ਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣ ਨਾਲ ਡਿਜ਼ੀਟਲ ਸਾਖਰਤਾ ਵਿਚ ਆਵੇਗੀ ਕ੍ਰਾਂਤੀ: ਰਾਣਾ ਗੁਰਜੀਤ ਸਿੰਘ

ਕਪੂਰਥਲਾ, 19 ਸਤੰਬਰ, 2020 –

ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਮਾਧਿਅਮਾਂ ਰਾਹੀਂ ਸਿੱਖਿਆ ਪ੍ਰਦਾਨ ਕਰਕੇ ਸਮੇਂ ਦੇ ਹਾਣੀ ਬਣਾਉਣ ਲਈ ਵੰਡੇ ਜਾ ਰਹੇ ਸਮਾਰਟ ਫੋਨਾਂ ਨਾਲ ਡਿਜੀਟਲ ਸਾਖਰਤਾ ਵਿਚ ਕ੍ਰਾਂਤੀ ਆਵੇਗੀ, ਜੋ ਕਿ ਅੱਗੋਂ ਸੂਚਨਾ ਤਕਨੀਕ ਦੇ ਖੇਤਰ ਵਿਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਕਰੇਗੀ।

ਅੱਜ ਇੱਥੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ 12 ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦੂਜੇ ਪੜਾਅ ਤਹਿਤ ਸਮਾਰਟ ਫੋਨ ਵੰਡਣ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਵਿੱਖ ਦਾ ਸਮਾਂ ਸੂਚਨਾ ਤਕਨੀਕ ਦਾ ਹੈ, ਜੋ ਕਿ ਅੱਗੋਂ ਰੁਜ਼ਗਾਰ ਪ੍ਰਾਪਤੀ ਦਾ ਸਭ ਤੋਂ ਵੱਡਾ ਖੇਤਰ ਹੋਵੇਗਾ।

ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ 1 ਲੱਖ 74 ਹਜ਼ਾਰ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾ ਰਹੇ ਹਨ ਜਿਸ ਨਾਲ ਉਨਾਂ ਨੂੰ ਆਨਲਾਇਨ ਸਿਖਲਾਈ, ਆਨਲਾਇਨ ਨਾਗਰਿਕ ਸੇਵਾਵਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਦਾ ਸਾਧਨ ਬਣੇਗੀ। ਉਨਾਂ ਕਿਹਾ ਕਰੋਨਾ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਕੂਲ ਬੰਦ ਹੋਣ ਕਾਰਨ ਇਨ੍ਹਾਂ ਸਮਾਰਟ ਫੋਨਾਂ ਦੀ ਮਹੱਤਤਾ ਹੋਰ ਵਧ ਗਈ ਹੈ, ਜਿਸ ਨਾਲ ਉਹ ਆਨਲਾਇਨ ਪੜ੍ਹਾਈ ਕਰ ਸਕਦੇ ਹਨ।

ਉਨਾਂ ਵਿਦਿਆਰਥੀ ਵਰਗ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੀ ਅਰਥ ਵਿਵਸਥਾ ਵਿਚ ਸਰਵਿਸ ਤੇ ਸੂਚਨਾ ਖੇਤਰ ਦੇ ਵਧੇਰੇ ਹਿੱਸੇ ਦੇ ਮੱਦੇਨਜ਼ਰ ਆਪਣੇ ਭਵਿੱਖ ਦੀ ਯੋਜਨਾਬੰਦੀ ਕਰਨ, ਜਿਸ ਨਾਲ ਨਾ ਸਿਰਫ ਉਨ੍ਹਾਂ ਨੂੰ ਵਿਅਕਤੀਗਤ ਸਗੋਂ ਸੂਬੇ ਦੀ ਵਿੱਤੀ ਸਿਹਤ ਨੂੰ ਵੀ ਵੱਡਾ ਲਾਭ ਮਿਲੇਗਾ।

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਮੱਸਾ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹੇ ਵਿਚ 12 ਵੀਂ ਜਮਾਤ ਦੇ ਕੁੱਲ 4316 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣੇ ਸਨ, ਜਿਨ੍ਹਾਂ ਵਿਚੋਂ ਸ਼ੁਰੂਆਤ ਵੇਲੇ ਰਸਮੀ ਤੌਰ ਉੰਪਰ 100 ਵਿਦਿਆਰਥੀਆਂ ਨੂੰ ਫੋਨ ਵੰਡੇ ਗਏ ਹਨ । ਹੁਣ ਦੂਜੇ ਪੜਾਅ ਤਹਿਤ 1532 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ।

ਅੱਜ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ 293 ਵਿਦਿਆਰਥਣਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ 211 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ।

ਸਮਾਗਮ ਵਿਚ ਜਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ, ਤਹਿਸੀਲਦਾਰ ਮਨਬੀਰ ਸਿੰਘ, ਉਪ ਜਿਲ੍ਹਾ ਸਿੱੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ, ਪ੍ਰਿੰਸੀਪਲ ਨਵਚੇਤਨ ਸਿੰਘ , ਮੁਨੀਸ਼ ਅਗਰਵਾਲ, ਵਿਕਾਸ ਸ਼ਰਮਾ ਹਾਜ਼ਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

ਅਹਿਮ ਖ਼ਬਰਾਂ