ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ ਦੌਰਾਨ ਪਾਰਟੀ ਦੇ 5 ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ਨੇ ਛੇੜੀ ਚਰਚਾ

ਯੈੱਸ ਪੰਜਾਬ
ਚੰਡੀਗੜ੍ਹ, 27 ਜਨਵਰੀ, 2022:
ਕਾਂਗਰਸ ਦੇ ਕੌਮੀ ਆਗੂ ਅਤੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਵੀਰਵਾਰ ਦੀ ਇਕ ਰੋਜ਼ਾ ਪੰਜਾਬ ਫ਼ੇਰੀ ਨੇ ਪੰਜਾਬ ਕਾਂਗਰਸ ਦੇ ਅੰਦਰ ਸਭ ਠੀਕ ਹੋਣ ਦੇ ਦਾਅਵਿਆਂ ’ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।

ਸ੍ਰੀ ਰਾਹੁਲ ਗਾਂਧੀ ਦੀ ਪੰਜਾਬ ਫ਼ੇਰੀ ਦੌਰਾਨ ਪਾਰਟੀ ਦੇ 5 ਲੋਕ ਸਭਾ ਮੈਂਬਰਾਂ ਦੀ ਗੈਰ-ਹਾਜ਼ਰੀ ਕਾਂਗਰਸ ਦੇ ਅੰਦਰ ਅਤੇ ਰਾਜ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਹੈ।

ਭਾਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਦੀ ਗੈਰ-ਹਾਜ਼ਰੀ ਯਕੀਨੀ ਹੀ ਸਮਝੀ ਜਾ ਰਹੀ ਸੀ ਪਰ 4 ਹੋਰ ਸੰਸਦ ਮੈਬਰਾਂ ਵੱਲੋਂ ਰਾਹੁਲ ਦੀ ਅੰਮ੍ਰਿਤਸਰ ਅਤੇ ਫ਼ਿਰ ਜਲੰਧਰ ਫ਼ੇਰੀ ਨੂੰ ਤਵੱਜੋ ਨਾ ਦਿੱਤੇ ਜਾਣ ਦੇ ਅਰਥ ਕੱਢੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਲਾਂਭੇ ਕੀਤੇ ਜਾਣ ਅਤੇ ਫ਼ਿਰ ਉਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਤੋਂ ਦੂਰੀ ਬਣਾਈ ਹੋਈ ਹੈ ਅਤੇ ਉਨ੍ਹਾਂ ਦੀਆਂ ਕਥਿਤ ਪਾਰਟੀ ਵਿਰੋਧੀ ਸਰਗਰਮੀਆਂ ਲਈ ਪਾਰਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕੀਤਾ ਹੋਇਆ ਹੈ। 25 ਨਵੰਬਰ ਨੂੰ ਜਾਰੀ ਕੀਤੇ ਇਸ ਕਾਰਨ ਦੱਸੋ ਨੋਟਿਸ ਤੋਂ ਬਾਅਦ ਸਥਿਤੀ ਜਿਉਂ ਦੀ ਤਿਉਂ ਹੈ ਅਤੇ ਅਜੇ ਤਾਂਈਂ ਨਾ ਤਾਂ ਸ੍ਰੀਮਤੀ ਪ੍ਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਕਿਸੇ ਸਮਾਗਮ ਵਿੱਚ ਨਜ਼ਰ ਆਏ ਹਨ ਅਤੇ ਨਾ ਹੀ ਪਾਰਟੀ ਨੇ ਮੁੜਕੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕੀਤੀ ਹੈ।

ਜਿਹੜੇ ਚਾਰ ਹੋਰ ਸੰਸਦ ਮੈਬਰ ਅੱਜ ਸ੍ਰੀ ਰਾਹੁਲ ਗਾਂਧੀ ਦੀ ਫ਼ੇਰੀ ਤੋਂ ਲਾਂਭੇ ਰਹੇ ਉਨ੍ਹਾਂ ਵਿੱਚ ਖ਼ਡੂਰ ਸਾਹਿਬ ਦੇ ਐਮ.ਪੀ. ਸ: ਜਸਬੀਰ ਸਿੰਘ ਗਿੱਲ ਡਿੰਪਾ, ਸ੍ਰੀ ਆਨੰਦਪੁਰ ਸਾਹਿਬ ਤੋਂ ਐਮ.ਪੀ. ਸ੍ਰੀ ਮਨੀਸ਼ ਤਿਵਾੜੀ, ਲੁਧਿਆਣਾ ਤੋਂ ਐਮ.ਪੀ. ਸ: ਰਵਨੀਤ ਸਿੰਘ ਬਿੱਟੂ ਅਤੇ ਫ਼ਰੀਦਕੋਟ ਤੋਂ ਐਮ.ਪੀ. ਸ੍ਰੀ ਮੁਹੰਮਦ ਸਦੀਕ ਸ਼ਾਮਲ ਹਨ।

ਸ੍ਰੀ ਮਨੀਸ਼ ਤਿਵਾੜੀ ਕਾਂਗਰਸ ਦੇ ਕੌਮੀ ਲੀਡਰਾਂ ਦੇ ਉਸ ਜੀ-23 ਗਰੁੱਪ ਦੇ ਮੈਂਬਰ ਹਨ ਜਿਹੜੇ ਕਾਂਗਰਸ ਵਿੱਚ ਬਦਲਾਅ ਦੇ ਨਾਂਅ ’ਤੇ ਗਾਂਧੀ ਪਰਿਵਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਾ ਆ ਰਿਹਾ ਹੈ। ਉਂਜ ਵੀ ਪੰਜਾਬ ਨੂੰ ਲੈ ਕੇ ਅਤੇ ਖ਼ਾਸਕਰ ਸ: ਨਵਜੋਤ ਸਿੰਘ ਸਿੱਧੂ ਦੀ ਕਾਰਜਸ਼ੈਲੀ ਦੇ ਖਿਲਾਫ਼ ਵੀ ਸ੍ਰੀ ਮਨੀਸ਼ ਤਿਵਾੜੀ ਹਮੇਸ਼ਾ ਕਾਂਗਰਸ ਹਾਈਕਮਾਨ ਅਤੇ ਸ: ਸਿੱਧੂ ’ਤੇ ਨਿਸ਼ਾਨੇ ਕੱਸਦੇ ਰਹੇ ਹਨ ਅਤੇ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਸ: ਸਿੱਧੂ ਖ਼ੁਦ ਹੀ ਪਾਰਟੀ ਵਿੱਚ ਅਨੁਸ਼ਾਸ਼ਨਹੀਨਤਾ ਫ਼ੈਲਾਅ ਰਹੇ ਹਨ।

ਸ: ਜਸਬੀਰ ਸਿੰਘ ਡਿੰਪਾ ਨੇ ਖ਼ੁਦ ਬੀਤੇ ਕਲ੍ਹ ਇਕ ਟਵੀਟ ਕਰਕੇ ਸਨਸਨੀ ਪੈਦਾ ਕਰ ਦਿੱਤੀ ਸੀ ਅਤੇ ਅੱਜ ਉਹ ਸ੍ਰੀ ਰਾਹੁਲ ਗਾਂਧੀ ਦੇ ਫ਼ੇਰੀ ਤੋਂ ਲਾਂਭੇ ਰਹੇ। ਖ਼ਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਟਿਕਟ ਦੇ ਚਾਹਵਾਨ ਅਤੇ ਹਲਕੇ ਦੇ ਦੋ ਵਾਰ ਦੇ ਵਿਧਾਇਕ ਸ:ਰਮਨਜੀਤ ਸਿੰਘ ਸਿੱਕੀ ਨੂੰ ਇਹ ਟਿਕਟ ਦਿੱਤੇ ਜਾਣ ’ਤੋਂ ਨਾਰਾਜ਼ ਸ: ਡਿੰਪਾ ਨੇ ਟਵੀਟ ਕੀਤਾ ਸੀ ਕਿ, ‘ਜਦੋਂ ਵਫ਼ਾਦਾਰੀ, ਮਿਹਨਤ ਅਤੇ ਇਮਾਨਦਾਰੀ ’ਤੇ ਰੋਕੜ ਭਾਰੀ ਪਵੇ ਤਾਂ ਉਸ ਪਾਰਟੀ ਦਾ ਕੀ ਕਰਨਾ ਚਾਹੀਦਾ ਹੈ?’

ਅੱਜ ਸ੍ਰੀ ਰਾਹੁਲ ਗਾਂਧੀ ਨਾਲ ਕਿਸੇ ਪਾਸੇ ਨਾ ਦਿੱਸੇ ਸ:ਡਿ ੰਪਾ ਨੇ ਉਂਜ ਇਹ ਵੀ ਟਵੀਟ ਕੀਤਾ ਹੈ ਕਿ ਉਹ ਆਪਣੇ ਰੁਝੇਵਿਆਂ ਕਾਰਨ ਹੀ ਨਹੀਂ ਪੁੱਜੇ ਅਤੇ ਉਨ੍ਹਾਂ ਨੇ ਇਸ ਬਾਰੇ ਆਪਣੀ ਲੀਡਰਸ਼ਿਪ ਨੂੰ ਸੂਚਿਤ ਕਰ ਦਿੱਤਾ ਸੀ। ਇਕ ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਕੇਵਲ 117 ਹਲਕਿਆਂ ਦੇ ਉਮੀਦਵਾਰਾਂ ਨੂੰ ਹੀ ਸੱਦਿਆ ਗਿਆ ਸੀ, ਸੰਸਦ ਮੈਬਰਾਂ ਨੂੰ ਨਹੀਂ, ਇਸ ਕਰਕੇ ਇਹ ਕੋਈ ਬਾਈਕਾਟ ਨਹੀਂ ਸੀ।

ਇਕ ਪਾਰਟੀ ਸੂਤਰ ਨੇ ਕਿਹਾ ਹੈ ਕਿ ਪਾਰਟੀ ਦੇ ਅੰਦਰ ਸਾਰੀ ਗੱਲ ਇਕ ਖ਼ਾਸ ਆਗੂ ਦੇ ਦੁਆਲੇ ਹੀ ਘੁੰਮਦੀ ਨਜ਼ਰ ਆਉਣ ਕਰਕੇ ਕਈ ਵੱਡੇ ਆਗੂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਉਹ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਵੱਖ-ਵੱਖ ਤਰੀਕਿਆਂ ਨਾਲ ਕਰ ਰਹੇ ਹਨ ਜਿਸ ਵਿੱਚ ਅੱਜ ਵਾਲੀ ਗੱਲ ਵੀ ਸ਼ਾਮਲ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ