕ ਉਪਕਰਣ ਮੁਫਤ ਪ੍ਰਦਾਨ ਕੀਤੇ ਹਨ।
ਇਸ ਮੌਕੇ ਬੋਲਦਿਆ ਸ. ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਜੈਪੁਰ ਫੁਟ ਸੈਂਟਰ ਦੀ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਐਸ.ਜੀ.ਆਰ.ਡੀ.ਆਈ.ਐਮ.ਐਸ.ਆਰ. ਦੀ ਲੀਡਰਸ਼ਿਪ ਨੂੰ ਇਸ ਪਹਿਲ ਕਦਮੀ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜੈਪੁਰ ਫੁਟ ਸੈਂਟਰ, ਸ੍ਰੀ ਅੰਮ੍ਰਿਤਸਰ ਜਲਦੀ ਹੀ ਪੂਰੇ ਪੰਜਾਬ ਵਿੱਚ ਆਪਣਾ ਵਿਸਥਾਰ ਕਰ ਲਵੇਗਾ ਅਤੇ ਇਸ ਸਬੰਧ ਵਿੱਚ ਉਨ੍ਹਾਂ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਬੋਲਦਿਆਂ, ਸ਼੍ਰੀ ਡੀ.ਆਰ. ਮਹਿਤਾ ਨੇ ਕਿਹਾ ਕਿ ਐਸ.ਜੀ.ਆਰ.ਡੀ. ਮੈਡੀਕਲ ਕਾਲਜ ਵਰਗੀ ਵਿਸ਼ਵ ਪ੍ਰਸਿਧ ਨਾਮਵਰ ਸੰਸਥਾ ਨਾਲ ਭਾਈਵਾਲੀ ਕਰਕੇ ਉਹ ਬਹੁਤ ਖੁਸ਼ ਹਨ ਅਤੇ ਸੰਸਥਾ ਵੱਲੋਂ ਬੀ.ਐਮ.ਵੀ.ਐਸ.ਐਸ. ਨੂੰ ਮਿਲੇ ਸਮਰਥਨ ਲਈ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਸੈਂਟਰ ਦਾ ਉਦਘਾਟਨ ਬੀ.ਐਮ.ਵੀ.ਐਸ.ਐਸ. ਲਈ ਖਾਸ ਹੈ, ਜਿਸਦੇ ਭਾਰਤ ਭਰ ਵਿੱਚ 35 ਹੋਰ ਕੇਂਦਰ ਹਨ. ਉਨ੍ਹਾਂ ਕਿਹਾ ਕਿ 1975 ਵਿੱਚ ਸਥਾਪਿਤ ਬੀ.ਐਮ.ਵੀ.ਐਸ.ਐਸ. ਨੇ ਹੁਣੇ ਹੀ ਆਪਣੀ 50ਵੀਂ ਵਰ੍ਹੇਗੰਢ ਮਨਾਈ ਹੈ। ਉਨ੍ਹਾਂ ਇਹ ਸਾਂਝਾ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਕਿ ਵਿਲੱਖਣ ਤਕਨਾਲੋਜੀ ਨਾਲ ਤਿਆਰ ਜੈਪੁਰ ਫੁਟ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬਣਾਉਟੀ ਅੰਗ ਹੈ।
ਉਨ੍ਹਾਂ ਕਿਹਾ ਕਿ ਜੈਪੁਰ ਫੁਟ ਦੀ ਵਰਤੋਂ ਕਰਨ ਵਾਲਾ ਵਿਅਕਤੀ ਤੁਰ ਸਕਦਾ ਹੈ, ਦੌੜ ਸਕਦਾ ਹੈ, ਤੈਰ ਸਕਦਾ ਹੈ, ਬੈਠ ਸਕਦਾ ਹੈ, ਨੱਚ ਸਕਦਾ ਹੈ, ਕਾਰ ਜਾਂ ਮੋਟਰਸਾਈਕਲ ਚਲਾ ਸਕਦਾ ਹੈ ਅਤੇ ਇੱਕ ਆਮ ਜੀਵਨ ਬਤੀਤ ਕਰ ਸਕਦਾ ਹੈ। ਇਸਨੂੰ ਜੁੱਤੀਆਂ ਦੇ ਨਾਲ ਜਾਂ ਬਿਨਾਂ ਪਹਿਨਿਆ ਜਾ ਸਕਦਾ ਹੈ।
ਜੈਪੁਰ ਗੋਡੇ ਦਾ ਜੋੜ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਟਾਈਮ ਮੈਗਜ਼ੀਨ ਨੇ ਇਸਨੂੰ 2009 ਦੀਆਂ 50 ਸਭ ਤੋਂ ਵਧੀਆ ਕਾਢਾਂ ਵਿੱਚੋਂ ਇੱਕ ਵਜੋਂ ਸ਼ਲਾਘਾ ਕੀਤੀ।
ਉਨ੍ਹਾਂ ਨੇ ਬੀ.ਐਮ.ਵੀ.ਐਸ.ਐਸ. ਨਾਲ ਭਾਈਵਾਲੀ ਲਈ ਐਸ.ਜੀ.ਆਰ.ਡੀ. ਮੈਡੀਕਲ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਕੇਂਦਰ ਦੀ ਸਥਾਪਨਾ ਵਿੱਚ ਉਨ੍ਹਾਂ ਦੇ ਯਤਨਾਂ ਅਤੇ ਸਮਰਥਨ ਲਈ ਡੀਨ ਡਾ. ਏ.ਪੀ. ਸਿੰਘ ਦੀ ਭੂਮਿਕਾ ਦੀ ਸ਼ਲਾਘਾ ਕੀਤੀ. ਉਨ੍ਹਾਂ ਨੇ ਐਚ.ਡੀ.ਐਫ.ਸੀ. ਬੈਂਕ ਦੀ ਅਗਵਾਈ ਅਤੇ ਰਾਜਦੂਤ ਸੂਰੀ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਵੀ ਕੀਤਾ।
ਜੈਪੁਰ ਫੁਟ ਸੈਂਟਰ, ਸ਼੍ਰੀ ਅੰਮ੍ਰਿਤਸਰ ਦੇ ਚੇਅਰਮੈਨ, ਰਾਜਦੂਤ ਨਵਦੀਪ ਸੂਰੀ ਨੇ ਕੇਂਦਰ ਦੇ ਉਦਘਾਟਨ ਦੀ ਸ਼ਲਾਘਾ ਕੀਤੀ, ਜਿਸਦੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਲੋੜ ਸੀ। ਉਨ੍ਹਾਂ ਨੇ ਬੀ.ਐਮ.ਵੀ.ਐਸ.ਐਸ. ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕੀਤਾ ਅਤੇ ਹੁਣ ਇਸਦਾ ਹਿੱਸਾ ਬਣਨ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੈਂਟਰ ਦੀ ਸ਼ੁਰੂਆਤ ਸਿੱਖੀ ਦੇ ਸਿਧਾਤ “ਸਰਬੱਤ ਦਾ ਭਲਾ” ਦੀ ਤਰਜ ਤੇ ਕੀਤੀ ਗਈ ਹੈ।
ਬੀ.ਐਮ.ਵੀ.ਐਸ.ਐਸ. ਦੇ ਪ੍ਰਧਾਨ, ਰਾਜਦੂਤ ਸਤੀਸ਼ ਮਹਿਤਾ ਨੇ ਕਿਹਾ ਕਿ ਬੀ.ਐਮ.ਵੀ.ਐਸ.ਐਸ. ਨੇ ਆਪਣੀ ਸਹਾਇਤਾ ਸਿਰਫ ਭਾਰਤ ਦੇ ਲੋਕਾਂ ਤੱਕ ਸੀਮਤ ਨਹੀਂ ਰੱਖੀ ਹੈ। ਵਾਸੂਦੇਵਯ ਕੁਟੁੰਬਖਮ ਦੀ ਸੱਚੀ ਭਾਵਨਾ ਵਿੱਚ, 1986 ਤੋਂ, ਇਹ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਵਿੱਚ ਦਿਵਯਾਂਗਾਂ ਦੀ ਸੇਵਾ ਕਰ ਰਿਹਾ ਹੈ। ਹੁਣ ਤੱਕ ਇਸਨੇ ਏਸ਼ੀਆ, ਅਫਰੀਕਾ, ਲਾਤੀਨੀ ਅਤੇ ਦੱਖਣੀ ਅਮਰੀਕਾ ਅਤੇ ਪ੍ਰਸ਼ਾਂਤ ਟਾਪੂਆਂ ਦੇ 44 ਦੇਸ਼ਾਂ ਵਿੱਚ 114 ਕੈਂਪ ਲਗਾਏ ਹਨ ਜਿਨ੍ਹਾਂ ਵਿੱਚ 44,000 ਤੋਂ ਵੱਧ ਦਿਵਿਆਂਗਾਂ ਦਾ ਪੁਨਰਵਾਸ ਕੀਤਾ ਗਿਆ ਹੈ।
ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਿਛਲੇ 7 ਸਾਲਾਂ ਵਿੱਚ ਆਪਣੇ ਇੰਡੀਆ ਫਾਰ ਹਿਊਮੈਨਿਟੀੋ ਪ੍ਰੋਗਰਾਮ ਤਹਿਤ ਬੀ.ਐਮ.ਵੀ.ਐਸ.ਐਸ. ਨੂੰ 23 ਦੇਸ਼ਾਂ ਵਿੱਚ ਜੈਪੁਰ ਫੁਟ ਅੰਗ ਪ੍ਰਦਾਨ ਕਰਨ ਦੇ ਯੋਗ ਬਣਾਇਆ ਹੈ।
ਐਚ.ਡੀ.ਐਫ.ਸੀ. ਬੈਂਕ ਦੇ ਖੇਤਰੀ ਮੁਖੀ ਸ਼੍ਰੀ ਲਲਿਤ ਬੱਤਰਾ ਨੇ ਐਸ.ਜੀ.ਆਰ.ਡੀ. ਮੈਡੀਕਲ ਯੂਨੀਵਰਸਿਟੀ ਅਤੇ ਬੀ.ਐਮ.ਵੀ.ਐਸ.ਐਸ. ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨ ‘ਤੇ ਆਪਣੀ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਜੈਪੁਰ ਫੁਟ ਪ੍ਰੋਜੈਕਟ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਹ ਇਸ ਗੱਲ ‘ਤੇ ਖੁਸ਼ ਸਨ ਕਿ ਐਚ.ਡੀ.ਐਫ.ਸੀ. ਬੈਂਕ ਦੁਆਰਾ ਬੀ.ਐਮ.ਵੀ.ਐਸ.ਐਸ. ਨੂੰ ਪ੍ਰਦਾਨ ਕੀਤੀ ਗਈ ਇੱਕ ਮੋਬਾਈਲ ਵਰਕਸ਼ਾਪ ਕੇਂਦਰ ਵਿੱਚ ਤਾਇਨਾਤ ਕੀਤੀ ਜਾ ਰਹੀ ਹੈ।
ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਐਚਡੀਐਫਸੀ ਬੈਂਕ ਦੁਆਰਾ ਖੁੱਲ੍ਹੇ ਦਿਲ ਨਾਲ ਦਾਨ ਕੀਤੀ ਗਈ ਜੈਪੁਰ ਫੁਟ ਮੋਬਾਈਲ ਵਰਕਸ਼ਾਪ ਦਾ ਵੀ ਉਦਘਾਟਨ ਕੀਤਾ। ਮੋਬਾਈਲ ਵਰਕਸ਼ਾਪ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿੱਚ ਨਕਲੀ ਅੰਗ ਬਣਾਉਣ ਅਤੇ ਫਿਟਿੰਗ ਦੇ ਯੋਗ ਬਣਾਏਗੀ ਤਾਂ ਜੋ ਕੇਂਦਰ ਤੱਕ ਯਾਤਰਾ ਕਰਨ ਤੋਂ ਅਸਮਰੱਥ ਦਿਵਿਆਂਗਾਂ ਦਾ ਪੁਨਰਵਾਸ ਕੀਤਾ ਜਾ ਸਕੇ। ਸ੍ਰ. ਹਰਜਿੰਦਰ ਸਿੰਘ ਧਾਮੀ ਅਤੇ ਮੌਜੂਦ ਹੋਰ ਪਤਵੰਤਿਆਂ ਨੇ ਕੁਝ ਦਿਵਿਆਂਗਾਂ ਨੂੰ ਕਸਟਮ-ਮੇਡ ਜੈਪੁਰ ਫੁਟ ਅੰਗ ਸੌਂਪੇ ਅਤੇ ਉਨ੍ਹਾਂ ਦੇ ਜੀਵਨ ਵਿੱਚ ਦਿਖਾਈ ਦੇਣ ਵਾਲੇ ਬਦਲਾਅ ਦੀ ਸ਼ਲਾਘਾ ਕੀਤੀ।
ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਨੇ ਕਿਹਾ ਕਿ ਅਪਾਹਜਾਂ ਨੂੰ ਬਣਾਉਟੀ ਅੰਗ ਮੁਹੱਈਆ ਕਰਵਾਉਣਾ ਕੇਵਲ ਇੱਕ ਚੈਰੀਟੇਬਲ ਕੰਮ ਨਹੀਂ, ਸਗੋਂ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਮਾਣ-ਸਨਮਾਨ ਬਹਾਲ ਕਰਨ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਡੂੰਘੀ ਵਚਨਬੱਧਤਾ ਹੈ।
ਉਨ੍ਹਾਂ ਸੰਸਥਾ ਵਿਖੇ ਅਪਾਹਜਾ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਸਹਾਇਤਾ ਦਾ ਪ੍ਰਚਾਰ ਕਰਨ ਲਈ ਸਾਰਿਆ ਨੂੰ ਬੇਨਤੀ ਕੀਤੀ, ਤਾਂ ਜੋ ਦੇਸ਼ ਦੇ ਵੱਖ-ਵੱਖ ਹਿਸਿਆ ਵਿੱਚ ਰਹਿਣ ਵਾਲੇ ਅਪਾਹਜ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ. ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਰਾ ਇਲਾਜ ਅਤੇ ਬਣਾਉਟੀ ਅੰਗ ਬਿਲਕੁੱਲ ਮੁਫ਼ਤ ਦਿੱਤੇ ਜਾਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਡਾ. ਅਰਵਿੰਦਰ ਸਿੰਘ ਸੂਦ, ਡਾ. ਪੂਜਾ ਪਾਲ, ਡਾ. ਜਸਕਰਨ ਸਿੰਘ, ਡਾ. ਭਾਨੂੰ ਭਾਰਦਵਾਜ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।