ਯੈੱਸ ਪੰਜਾਬ
ਮੰਡੀ ਅਰਨੀਵਾਲਾ (ਫਾਜ਼ਿਲਕਾ), 20 ਮਾਰਚ, 2025
ਮੁੱਖ ਮੰਤਰੀ ਸ: Bhagwant Singh Mann ਦੀ ਅਗਵਾਈ ਵਾਲੀ Punjab ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਇਕ ਫੈਸਲਾਕੁੰਨ ਲੜਾਈ ਦੀ ਲੜੀ ਤਹਿਤ ਜ਼ਿਲ੍ਹੇ ਵਿਚ ਅੱਜ ਦੋ ਨਸ਼ੇ ਦੀ ਤਸਕਰੀ ਵਿਚ ਸ਼ਾਮਿਲ ਲੋਕਾਂ ਦੀ ਜਾਇਦਾਦ ਤੇ ਬੁਲਡੋਜਰ ਚੱਲ ਗਿਆ। ਲੋਕਾਂ ਨੂੰ ਮੌਤ ਵੰਡਣ ਵਾਲਿਆਂ ਤੇ ਘਰ ਜਦ ਮਿੱਟੀ ਵਿਚ ਮਿਲ ਰਹੇ ਸਨ ਤਾਂ ਇਲਾਕੇ ਦੇ ਲੋਕਾਂ ਸਰਕਾਰ ਦੀ ਇਸ ਕਾਰਵਾਈ ਦੀ ਸਲਾਘਾ ਕਰਦੇ ਸੁਣਾਈ ਦਿੱਤੇ।
ਇਸ ਮੌਕੇ ਇਸ ਕਾਰਵਾਈ ਦੀ ਅਗਵਾਈ ਕਰ ਰਹੇ SSP ਸ: Varinder Singh Brar ਨੇ ਦੱਸਿਆ ਕਿ ਮੰਡੀ ਅਰਨੀਵਾਲਾ ਵਿਚ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈਕੇ ਇਹ ਕਾਰਵਾਈ ਕੀਤੀ ਗਈ। ਇਥੇ ਰਾਣੀ ਅਤੇ ਬੱਗਾ ਨਾਂ ਦੇ ਦੋ ਜਣੇ ਭਾਈਵਾਲੀ ਵਿਚ ਨਸ਼ੇ ਦਾ ਕੰਮ ਕਰਦੇ ਸਨ ਅਤੇ ਇੰਨ੍ਹਾਂ ਖਿਲਾਫ ਮਾਮਲੇ ਵੀ ਦਰਜ ਸਨ। ਇੰਨ੍ਹਾਂ ਵੱਲੋਂ ਬਣਾਈਆਂ ਨਜਾਇਜ਼ ਉਸਾਰੀਆਂ ਨੂੰ ਅੱਜ਼ ਇੱਥੇ ਢਾਹ ਦਿੱਤਾ ਗਿਆ ਹੈ। ਰਾਣੀ ਖਿਲਾਫ ਨਸ਼ੇ ਦੀ ਤਸਕਰੀ ਬਾਰੇ ਤਿੰਨ ਪਰਚੇ ਦਰਜ ਸਨ।
SSP ਸ: Varinder Singh Brar ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣਨ ਲੱਗੀ ਹੈ ਅਤੇ ਲੋਕਾਂ ਤੋਂ ਵੀ ਸਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ੇ ਦੀ ਤਸਕਰੀ ਵਿਚ ਲੱਗੇ ਲੋਕਾਂ ਦੀਆਂ ਸੂਚਨਾਵਾਂ ਨਿਡਰ ਹੋ ਕੇ ਪੁਲਿਸ ਨੂੰ ਦੇਣ ਲੱਗੇ ਹਨ ਅਤੇ ਹਰੇਕ ਸੂਚਨਾ ਦੀ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਬਰੀਕੀ ਨਾਲ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦਾ ਹੁਣ ਇਹੀ ਬੁਰਾ ਹਸ਼ਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ 1 ਮਾਰਚ 2025 ਤੋਂ ਸ਼ੁਰੂ ਹੋਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 19 ਦਿਨਾਂ ਵਿਚ ਨਸ਼ੇ ਦੀ ਤਸਕਰੀ ਸਬੰਧੀ 76 ਮਾਮਲੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਅਤੇ 111 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖ਼ਾ ਪਿੱਛੇ ਭੇਜਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਲੋਕਾਂ ਤੋਂ ਹੈਰੋਇਨ 2.383 ਕਿਲੋ, ਪ੍ਰੇਗਾ ਕੈਪਸੂਲ 575585, ਨਸ਼ੀਲੀਆਂ ਗੋਲੀਆਂ 23279, ਪੋਸਤ 7.500 ਕਿਲੋਗ੍ਰਾਮ ਅਤੇ ਡਰੱਗ ਮਨੀ 52000 ਰੁਪਏ ਬਰਾਮਦ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਅੱਜ ਦੋਸ਼ੀਆਂ ਦੇ ਮਕਾਨ ਢਾਹੁਣ ਦੀ ਕਾਰਵਾਈ ਤੋਂ ਪਹਿਲਾਂ ਵੀ ਜ਼ਿਲ੍ਹੇ ਵਿਚ ਅਜਿਹੀ ਹੀ ਇਕ ਹੋਰ ਕਾਰਵਾਈ ਵਿਚ ਇਕ ਤਸਕਰ ਦੇ ਮਕਾਨ ਨੂੰ ਢਾਹਿਆ ਗਿਆ ਸੀ।
ਇਸ ਮੌਕੇ ਡੀਐਸਪੀ ਬਲਕਾਰ ਸਿੰਘ, ਕਾਰਜ ਸਾਧਕ ਅਫ਼ਸਰ ਰੋਹਿਤ ਕਵਾਤਰਾ ਅਤੇ ਐਸਐਚਓ ਅੰਗਰੇਜ ਸਿੰਘ ਵੀ ਹਾਜਰ ਸਨ।