ਯੈੱਸ ਪੰਜਾਬ
ਲੁਧਿਆਣਾ, 18 ਮਈ, 2022 (ਰਾਜਕੁਮਾਰ ਸ਼ਰਮਾ)
ਲੁਧਿਆਣਾ ’ਚ ਮੰਗਲਵਾਰ ਦੇਰ ਰਾਤ ਕਰੀਬ 11:30 ਵਜੇ ਫਿਰੋਜ਼ਪੁਰ ਰੋਡ ‘ਤੇ ਇਕ ਮਾਲ ‘ਚ ਇਕ ਨੌਜਵਾਨ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਆਇਆ। ਨੌਜਵਾਨ ਦੇ ਨਾਲ ਦੋ ਔਰਤਾਂ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਔਰਤਾਂ ਵਾਸ਼ਰੂਮ ਦੇ ਬਾਹਰ ਖੜ੍ਹੀਆਂ ਇਕ-ਦੂਜੇ ਦੀਆਂ ਫੋਟੋਆਂ ਲੈ ਰਹੀਆਂ ਸਨ। ਇਹ ਦੇਖ ਕੇ ਉਥੇ ਮੌਜੂਦ ਤਿੰਨ ਨੌਜਵਾਨਾਂ ਨੇ ਉਨ੍ਹਾਂ ਔਰਤਾਂ ਨੂੰ ਕੁਮੈਂਟ ਕੀਤਾ।
ਇਹ ਟਿੱਪਣੀ ਸੁਣ ਕੇ ਔਰਤਾਂ ਦੀ ਉਕਤ ਨੌਜਵਾਨਾਂ ਨਾਲ ਬਹਿਸ ਹੋ ਗਈ। ਔਰਤਾਂ ਨਾਲ ਉਨ੍ਹਾਂ ਦਾ ਇਕ ਦੋਸਤ ਸੀ, ਜਿਸ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਾਮਲਾ ਸ਼ਾਂਤ ਨਾ ਹੋਇਆ ਤਾਂ ਉਸ ਦੀ ਤਿੰਨਾਂ ਲੜਕਿਆਂ ਨਾਲ ਲੜਾਈ ਹੋ ਗਈ। ਜਲਦੀ ਹੀ ਲੜਾਈ ਇੰਨੀ ਵੱਧ ਗਈ ਕਿ ਮਾਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਮੌਕੇ ’ਤੇ ਆਉਣਾ ਪਿਆ। ਨੌਜਵਾਨਾਂ ਨੇ ਮਾਲ ‘ਚ ਪਈਆਂ ਚੀਜ਼ਾਂ ਇਕ-ਦੂਜੇ ‘ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਇੱਕ ਨੌਜਵਾਨ ਦਾ ਸਿਰ ਫੱਟ ਗਿਆ। ਜਿਵੇਂ ਹੀ ਮਹਿਲਾਵਾਂ ਨੌਜਵਾਨ ਨੂੰ ਬਚਾਉਣ ਲਈ ਗਈਆਂ ਤਾਂ ਤਿੰਨੋਂ ਨੌਜਵਾਨ ਔਰਤਾਂ ਨਾਲ ਵੀ ਭਿੜ ਗਏ। ਮਾਹੌਲ ਵਿਗੜਦਾ ਦੇਖ ਮਾਲ ਸੰਚਾਲਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ। ਥਾਣਾ ਸਰਾਭਾ ਨਗਰ ਦੀ ਪੁਲੀਸ ਤੁਰੰਤ ਮੌਕੇ ’ਤੇ ਪੁੱਜ ਗਈ।
ਪੁਲੀਸ ਨੇ ਦੋਵਾਂ ਧਿਰਾਂ ਨੂੰ ਹਿਰਾਸਤ ’ਚ ਲੈ ਕੇ ਥਾਣੇ ਲਿਆਂਦਾ।ਏਡੀਸੀਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਾਲ ਵਿੱਚ ਸ਼ਰੇਆਮ ਗੁੰਡਾਗਰਦੀ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੀੜਤ ਔਰਤਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮੌਕੇ ਦੇ ਸੀ. ਸੀ. ਟੀ. ਵੀ. ਕੈਮਰੇ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ