ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 18 ਮਈ, 2025
Punjab Government ਵੱਲੋਂ ਮੁੱਖ ਮੰਤਰੀ Bhagwant Singh Mann ਦੀ ਅਗਵਾਈ ਹੇਠ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਿੱਥੇ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਜੋਸ਼ੋ ਖਰੋਸ਼ ਨਾਲ ਜਾਰੀ ਹੈ ਓਥੇ ਹੀ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੋਟਰੀ ਕਲੱਬ ਸਰਹਿੰਦ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਖਿਲਾਫ ਇੱਕਜੁਟ ਕਰਨ ਦੇ ਉਦੇਸ਼ ਨਾਲ ਵਿਸ਼ਾਲ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਇਸ ਮੈਰਾਥਨ ਵਿੱਚ 2500 ਤੋਂ ਵਧੇਰੇ ਖੇਡ ਪ੍ਰੇਮੀਆਂ ਅਤੇ ਕਰੀਬ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਇਸ ਮੈਰਾਥਨ ਨੂੰ ਯਾਦਗਾਰੀ ਬਣਾ ਦਿੱਤਾ।
ਮੈਰਾਥਨ ਨੂੰ ਆਮ ਖਾਸ ਬਾਗ ਸਰਹਿੰਦ ਤੋਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਸ਼ਾਮਲ ਖਿਡਾਰੀਆਂ ਨੇ ਸਰਹਿੰਦ ਸ਼ਹਿਰ ਦੇ ਫੁਆਰਾ ਚੌਂਕ ਤੋਂ ਹੁੰਦਿਆਂ ਗੁ. ਜੋਤੀ ਸਰੂਪ ਮੋੜ ਤੋਂ ਵਾਪਸ ਆਮ ਖਾਸ ਬਾਗ ਤੱਕ 5 ਕਿਲੋਮੀਟਰ ਤੱਕ ਦਾ ਸਫਰ ਤੈਅ ਕੀਤਾ। ਇਸ ਮੈਰਾਥਨ ਵਿੱਚ ਸ਼ਾਮਲ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਨਸ਼ਿਆਂ ਦੀ ਰੋਕਥਾਮ ਸਬੰਧੀ ਨਾਅਰੇ ਵੀ ਲਗਾਏ।
ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖਿਡਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ, ਆਮ ਨਾਗਰਿਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਵੀ ਚੁਕਾਈ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਹਰੇਕ ਵਰਗ ਦਾ ਸਹਿਯੋਗ ਲੈ ਕੇ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਲੋਕ ਲਹਿਰ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਤਾਂ ਹੀ ਸਫਲ ਸਾਬਤ ਹੋ ਸਕਦੇ ਹਨ ਜੇਕਰ ਹਰੇਕ ਨਾਗਰਿਕ ਆਪਣਾ ਸਹਿਯੋਗ ਦੇਵੇ ਕਿਉਂਕਿ ਇਸ ਲਾਹਨਤ ਦਾ ਖਾਤਮਾ ਆਪਸੀ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਲੜੀ ਜਾ ਰਹੀ ਜੰਗ ਜਿੱਤਣ ਦੀ ਸ਼ੁਰੂਆਤ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਤੋਂ ਹੋਵੇਗੀ ਜੋ ਕਿ ਅੱਜ ਦੀ ਮੈਰਾਥਨ ਵਿੱਚ ਸ਼ਾਮਲ ਲੋਕਾਂ ਦੇ ਭਰਵੇਂ ਇਕੱਠ ਤੋਂ ਸਾਬਤ ਹੋ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਆਯੋਜਿਤ ਕੀਤੀ ਇਸ ਮੈਰਾਥਨ ਵਿੱਚ 2500 ਤੋਂ ਵੱਧ ਲੋਕਾਂ ਨੇ ਸਵੈ ਇੱਛਾ ਨਾਲ ਹਿੱਸਾ ਲੈ ਕੇ ਸਰਕਾਰ ਦੁਆਰਾ ਨਸ਼ਿਆਂ ਦੇ ਖਾਤਮੇ ਨੂੰ ਯਕੀਨੀ ਬਣਾਉਣ ਦੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦਮਾਂ ਉਤੇ ਸਫਲਤਾ ਦੀ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਤੰਦਰੁਸਤ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਹਰੇਕ ਵਿਅਕਤੀ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।
ਇਸ ਮੌਕੇ ਰੋਟਰੀ ਗਵਰਨਰ ਡਾ. ਸੰਦੀਪ ਚੌਹਾਨ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਮਾਜ ਸੇਵੀ ਕਾਰਜਾਂ ਲਈ ਰੋਟਰੀ ਕਲੱਬ ਆਪਣਾ ਸਹਿਯੋਗ ਦਿੰਦਾ ਰਹੇਗਾ। ਇਸ ਮੌਕੇ ਕਲੱਬ ਵੱਲੋਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਅਰਵਿੰਦ ਕੁਮਾਰ ਗੁਪਤਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਮਲਹੋਤਰਾ, ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਡਾ: ਹਿਤੇਂਦਰ ਸੂਰੀ, ਜਨਰਲ ਸਕੱਤਰ ਡਾ: ਵਿਨੀਤ ਸ਼ਰਮਾ, ਪ੍ਰੋਜੈਕਟ ਚੇਅਰਮੈਨ ਸਤਪਾਲ ਗਰਗ, ਪੰਜਾਬੀ ਫਿਲਮ ਕਲਾਕਾਰ ਮਲਕੀਤ ਰੌਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ, ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ।