ਅੱਜ-ਨਾਮਾ
ਰਾਮਦੇਵ ਨਹੀਂ ਚੁਸਤੀ ਤੋਂ ਬਾਜ਼ ਆਉਂਦਾ,
ਚਲਾਕੀ ਨਵੀਂ ਉਹਦੀ ਕਹਿੰਦੇ ਫੜੀ ਬੇਲੀ।
ਨਵੇਂ ਸ਼ਰਬਤ ਲਈ ਕੋਈ ਪ੍ਰਚਾਰ ਕਰਿਆ,
ਫਿਰਕੂ ਉਲਝਣ ਵੀ ਕੀਤੀ ਹੈ ਖੜੀ ਬੇਲੀ।
ਆਪਣਾ ਵੇਚਣ ਲਈ ਸਾਧ ਨੇ ਨਵਾਂ ਸੌਦਾ,
ਸਾਜ਼ਿਸ਼ ਦੂਜਿਆਂ ਬਾਰੇ ਫਿਰ ਘੜੀ ਬੇਲੀ।
ਮਾਮਲਾ ਵਿੱਚ ਅਦਾਲਤ ਇਹ ਪੁੱਜਿਆ ਤਾਂ,
ਲੱਗ ਗਈ ਲਾਹਨਤਾਂ ਦੀ ਓਥੋਂ ਝੜੀ ਬੇਲੀ।
ਪੇਸ਼ੀ ਇੱਕ ਮਗਰੋਂ ਦੂਸਰੀ ਹੋਈ ਸੁਣਿਆ,
ਸਾਰੇ ਮੁਲਕ ਮੂਹਰੇ ਟੁੱਟਿਆ ਭਰਮ ਬੇਲੀ।
ਉਹਦੀ ਹੁੰਦੀ ਬਦਨਾਮੀ ਜਦ ਚਹੁੰ ਤਰਫੀਂ,
ਉਸ ਨੂੰ ਅਜੇ ਵੀ ਸੰਗ ਨਹੀਂ ਸ਼ਰਮ ਬੇਲੀ।
-ਤੀਸ ਮਾਰ ਖਾਂ
5 ਮਈ, 2025