ਯੈੱਸ ਪੰਜਾਬ
18 ਫਰਵਰੀ, 2025
ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ ਜਥੇਬੰਦੀ ,
ਮੇਜਰ ਸਿੰਘ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ,
ਤਜਿੰਦਰ ਸਿੰਘ ਪੰਨੂ ਯੂਥ ਅਕਾਲੀ ਦਲ 1920
ਸ ਪਰਮਪਾਲ ਸਿੰਘ ਸਭਰਾ , ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ,
ਅਜੈਪਾਲ ਸਿੰਘ ਬਰਾੜ ਮਿਸਲ ਸਤਲੁਜ,
ਸਿੱਖ ਚਿੰਤਕ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆ ਕਿਹਾ ਕਿ Jathedar Raghbir Singh ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਬਾਦਲਾਂ ਦੇ ਦਬਾਅ ਹੇਠ ਅਸਤੀਫਾ ਦੇਣ ਦੀ ਥਾਂ ਦਬਾਅ ਵਿਚੋਂ ਨਿਕਲਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਨੁਮਾਇੰਦਾ ਪੰਥਕ ਇਕਠ ਸੱਦਣ ਅਤੇ ਬਾਦਲਕਿਆਂ ਉਪਰ ਪੰਥਕ ਸਿਧਾਂਤਾਂ ਅਨੁਸਾਰ ਕਾਰਵਾਈ ਕਰਨ ਜੋ ਗੁਰੂ ਸਾਹਿਬ ਨੇ ਰਾਮਰਾਈਆਂ ਖਿਲਾਫ ਕੀਤੀ ਸੀ।ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਨੂੰ ਬੇਨਤੀ ਹੈ ਕਿ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਦੌਰ ਸ਼ੁਰੂ ਕੀਤਾ ਜਾਵੇ।
ਮੌਜੂਦਾ ਸੰਕਟ ਦਾ ਜਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਕਿ੍ਪਾਲ ਸਿੰਘ ਬੰਡੂਗਰ ਬਾਦਲ ਪਰਿਵਾਰ ਤੇ ਗੁਨਾਹਗਾਰ ਬਾਦਲ ਅਕਾਲੀ ਲੀਡਰਸ਼ਿਪ ਦੇ ਇਸ਼ਾਰੇ ਉਪਰ ਅਕਾਲ ਤਖਤ ਸਾਹਿਬ ਵਲੋਂ ਸੌਂਪੀ ਪੰਥਕ ਜ਼ਿੰਮੇਵਾਰੀ ਤੋਂ ਅਸਤੀਫਾ ਦੇਕੇ ਪੰਥਕ ਹੁਕਮਨਾਮੇ ਤੋਂ ਭਗੌੜਾ ਹੋਕੇ ਖਾਲਸਾ ਪੰਥ ਨੂੰ ਬੇਦਾਵਾ ਦੇ ਗਏ ਹਨ। ਉਨ੍ਹਾਂ ਕਿਹਾ ਕਿ ਦੋ ਦਸੰਬਰ ਤੋ ਲੈਕੇ ਹੁਣ ਤਕ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਹੁਕਮਨਾਮੇ ਨੂੰ ਨਿਭਾਉਣ ਦੀ ਥਾਂ, ਅਜੋਕੇ ਕੌਰਵਾਂ ਬਾਦਲ ਪਰਿਵਾਰ ਦੇ ਹਕ ਵਿਚ ਖਲਨਾਇਕ ਮਾਮਾ ਸ਼ੁਕਨੀ ਵਾਲੀ ਭੂਮਿਕਾ ਨਿਭਾਉਂਦਾ ਰਿਹਾ ਹੈ।
ਸਿੱਖ ਆਗੂਆ ਨੇ ਕਿਹਾ ਕਿ ਧਾਮੀ ਨੂੰ ਅਸਤੀਫਾ ਉਸ ਸਮੇਂ ਦੇਣਾ ਚਾਹੀਦਾ ਸੀ ਜਦੋਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੰਘ ਨੇ ਅੰਤ੍ਰਿੰਗ ਕਮੇਟੀ ਵੱਲੋ ਝੂਠੀ ਰਿਪੋਰਟ ਬਣਾ ਕੇ ਸੇਵਾਮੁਕਤ ਕੀਤਾ ਗਿਆ ਸੀ।ਪਰ ਧਾਮੀ ਨੇ ਪੰਥਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦਾ ਅਪਮਾਨ ਕੀਤਾ ਹੈ। ਹਾਲਾਂਕਿ ਜਥੇਦਾਰ ਸ੍ਰੀ ਅਕਾਲ ਤਖਤ ਨੇ ਰੋਕਿਆ ਸੀ ਕਿ ਇਹ ਸ੍ਰੋਮਣੀ ਕਮੇਟੀ ਦਾ ਅਧਿਕਾਰ ਨਹੀਂ ,ਜਥੇਦਾਰ ਗਿਆਨੀ ਹਰਪ੍ਰੀਤ ਬਾਰੇ ਜਾਂਚ ਕਮੇਟੀ ਬਣਾਏ ਅਤੇ ਇਹ ਅਧਿਕਾਰ ਖੇਤਰ ਅਕਾਲ ਤਖਤ ਦਾ ਹੈ।
ਉਨ੍ਹਾਂ ਕਿਹਾ ਕਿ ਧਾਮੀ ਉਹ ਸਖਸ਼ ਹੈ ਜਿਸਨੇ ਭਰਤੀ ਕਮੇਟੀ ਤੇ ਅਕਾਲ ਤਖਤ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਹੋਣ ਦਿਤੀ ਤੇ ਗੁਨਾਹਗਾਰ ਲੀਡਰਸ਼ਿਪ ਬਾਦਲ ਦਲ ਦੀ ਕਠਪੁਤਲੀ ਵਜੋਂ ਵਿਚਰਦੇ ਰਹੇ।ਹੁਣ ਵੀ ਉਸਨੇ ਅਸਤੀਫਾ ਦੇਕੇ ਅਕਾਲ ਤਖਤ ਦੀ ਕਾਰਵਾਈ ਵਿਚ ਅੜਿਕਾ ਪਾਇਆ ਹੈ।ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੂੰ ਪੰਥ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
ਪੰਥਕ ਆਗੂਆਂ ਨੇ ਸਮੂਹ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਥ ਵਿਚ ਇਕ ਗਲ ਸਿੱਧ ਹੋ ਗਈ ਹੈ ਕਿ ਗੁਰੂ ਪੰਥ ਨੂੰ ਆਪਣੀ ਰਾਜਨੀਤੀ ਗੁਰੂ ਦੇ ਆਦਰਸ਼ਾਂ ਉਪਰ ਸਿਰਜਣੀ ਪੈਣੀ ਹੈ ਨਹੀਂ ਤਾਂ ਬਾਦਲ ,ਧਾਮੀ, ਦਲਜੀਤ ਚੀਮੇ , ਹਰਚਰਨ ਬੈਂਸ ਵਰਗੇ ਕਲੰਕਿਤ ਅਵਤਾਰ ਧਾਰਨ ਕਰਦੇ ਰਹਿਣਗੇ ਤੇ ਸਿਖ ਪੰਥ ਖੁਆਰ ਹੁੰਦਾ ਰਹੇਗਾ।ਅਕਾਲੀ ਦਲ ਪੰਥਕ ਸੰਗਠਨ ਬਣਾਉਣ ਦੀ ਲੋੜ ਹੈ ਨਾ ਕਿ ਸਤਾ ਦੀ ਲਾਲਸਾ ਲਈ।
ਸੱਤਾ ਲਈ ਸਾਡਾ ਰਾਜਨੀਤਕ ਵਿੰਗ ਪੰਥਕ ਸੰਗਠਨ ਵਿਚੋਂ ਪੈਦਾ ਹੋਵੇ ਜੋ ਗਰੀਬ ਸਿਖਾਂ ,ਕਿਰਤੀਆਂ,ਦਲਿਤਾਂ ਦੇ ਸੰਗੀ ਸਾਥੀ ਬਣ ਕੇ ਰਾਜਨੀਤੀ ਕਰੇ ।ਪੰਜਾਬ ਤੇ ਮਨੁੱਖਤਾ ਦੀ ਜ਼ਿੰਮੇਵਾਰੀ ਸੰਭਾਲਦਿਆ ਪੰਥਕ ਪਰੰਪਰਾਵਾਂ ਉਪਰ ਪਹਿਰਾ ਦੇਣ ਵਾਲਾ ਹੋਵੇ ।ਆਗੂਆ ਨੇ ਖ਼ਾਲਸਾ ਪੰਥ ਨੂੰ ਬੇਨਤੀ ਕੀਤੀ ਸਾਨੂੰ ਆਪਣੇ ਪੁਰਖਿਆਂ ਦੇ ਸੰਗਠਨ ਅਕਾਲੀ ਦਲ ਦਾ ਪੰਥਕ ਨਿਰਮਾਣ ਕਰਨ ਵੱਲ ਕਦਮ ਚੁਕਣੇ ਚਾਹੀਦੇ ਹਨ।