ਅੱਜ-ਨਾਮਾ
ਰਹਿੰਦਾ ਵਕਤ ਤਾਂ ਭਾਵੇਂ ਈ ਬਹੁਤ ਹਾਲੇ,
ਅਗਲੀ ਚੋਣ ਲਈ ਚੱਲ ਪਈ ਗੱਲ ਬੇਲੀ।
ਕਿਹੜੀ ਪਾਰਟੀ ਨੇ ਕਿਸ ਦੇ ਨਾਲ ਜੁੜਨਾ,
ਪਰਦੇ ਓਹਲੇ ਕੁਝ ਗੱਲ ਪਈ ਚੱਲ ਬੇਲੀ।
ਪਿਛਲੇ ਦਿਨਾਂ ਵਿੱਚ ਚੱਲੇ ਵਿਵਾਦ ਜਿਹੜੇ,
ਲੱਗੇ ਪਏ ਉਨ੍ਹਾਂ ਦੇ ਲੱਭਣ ਨੂੰ ਹੱਲ ਬੇਲੀ।
ਲੱਗੇ ਈ ਖੰਭ ਤੋਲਣ ਲੀਡਰ ਦਲ-ਬਦਲੂ,
ਜਾਣਾ ਕਿੱਦਾਂ ਤੇ ਕਿਹੜੀ ਧਿਰ ਵੱਲ ਬੇਲੀ।
ਸਿਆਸੀ ਮੰਡੀ ਆ ਫੇਰ ਸਰਗਰਮ ਦਿੱਸੀ,
ਜਾਗ ਪਏ ਸੁਣੇ ਆ ਚੁਸਤ ਦਲਾਲ ਬੇਲੀ।
ਖੜਕਦੇ ਫੋਨ ਫਿਰ ਸੁਣੀਂਦੇ ਦਿਨੇ-ਰਾਤੀਂ,
ਕੀਹਨੂੰ ਜੋੜਨਾ ਕੀਹਦੇ ਫਿਰ ਨਾਲ ਬੇਲੀ।
-ਤੀਸ ਮਾਰ ਖਾਂ
16 ਮਈ, 2025