Saturday, March 15, 2025
spot_img
spot_img
spot_img
spot_img

ਵਿਰਾਸਤੀ ਸ਼ੀਸ਼ ਮਹਿਲ ‘ਚ ਖੇਤਰੀ ਸਰਸ ਮੇਲੇ ਦਾ ਧੂਮ ਧੜੱਕੇ ਨਾਲ ਆਗਾਜ਼, Tarunpreet Sond ਨੇ Saras Mela ਦਾ ਨਗਾੜਾ ਵਜਾਕੇ ਕੀਤਾ ਉਦਘਾਟਨ

ਯੈੱਸ ਪੰਜਾਬ
ਪਟਿਆਲਾ, 14 ਫਰਵਰੀ, 2025

Patiala ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਖੇਤਰੀ Saras Mela – 2025 ਦਾ ਆਗਾਜ਼ ਅੱਜ ਧੂਮ ਧੜੱਕੇ ਨਾਲ ਹੋ ਗਿਆ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ Tarunpreet Singh Sond ਨੇ ਇਸ ਮੇਲੇ ਦਾ ਉਦਘਾਟਨ ਰਿਬਨ ਕੱਟਕੇ ਤੇ ਨਗਾੜਾ ਵਜਾ ਕੇ ਕੀਤਾ। ਇਸ ਮੌਕੇ ਮੇਲੇ ‘ਚ ਪੁੱਜਣ ‘ਤੇ ਉਨ੍ਹਾਂ ਦਾ ਬੀਨ ਵਾਜੇ ਤੇ ਰਵਾਇਤੀ ਲੋਕ ਨਾਚਾਂ ਨਾਲ ਕਲਾਕਾਰਾਂ ਨੇ ਸਵਾਗਤ ਕੀਤਾ।

ਇਸ ਦੌਰਾਨ ਆਪਣੇ ਸੰਬੋਧਨ ‘ਚ Tarunpreet Singh Sond ਨੇ ਕਿਹਾ ਕਿ ਮੁੱਖ ਮੰਤਰੀ ਸ. Bhagwant Singh Mann ਦੀ ਅਗਵਾਈ ਹੇਠ Punjab ਸਰਕਾਰ ਸਾਲ 2025 ਦੌਰਾਨ ਸੂਬੇ ਭਰ ਵਿੱਚ ਅਜਿਹੇ ਹੋਰ ਮੇਲੇ ਅਤੇ ਤਿਉਹਾਰਾਂ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਤਿਆਰ-ਬਰ-ਤਿਆਰ ਹੈ ਜਿਸ ਨਾਲ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਹੋ ਰਹੇ ਅਜਿਹੇ ਸਮਾਗਮ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰ ਰਹੇ ਹਨ ਬਲਕਿ ਸੂਬੇ ਨੂੰ ਸੈਰ-ਸਪਾਟੇ ਦੇ ਮੋਹਰੀ ਸਥਾਨ ਵਜੋਂ ਵੀ ਸਥਾਪਿਤ ਕਰਨਗੇ।

ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸੈਰ-ਸਪਾਟਾ ਦੇ ਪ੍ਰਮੁੱਖ ਕੇਂਦਰ ਵਜੋਂ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਵਿਰਾਸਤਾਂ ਦੇ ਪੁਨਰ ਸੁਰਜੀਤੀਕਰਨ ਅਤੇ ਸੈਰ-ਸਪਾਟਾ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਸਦਕਾ ਕਈ ਪਰਿਵਰਤਨਸ਼ੀਲ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਜੋ ਪੰਜਾਬ ਦੇ ਮਹਾਨ ਇਤਿਹਾਸ, ਜੀਵੰਤ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਕੇਂਦਰੀ ਸੱਭਿਆਚਾਰਕ ਮੰਤਰਾਲਾ, ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਤਰੀ ਸਰਸ ਮੇਲੇ ਵਿੱਚ ਤੁਰਕੀ, ਥਾਈਲੈਂਡ, ਮਿਸਰ, ਅਫਗਾਨਿਸਤਾਨ ਦੇਸ਼ਾਂ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ, ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ, ਫ਼ੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਦਾ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।

ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਖ਼ੂਬ ਲਾਭ ਲੈਣ ਤਾਂ ਕਿ ਇਥੇ ਪੁੱਜੇ ਕਲਾਕਾਰਾਂ ਸਮੇਤ ਸ਼ਿਲਪਕਾਰਾਂ ਨੂੰ ਉਤਸ਼ਾਹ ਮਿਲੇ।

ਇਸ ਮੌਕੇ ਖੇਤਰੀ ਸਰਸ ਮੇਲੇ ‘ਚ ਪੁੱਜੇ ਵੱਡੀ ਗਿਣਤੀ ਦਰਸ਼ਕਾਂ ਦਾ ਸਵਾਗਤ ਪੰਜਾਬੀ ਪਹਿਰਾਵੇ ‘ਚ ਸਜੇ ਮਸਕਟ ਨੇ ਕੀਤਾ ਅਤੇ ਬੱਚਿਆਂ, ਨੌਜਵਾਨਾਂ ਸਮੇਤ ਹਰ ਵਰਗ ਦੇ ਦਰਸ਼ਕਾਂ ਨੇ ਪੰਜਾਬੀ ਪਹਿਰਾਵੇ ਨਾਲ ਸਜੇ ਗੱਭਰੂ ਤੇ ਮੁਟਿਆਰਾਂ ਨਾਲ ਖੁਸ਼ੀ-ਖੁਸ਼ੀ ਸੈਲਫ਼ੀਆਂ ਕਰਵਾਈਆਂ। ਜਦੋਂ ਕਿ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪੇਸ਼ ਕੀਤੀ ਗਈ ਰੰਗਾਂ-ਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਧਮਾਲਾਂ ਪਾਈਆਂ।

ਇਸ ‘ਚ ਖਾਸ ਤੌਰ ‘ਤੇ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛੱਤੀਸਗੜ੍ਹ ਦੇ ਪੰਥੀ, ਉਡੀਸ਼ਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ। ਜਦੋਂਕਿ ਮੇਲੇ ‘ਚ ਬਾਜੀਗਰ, ਜੋਗੀਆਂ ਵਾਲੀ ਬੀਨ, ਕੱਚੀ ਘੋੜੀ, ਨਚਾਰ, ਬੇਹਰੁਪੀਆਂ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਖੇਰ ਰਹੀ ਸੀ।

ਇਸ ਤੋਂ ਇਲਾਵਾ ਇਥੇ ਪੁੱਜੇ ਤੁਰਕੀ, ਥਾਈਲੈਂਡ, ਮਿਸਰ, ਅਫ਼ਗਾਨਿਸਤਾਨ ਦੇਸ਼ਾਂ ਸਮੇਤ ਕਰੀਬ 20 ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ 150 ਤੋਂ ਵਧੇਰੇ ਸਟਾਲਾਂ ‘ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਵੱਲੋਂ ਦੇ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ।

ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਲਈ ਝੂਲੇ, ਪੀਂਗਾਂ ਤੇ ਖਿਡੌਣਿਆਂ ਸਮੇਤ ਮਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ। ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਇਸ ਖੇਤਰੀ ਸਰਸ ਮੇਲੇ ‘ਚ 23 ਫਰਵਰੀ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਰਸ ਮੇਲੇ ‘ਚ ਪੁੱਜੀਆਂ ਸਖਸ਼ੀਅਤਾਂ ਨੂੰ ਜੀਆਇਆ ਆਖਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ 13 ਫਰਵਰੀ ਤੋਂ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਅੱਜ 14 ਫਰਵਰੀ ਨੂੰ ਸਰਸ ਮੇਲਾ ਸ਼ੁਰੂ ਹੋਇਆ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਨ੍ਹਾਂ ਦੋਵੇਂ ਸਮਾਗਮਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੇਲੇ ਸਾਨੂੰ ਸਾਡੀ ਅਮੀਰ ਵਿਰਾਸਤ ਨੂੰ ਨੇੜਿਓ ਜਾਨਣ ਦਾ ਮੌਕਾ ਪ੍ਰਦਾਨ ਕਰਦੇ ਹਨ ਤੇ ਬੱਚਿਆਂ ਤੇ ਨੌਜਵਾਨਾਂ ਨੂੰ ਇਕੋਂ ਸਥਾਨ ‘ਤੇ ਭਾਰਤ ਦੇ ਵੱਖੋ ਵੱਖ ਸੱਭਿਆਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ।

ਸਰਸ ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਸ਼ਿਲਪਕਾਰ ਤੇ ਕਲਾਕਾਰਾਂ ਦੇ ਰਹਿਣ-ਸਹਿਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ ਅਤੇ ਮੇਲੇ ‘ਚ ਆਉਣ ਵਾਲੇ ਵੱਡੀ ਗਿਣਤੀ ਲੋਕਾਂ ਦੀ ਸਹੂਲਤ ਲਈ ਵੀ ਪ੍ਰਬੰਧ ਕੀਤੇ ਗਏ ਹਨ।

ਐਨ.ਜੈਡ.ਸੀ.ਸੀ ਦੇ ਸਹਾਇਕ ਡਾਇਰੈਕਟਰ ਸ੍ਰੀ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਦੇਸ਼ ਦੇ 7 ਰਾਜਾਂ ਦੇ ਕਲਾਕਾਰ ਆਉਂਦੇ 10 ਦਿਨਾਂ ਅੰਦਰ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ ਤੱਕ ਮੇਲਾ ਦੇਖਣ ਆਏ ਲੋਕਾਂ ਦਾ ਮੰਨੋਰਜਨ ਕਰਨਗੇ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਨ੍ਹਾਂ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਲੋਕ ਨਾਚ ਇੱਕ ਛੱਤ ਥੱਲੇ ਦੇਖਣ ਦਾ ਇਹ ਸੁਨੇਹਰਾ ਮੌਕਾ ਹੈ। ਇਸ ਮੌਕੇ ਮੰਚ ਸੰਚਾਲਨ ਗੁਰਬਖ਼ਸ਼ੀਸ਼ ਸਿੰਘ ਅੰਟਾਲ ਨੇ ਬਾਖੂਬੀ ਕੀਤਾ।

ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਰਾਏ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਪੰਜਾਬੀ ਦੇ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਡਾ ਨਾਨਕ ਸਿੰਘ, ਸਰਸ ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਐਸ.ਪੀ. ਹਰਬੰਤ ਕੌਰ, ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੈ ਸਿੰਘ, ਐਸ.ਡੀ.ਐਮ. ਸਮਾਣਾ ਤਰਸੇਮ ਚੰਦ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਸੰਜੀਵ ਸ਼ਾਦ ਤੇ ਹੋਰ ਅਧਿਕਾਰੀ ਮੌਜੂਦ ਸਨ।

15 ਫਰਵਰੀ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ

ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ 15 ਫਰਵਰੀ ਦੀ ਸ਼ਾਮ ਪੰਜਾਬੀ ਲੋਕ ਗਾਇਕ ਸਤਵਿੰਦਰ ਬੁੱਗਾ ਵੱਲੋਂ ਆਪਣੀ ਪੇਸ਼ਕਾਰੀ ਕੀਤੀ ਜਾਵੇਗੀ। ਜਦਕਿ ਸਵੇਰੇ 10 ਵਜੇ ਤੋਂ ਲੋਕ ਗੀਤ, ਸਕੂਲਾਂ ਦੇ ਗਰੁੱਪ ਗਾਇਨ, ਲੋਕ ਕਲਾਵਾਂ ਸਮੇਤ ਐਨ.ਜੈਡ.ਸੀ.ਸੀ. ਦੇ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ