ਸ਼ੂਟਿੱਗ ਰੇਂਜ ’ਚ ਖਿਡੌਣਾ ਹਥਿਆਰਾਂ ਨਾਲ ‘ਹਾਸੀਆਂ ਖ਼ੇਡੀਆਂ’ ਕਰ ਰਿਹਾ ਸੀ ਮੂਸੇਵਾਲਾ – ਪੁਲਿਸ ਨੇ ਅਦਾਲਤ ਨੂੰ ਦੱਸਿਆ, ਜ਼ਮਾਨਤ ਮਨਜ਼ੂਰ

ਯੈੱਸ ਪੰਜਾਬ

ਸੰਗਰੂਰ, 15 ਜੁਲਾਈ, 2020:

ਨਾਮਵਰ ਗਾਇਕ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ’ਤੇ ਏ.ਕੇ. 47 ਅਤੇ ਹੋਰ ਹਥਿਆਰਾਂ ਨਾਲ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿਚ ਬਰਨਾਲਾ ਦੀ ਅਦਾਲਤ ਤੋਂ ਬਾਅਦ ਹੁਣ ਸੰਗਰੂਰ ਦੀ ਅਦਾਲਤ ਵੱਲੋਂ ਵੀ ਜ਼ਮਾਨਤ ਦੇ ਦਿੱਤੀ ਗਈ ਹੈ। ਮੂਸੇਵਾਲਾ ਹੁਣ ਤਕ ਕੱਚੀ ਜ਼ਮਾਨਤ ’ਤੇ ਸੀ ਅਤੇ ਹੁਣ ਸੰਗਰੂਰ ਦੇ ਵਧੀਕ ਸੈਸ਼ਨਜ਼ ਜੱਜ ਦੀ ਅਦਾਲਤ ਨੇ ਉਸਨੂੰ ‘ਰੈਗੂਲਰ’ ਜ਼ਮਾਨਤ ਦੇ ਦਿੱਤੀ ਹੈ।

ਕਿਸ ਆਧਾਰ ’ਤੇ ਮਿਲੀ ਜ਼ਮਾਨਤ?

ਪੰਜਾਬ ਪੁਲਿਸ ਨੇ ਅਦਾਲਤ ਨੂੰ ਇਸ ਸੰਬੰਧ ਵਿਚ ਦੋ ਅਹਿਮ ਗੱਲਾਂ ਦੱਸੀਆਂ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਵਾਇਰਲ ਹੋਏ ਵੀਡੀਓ ਕਲਿੱਪ ਵਿਚ ਜਿਹੜੇ ਹਥਿਆਰਾਂ ਦੀ ਵਰਤੋਂ ਕਰਦਾ ਮੂਸੇਵਾਲਾ ਵਿਖ਼ਾਈ ਦੇ ਰਿਹਾ ਹੈ ਉਹ ਅਸਲੀ ਹਥਿਆਰ ਨਹੀਂ ਹਨ ਸਗੋਂ ‘ਟੌਏ ਗੰਨਜ਼’ ਭਾਵ ਖ਼ਿਡੌਣਾ ਹਥਿਆਰ ਹਨ।

ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਮੂਸੇਵਾਲਾ ਤੋਂ ਕੋਈ ਬਰਾਮਦਗੀ ਨਹੀਂ ਕੀਤੀ ਜਾਣੀ ਹੈ ਅਤੇ ਜਿਹੜੇ ਹਥਿਆਰ ਚਲਾਏ ਗਏ ਉਹ ਖਿਡੌਣਾ ਹਥਿਆਰ ਹੋਣ ਕਾਰਨ ਕਿਸੇ ਨੂੰ ਨੁਕਸਾਨ ਨਹੀਂ ਪੁਚਾ ਸਕਦੇ ਸਨ। ਇਹ ਵੀ ਦੱਸਿਆ ਗਿਆ ਕਿ ‘ਟੁਆਏ ਗੰਨ’

ਦੂਜੇ ਇਹ ਵੀ ਕਿਹਾ ਗਿਆ ਕਿ ਅਦਾਲਤ ਵੱਲੋਂ ਕੱਚੀ ਜ਼ਮਾਨਤ ਦੇਣ ਸਮੇਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਮੂਸੇਵਾਲਾ 7 ਜੁਲਾਈ ਨੂੰ ਜਾਂਚ ਵਿਚ ਸ਼ਾਮਿਲ ਹੋ ਗਏ ਸਨ। ਉਂਜ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੁਲਿਸ ਨੇ ਮੀਡੀਆ ਨੂੂੰ 9 ਜੁਲਾਈ ਨੂੰ ਦੱਸਿਆ ਸੀ ਕਿ ਮੂਸੇਵਾਲਾ ਜਾਂਚ ਵਿਚ ਸ਼ਾਮਿਲ ਹੋਣ ਨਹੀਂ ਪੁੱਜਿਆ।

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਵਿਚ ਮੂਸੇਵਾਲਾ ਦੇ 8 ਸਹਿਦੋਸ਼ੀਆਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

ਜ਼ਮਾਨਤ ਮਿਲੀ

ਪੁਲਿਸ ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ‘ਤੱਥਾਂ’ ਦੇ ਆਧਾਰ ’ਤੇ ਅਦਾਲਤ ਨੇ ਮੂਸੇਵਾਲਾ ਦੀ ਜ਼ਮਾਨਤ ਮਨਜ਼ੂਰ ਕਰ ਲਈ।

ਉਂਜ ਇਹ ਗੱਲ ਬੜੇ ਭੰਬਲਭੂਸੇ ਵਾਲੀ ਹੈ ਕਿ 4 ਅਤੇ 5 ਮਈ ਨੂੰ ਵਾਇਰਲ ਹੋਏ 2 ਵੀਡੀਉਜ਼ ਵਿਚ ਹਥਿਆਰਾਂ ਨਾਲ ਫ਼ਾਇਰਿੰਗ ਕਰਦ ਨਜ਼ਰ ਆਏ ਮੂਸੇਵਾਲਾ ਦੇ ਨਾਲ ਨਾਲ ਉਨ੍ਹਾਂ ਦੇ ਸਾਥੀਆਂ ਅਤੇ 5 ਪੁਲਿਸ ਕਰਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ 17 ਮਈ ਨੂੰ ਆਰਮਜ਼ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ ਸਨ। ਦੋਸ਼ ਸੀ ਕਿ ਦੋਹਾਂ ਥਾਂਵਾਂ ’ਤੇ ਹਥਿਆਰ ਪੁਲਿਸ ਦੇ ਵਰਤੇ ਗਏ ਸਨ ਜਿਨ੍ਹਾਂ ਵਿਚ ਏ.ਕੇ. 47 ਵੀ ਸ਼ਾਮਿਲ ਸੀ।

ਸੁਆਲ ਇਹ ਉਠਾਇਆ ਜਾ ਰਿਹਾ ਹੈ ਕਿ ਕੀ ਪੁਲਿਸ ਨੂੰ ਪਹਿਲਾਂ ਇਹ ਸਪਸ਼ਟ ਨਹੀਂ ਸੀ ਕਿ ਹਥਿਆਰ ਅਸਲ ਨਾ ਹੋ ਕੇ ਖ਼ਿਡੌਣਾ ਹਥਿਆਰ ਸਨ ਅਤੇ ਖ਼ਿਡੌਣਾ ਹਥਿਆਰਾਂ ਦੇ ਆਧਾਰ ’ਤੇ ਹੀ ਪੁਲਿਸ ਨੇ ਗਾਇਕ, ਉਸਦੇ ਸਾਥੀਆਂ, ਇਕ ਡੀ.ਐਸ.ਪੀ. ਦੇ ਬੇਟੇ ਅਤੇ ਆਪਣੇ ਹੀ 5 ਪੁਲਿਸ ਕਰਮੀਆਂ ਦੇ ਖਿਲਾਫ਼ ਪਰਚੇ ਦਰਜ ਕਰ ਦਿੱਤੇ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਸਾਰੀ ਸਿੱਧੂ ਮੂਸੇਾਵਲਾ ਨੂੰ ਕੇਸ ਵਿਚੋਂ ਬਚਾਉਣ ਦੀ ਕਵਾਇਦ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

ਅਹਿਮ ਖ਼ਬਰਾਂ