ਯੈੱਸ ਪੰਜਾਬ
ਲੁਧਿਆਣਾ, 11 ਜੂਨ, 2025
ਆਮ ਆਦਮੀ ਪਾਰਟੀ (ਆਪ) Punjab ਦੇ ਪ੍ਰਧਾਨ Aman Arora ਨੇ ਭਾਜਪਾ Punjab ਦੇ ਪ੍ਰਧਾਨ Sunil Jakhar ਦੇ ਹਾਲੀਆ ਬਿਆਨ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਜਨੀਤੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਕਾਲਤ ਕੀਤੀ ਹੈ।
ਜਾਖੜ ਨੇ ਸੁਝਾਅ ਦਿੱਤਾ ਕਿ ਸਾਰੇ ਰਾਜਨੀਤਿਕ ਆਗੂਆਂ ਨੂੰ ਡਰੱਗ ਟੈੱਸਟ ਕਰਵਾਉਣੇ ਚਾਹੀਦੇ ਹਨ ਅਤੇ ਆਪਣੀਆਂ ਜਾਇਦਾਦਾਂ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ, ਜਿਸ ਦੀ ਸ਼ੁਰੂਆਤ ਪਾਰਟੀ ਪ੍ਰਧਾਨਾਂ ਤੋਂ ਹੋਣੀ ਚਾਹੀਦੀ ਹੈ।
ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਬੋਲਦਿਆਂ, ਅਮਨ ਅਰੋੜਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਆਮ ਆਦਮੀ ਪਾਰਟੀ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੁਆਰਾ ਰਾਜਨੀਤੀ ਵਿੱਚ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ਲਿਆਉਣ ਦੇ ਦ੍ਰਿਸ਼ਟੀਕੋਣ ਨਾਲ ਕੀਤੀ ਗਈ ਸੀ। ਮੈਂ ਧੰਨਵਾਦੀ ਹਾਂ ਕਿ ਹੋਰ ਪਾਰਟੀਆਂ ਹੁਣ ਇਸ ਦ੍ਰਿਸ਼ਟੀਕੋਣ ਨੂੰ ਅਪਣਾ ਰਹੀਆਂ ਹਨ।” ਅਮਨ ਅਰੋੜਾ ਦੇ ਨਾਲ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਦੇ ਸੀਨੀਅਰ ਬੁਲਾਰੇ ਨੀਲ ਗਰਗ ਵੀ ਸਨ।
ਅਰੋੜਾ ਨੇ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ, “ਇੱਕ ਸੱਤਾਧਾਰੀ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਦਾਹਰਨ ਦੇ ਕੇ ਅਗਵਾਈ ਕਰਾਂ। ਮੈਂ ਇਸ ਪਹਿਲਕਦਮੀ ਦਾ ਸਵਾਗਤ ਕਰਦਾ ਹਾਂ ਅਤੇ ਆਪਣੀ ਜਾਇਦਾਦ ਦੇ ਵੇਰਵੇ, ਜੋ ਪਹਿਲਾਂ ਹੀ ਉਪਲਬਧ ਹਨ, ਦਾ ਖ਼ੁਲਾਸਾ ਕਰਨ ਅਤੇ ਜਾਖੜ ਦੁਆਰਾ ਨਿਰਧਾਰਿਤ ਸਮੇਂ ਅਤੇ ਸਥਾਨ ‘ਤੇ ਡਰੱਗ ਟੈੱਸਟ ਕਰਵਾਉਣ ਲਈ ਤਿਆਰ ਹਾਂ। ਆਓ ਮੀਡੀਆ ਅਤੇ ਡਾਕਟਰੀ ਪੇਸ਼ੇਵਰਾਂ ਦੀ ਮੌਜੂਦਗੀ ਵਿੱਚ ਇਸ ਟੈੱਸਟ ਨੂੰ ਪਾਰਦਰਸ਼ੀ ਢੰਗ ਨਾਲ ਕਰੀਏ।”
ਜਾਖੜ ਨੂੰ ਇਸ ਪਹਿਲਕਦਮੀ ਦੇ ਦਾਇਰੇ ਨੂੰ ਵਧਾਉਣ ਦੀ ਅਪੀਲ ਕਰਦੇ ਹੋਏ ਅਰੋੜਾ ਨੇ ਕਿਹਾ, “ਇਸ ਨੂੰ ਪੰਜਾਬ ਤੱਕ ਹੀ ਸੀਮਤ ਕਿਉਂ ਰੱਖਿਆ ਜਾਵੇ? ਇਮਾਨਦਾਰ ਲੀਡਰਸ਼ਿਪ ਦੀ ਦੇਸ਼ ਭਰ ਵਿੱਚ ਲੋੜ ਹੈ। ਮੈਂ ਸੁਨੀਲ ਜਾਖੜ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਚਰਚਾ ਕਰਨ। ਮੈਂ ਇਸੇ ਤਰ੍ਹਾਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਸਲਾਹ-ਮਸ਼ਵਰਾ ਕਰਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪਾਰਦਰਸ਼ਤਾ ਦੇਸ਼ ਭਰ ਵਿੱਚ ਫੈਲ ਜਾਵੇ।”
ਅਰੋੜਾ ਨੇ ਜਵਾਬਦੇਹੀ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਜਾਖੜ ਨੂੰ ਹੁਣ ਆਪਣੇ ਗੱਲ ਤੋਂ ਪਿੱਛੇ ਨਾ ਹਟਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ “ਤੁਸੀਂ ਕੁਝ ਚੰਗਾ ਸ਼ੁਰੂ ਕੀਤਾ ਹੈ, ਅਤੇ ਮੈਂ ਇਸ ਵਿੱਚ ਤੁਹਾਡੀ ਅਗਵਾਈ ਦੀ ਸ਼ਲਾਘਾ ਕਰਦਾ ਹਾਂ। ਆਓ ਇਸ ਨੂੰ ਦੇਸ਼ ਭਰ ਦੀਆਂ ਸਾਰੀਆਂ ਪਾਰਟੀਆਂ ਲਈ ਇੱਕ ਮਿਸਾਲ ਬਣਾਈਏ। ਦੇਸ਼ ਇਮਾਨਦਾਰ ਨੇਤਾਵਾਂ ਦੀ ਉਡੀਕ ਕਰ ਰਿਹਾ ਹੈ।”