ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਸਨਮਾਨ

ਨਵੀਂ ਦਿੱਲੀ, 19 ਸਤੰਬਰ, 2020 –

ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਅੱਜ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਡਟਵਾਂ ਸਟੈਂਡ ਲੈਣ ਲਈ ਕੀਤਾ ਗਿਆ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕਿਸਾਨਾਂ ਦੇ ਹੱਕ ‘ਚ ਸਪਸ਼ਟ ਸਟੈਂਡ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮਿਸਾਲ ਪੇਸ਼ ਕੀਤੀ ਹੈ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਦੀ ਰਾਖੀ ਵਾਸਤੇ ਆਪਣੀ ਵਜ਼ੀਰੀ ਕੁਰਬਾਨ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਕਿਸਾਨੀ ‘ਤੇ ਵੱਡਾ ਸੰਕਟ ਆਇਆ ਹੈ ਤੇ ਅਜਿਹੇ ਕਾਨੂੰਨ ਪਾਸ ਹੋ ਰਹੇ ਹਨ ਜਿਸ ਨਾਲ ਕਿਸਾਨੀ ਦਾ ਲੰਬੇ ਸਮੇਂ ਤੱਕ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਸਿਰਫ ਕਿਸਾਨ ਪੰਜਾਬ ਹੀ ਨਹੀਂ ਦੇਸ਼ ਦੀ ਰੀੜ ਦੀ ਹੱਡੀ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਨਾਲ ਰਾਇ ਮਸ਼ਵਰਾ ਕੀਤੇ ਬਗੈਰ ਤੇ ਸਹਿਮਤੀ ਲਏ ਬਗੈਰ ਇਹ ਕਾਨੂੰਨ ਬਣਾਇਆ ਗਿਆ ਜੋ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਮਨਾਂ ਵਿਚ ਕੋਈ ਸ਼ੰਕਾ ਹੈ ਤਾਂ ਸਰਕਾਰ ਨੂੰ ਇਹ ਸ਼ੰਕਾ ਦੂਰ ਕਰਨੀ ਚਾਹੀਦੀ ਸੀ ਤੇ ਉਸ ਤੋਂ ਬਾਅਦ ਇਹ ਕਾਨੂੰਨ ਬਣਾਇਆ ਜਾਣਾ ਚਾਹੀਦਾ ਸੀ।

ਉਹਨਾਂ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਜੀ ਅਤੇ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਵਜੀਰੀ ਛੱਡ ਕੇ ਕਿਸਾਨਾਂ ਨਾਲ ਖੜੇ ਹੋਣ ਦਾ ਫੈਸਲਾ ਕੀਤਾ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਹਰ ਕਿਸਾਨ ਦਿਲੋਂ ਅਕਾਲੀ ਹੈ। ਉਹਨਾਂ ਕਿਹਾ ਕਿ ਕਿਸਾਨ ਹਿੱਤਾ ਨਾਲ ਪਾਰਟੀ ਕਿਸੇ ਵੀ ਤਰੀਕੇ ਸਮਝੌਤਾ ਨਹੀਂ ਕਰ ਸਕਦੀ ਤੇ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਮਾਮਲੇ ‘ਤੇ ਪਾਰਟੀ ਅੱਗੇ ਹੋ ਕੇ ਲੜਾਈ ਲੜੇਗੀ।

ਇਸ ਮੌਕੇ ਸ. ਸਿਰਸਾ ਅਤੇ ਕਾਲਕਾ ਤੋਂ ਇਲਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਦੇ ਸੰਯੁਕਤ ਸਕੱਤਰ ਹਰਵਿੰਦਰ ਸਿੰਘ ਕੇ.ਪੀ ਸਮੇਤ ਕਮੇਟੀ ਦੇ ਮੈਂਬਰ ਸਾਹਿਬਾਨ, ਅਕਾਲੀ ਦਲ ਦਿੱਲੀ ਇਕਾਈ ਦੀ ਸਮੁੱਚੀ ਟੀਮ ਵੱਡੀ ਗਿਣਤੀ ਵਿਚ ਯੂਥ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਕਾਰਕੁੰਨ ਮੌਜੁਦ ਰਹੇ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ