ਯੈੱਸ ਪੰਜਾਬ
ਬਠਿੰਡਾ, 27 ਜਨਵਰੀ, 2022 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਖੇ ਗਣਤੰਤਰ ਦਿਵਸ ਜੋਸ਼ ਅਤੇ ਦੇਸ਼ ਭਗਤੀ ਦੇ ਉਤਸ਼ਾਹ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਮਨਾਇਆ। ਪ੍ਰੋਗਰਾਮ ਦੌਰਾਨ ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ।
ਇਸ ਮੌਕੇ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਰਾਸ਼ਟਰ ਅਤੇ ਇਸ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਸਿੱਧੂ ਨੇ ਮਨੁੱਖਤਾ, ਭਾਈਚਾਰੇ ਅਤੇ ਕੌਮੀ ਅਖੰਡਤਾ ਦੇ ਰਵੱਈਏ ਨੂੰ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇਸ਼ਨ ਬਿਲਡਿੰਗ ਦੀ ਪ੍ਰਕਿਰਿਆ ‘ਤੇ ਜ਼ੋਰ ਦਿੰਦੇ ਹੋਏ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਹਲ ਕਰਨ ਲਈ ਆਪਣੇ ਆਪ ਨੂੰ ਮਜ਼ਬੂਤ ਰਾਸ਼ਟਰ ਦੀ ਉਸਾਰੀ ਲਈ ਸਮਰਪਿਤ ਕਰਨ।
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਇਕ ਮੌਕਾ ਦਿੰਦਾ ਹੈ ਜਿੱਥੇ ਇਕ ਪਾਸੇ ਸਾਨੂੰ ਆਪਣੇ ਦੇਸ਼ ਦੇ ਸ਼ਾਨਦਾਰ ਅਤੀਤ ਦੀਆਂ ਰਵਾਇਤਾਂ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਦੂਜੇ ਪਾਸੇ ਭਵਿੱਖ ਵਿਚ ਇਨ੍ਹਾਂ ਰਵਾਇਤਾਂ ਨੂੰ ਜਾਰੀ ਰੱਖਣ ਦਾ ਅਹਿਦ ਕਰਨਾ ਚਾਹੀਦਾ ਹੈ।
ਗਣਤੰਤਰ ਦਿਵਸ ਸਾਡੇ ਸਾਰੇ ਨਾਗਰਿਕਾਂ ਵਿਚ ਅਨੇਕਤਾ, ਭਰੱਪਣ ਅਤੇ ਸਮਾਨਤਾ ਵਿਚ ਏਕਤਾ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਨ ਦਾ ਇਕ ਦਿਨ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ, ਡੀਨ ਖੋਜ ਅਤੇ ਵਿਕਾਸ ਡਾ. ਆਸ਼ੀਸ਼ ਬਾਲਦੀ, ਡਾਇਰੈਕਟਰ, ਕਾਲਜ ਵਿਕਾਸ ਕੌਂਸਲ, ਡਾ. ਬਲਵਿੰਦਰ ਸਿੰਘ ਸਿੱਧੂ, ਡਾ. ਅਨੁਪਮ ਕੁਮਾਰ ਅਤੇ ਡਾ. ਦੇਵਾਨੰਦ ਉੱਤਮ ਨੇ ਵੀ ਗਣਤੰਤਰ ਦਿਵਸ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
2 ਪੰਜਾਬ ਆਰ ਐਂਡ ਵੀ ਐਸ.ਕਿਯੂ.ਐਨ. ਦੇ ਏ.ਐਨ.ਓ., ਇੰਜ. ਵਿਵੇਕ ਕੋਂਡਲ ਅਤੇ 20 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਰਾਜੀਵ ਵਰਸ਼ਨੇ ਨੇ ਸਮਾਗਮ ਵਿੱਚ ਮੁੱਖ ਭੂਮਿਕਾ ਨਿਭਾਈ। ਐਨ.ਸੀ.ਸੀ. ਕੈਡਿਟਾਂ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ