ਯੈੱਸ ਪੰਜਾਬ
ਚੰਡੀਗੜ੍ਹ, 18 ਸਤੰਬਰ, 2024
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਨਕੋਦਰ ਦਿਹਾਤੀ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਇੱਕ ਹੌਲਦਾਰ ਕੰਵਰਪਾਲ ਸਿੰਘ ਨੂੰ 49800 ਰੁਪਏ ਨਜਾਇਜ਼ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਨੂੰ ਜਲੰਧਰ ਦੀ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਦਰੱਸਾ ਦੇ ਵਸਨੀਕ ਲਖਵਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਕਿਓਰਿਟੀ ਗਾਰਡ ਹੈ ਅਤੇ ਉਸਨੇ ਪੀ.ਐਚ.ਜੀ. ਵਿੱਚ ਸੇਵਾ ਨਿਭਾੳਂੁਦੇ ਆਪਣੇ ਚਾਚੇ ਦੀ ਮੌਤ ਉਪਰੰਤ, ਸਾਲ 2017 ਵਿੱਚ ਜ਼ਿਲ੍ਹਾ ਕਮਾਂਡਰ, ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਦਫਤਰ ਫਰੀਦਕੋਟ ਵਿਖੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਲਈ ਅਰਜ਼ੀ ਦਿੱਤੀ ਸੀ। ਇਸ ਸਬੰਧ ’ਚ ਦੋਸ਼ੀ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਨੂੰ ਹੋਮ ਗਾਰਡ ਵਿੱਚ ਤਰਸ ਦੇ ਅਧਾਰ ’ਤੇ ਨੌਕਰੀ ਦਿਵਾਉਣ ਬਦਲੇ 6,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਬੁਲਾਰੇ ਨੇ ਅੱਗੇ ਦੋਸ਼ ਲਗਾਇਆ ਕਿ ਹੌਲਦਾਰ ਨੇ ਉਸਨੂੰ ਪਹਿਲੀ ਕਿਸ਼ਤ ਵਜੋਂ 50,000 ਰੁਪਏ ਦੇਣ ਲਈ ਕਿਹਾ। ਇਸ ਤੋਂ ਬਾਅਦ, ਦੋਸ਼ੀ ਹੌਲਦਾਰ ਨੇ ਉਸਨੂੰ ਫੋਨਪੇ ਰਾਹੀਂ ਰਕਮ ਉਸਦੇ ਐਚਡੀਐਫਸੀ ਖਾਤੇ ਵਿੱਚ ਟਰਾਂਸਫਰ ਕਰਨ ਲਈ ਵਾਰ-ਵਾਰ ਜ਼ੋਰ ਪਾਉਣ ਲੱਗਾ। ਜਿਸ ਕਾਰਨ ਸ਼ਿਕਾਇਤਕਰਤਾ ਨੇ ਚਾਰ ਟਰਾਂਜੈਕਸ਼ਨਾਂ ਵਿੱਚ 10,000 ਰੁਪਏ (ਪ੍ਰਤੀ ਟਰਾਂਜੈਕਸ਼ਨ) ਟਰਾਂਸਫਰ ਕੀਤੇ ਅਤੇ ਬਾਅਦ ਵਿੱਚ 9800 ਹੋਰ ਰੁਪਏ ਟਰਾਂਸਫਰ ਕਰਵਾਏ। ਇਸ ਤਰ੍ਹਾਂ ਸ਼ਿਕਾਇਤਕਰਤਾ ਨੇ ਉਕਤ ਮੁਲਾਜ਼ਮ ਦੇ ਐਚਡੀਐਫਸੀ ਖਾਤੇ ਵਿੱਚ ਕੁੱਲ 49,800 ਰੁਪਏ ਭੇਜੇ ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਹੈ ਕਿ ਉਕਤ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਲਈ ਸੀ। ਇਸ ਤਫ਼ਤੀਸ਼ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।