ਯੈੱਸ ਪੰਜਾਬ
ਚੰਡੀਗੜ੍ਹ, 28 ਜੂਨ, 2022:
ਐਤਵਾਰ 26 ਜੂਨ ਨੂੰ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
ਸ:ਮਾਨ ਆਪਣੇ ਜੇਤੂ ਜਲੂਸ ਦੌਰਾਨ ਹੀ ਕੁਝ ਅਸਹਿਜ ਮਹਿਸੂਸ ਕਰ ਰਹੇ ਸਨ ਅਤੇ ਉਹ ਉਸੇ ਦਿਨ ਹੀ ਆਰਾਮ ਲਈ ਚਲੇ ਗਏ ਸਨ ਪਰ ਖ਼ਾਂਸੀ ਅਤੇ ਬੁਖ਼ਾਰ ਦੀ ਸ਼ਿਕਾਇਤ ਉਪਰੰਤ ਉਹਨਾਂ ਦਾ ਕਰਵਾਇਆ ਗਿਆ ਕੋਰੋਨਾ ਟੈਸਟ ਪਾਜ਼ਿਟਿਵ ਆਇਆ।
ਇਸ ਬਾਰੇ ਸ: ਸਿਮਰਨਜੀਤ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖ਼ਿਆ:
ਮੈਨੂੰ ਪਿਛਲੇ ਕੁੱਝ ਦਿਨਾਂ ਤੋਂ ਗਲੇ ਵਿੱਚ ਇੰਫੈਕਸ਼ਨ ਹੋ ਰਹੀ ਸੀ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਵਿਡ ਟੈਸਟ ਰਿਪੋਰਟ ਪੌਜ਼ਟਿਵ ਆਈ ਹੈ। ਪਰ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਡਾ. ਸਾਹਿਬਾਨਾਂ ਵੱਲੋਂ 7 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਸਲਾਹ ਦਿਤੀ ਗਈ ਹੈ, ਇਸ ਤੋਂ ਬਾਅਦ ਮੈਂ ਆਮ ਦਿਨਾਂ ਵਾਂਗ ਸੰਗਤ ਦੇ ਦਰਸ਼ਨ ਕਰਾਂਗਾ,
ਇਸ ਬਾਰੇ ਗੱਲਬਾਤ ਕਰਦਿਆਂ ਸੰਗਰੂਰ ਦੀ ਸਿਵਲ ਸਰਜਨ ਡਾ: ਪਰਮਿੰਦਰ ਕੌਰ ਨੇ ਦੱਸਿਆ ਕਿ ਸ: ਸਿਮਰਨਜੀਤ ਸਿੰਘ ਮਾਨ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਅਸੀਂ ਉਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖ਼ੇ ਰੈਫ਼ਰ ਕੀਤਾ ਹੈ।
ਇਸੇ ਦੌਰਾਨ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਪਤਾ ਲੱਗਣ ’ਤੇ ਕਿ ਸ: ਸਿਮਰਨਜੀਤ ਸਿੱਘ ਮਾਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ, ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਚੰਗੀ ਸਿਹਤ ਸੇਵਾ ਦਾ ਭਰੋਸਾ ਦਿੱਤਾ ਹੈ। ਸ: ਭਗਵੰਤ ਸਿੰਘ ਮਾਨ ਨੇ ਸ: ਸਿਮਰਨਜੀਤ ਸਿੰਘ ਮਾਨ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ।
ਸ: ਸਿਮਰਨਜੀਤ ਸਿੰਘ ਮਾਨ ਦੇ ਬੇਟੇ ਸ: ਇਮਾਨ ਸਿੰਘ ਮਾਨ ਨੇ ਕਿਹਾ ਹੈ ਕਿ ਸ: ਮਾਨ 77 ਸਾਲਾਂ ਦੇ ਹਨ ਇਸ ਲਈ ਪਰਿਵਾਰ ਇਹਤਿਆਤ ਵਰਤ ਰਿਹਾ ਹੈ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਸ: ਮਾਨ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਨੂੰ ਕੋਵਿਡ ਟੈਸਟ ਕਰਾਉਣ ਲਈ ਆਖ਼ਿਆ ਹੈ।
ਸਮਝਿਆ ਜਾ ਰਿਹਾ ਹੈ ਕਿ ਸੰਗਰੂਰ ਦੀ ਗਹਿਗੱਚ ਚੋਣ ਜੰਗ ਦੌਰਾਨ ‘ਆਮ ਆਦਮੀ ਪਾਰਟੀ’ ਦੇ ਨਾਲ ਨਾਲ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਉੋਮੀਦਵਾਰਾਂ ਨੂੰ ਹਰਾ ਕੇ ਜਿੱਤੇ ਸ: ਮਾਨ ਦੇ ਚੋਣ ਅਤੇ ਜੇਤੂ ਰੋਡ ਸ਼ੋਅ ਦੌਰਾਨ ਕਈਆਂ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਸ: ਮਾਨ ਕੋਰੋਨਾ ਪਾਜ਼ਿਟਿਵ ਹੋਏ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ