ਯੈੱਸ ਪੰਜਾਬ
ਨਵੀਂ ਦਿੱਲੀ, 22 ਜੂਨ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋੋਸ਼ੀਆਂ ਦੀ ਗਿ੍ਰਫਤਾਰੀ ਦਾ ਸਿਹਰਾ ਆਪਣੇ ਸਿਰ ਬੰਨਣ ਦੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਯਤਨ ਦਾ ਗੰਭੀਰ ਨੋਟਿਸ ਲੈਂਦਿਆਂ ਸਰਦਾਰ ਜੀ ਕੇ ਨੂੰ ਆਖਿਆ ਕਿ ਉਹ ਜਿਹੜੇ ਕੰਮ ਨਹੀਂ ਕਰ ਸਕੇ, ਉਸਦਾ ਸਿਹਰਾ ਆਪਣੇ ਸਿਰ ਬੰਨਣ ਦੇ ਯਤਨਾਂ ਤੋਂ ਬਾਜ਼ ਆਉਣ।
ਉਹਨਾਂ ਕਿਹਾ ਕਿ ਕਾਨਪੁਰ ਸਿੱਖ ਦੰਗਿਆਂ ਦੇ ਮਾਮਲੇ ਵਿਚ ਕਾਰਵਾਈ ਸਿਰਫ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਨਾਲ ਨਾਲ ਹੋਈ ਹੈ, ਇਸ ਤੱਥ ਤੋਂ ਸਾਰਾ ਜੱਗ ਜਾਣੂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 2019 ਵਿਚ ਸਰਦਾਰ ਮਨਜੀਤ ਸਿੰਘ ਜੀ ਕੇ ਨੁੰ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਇਸ ਉਪਰੰਤ ਉਹ ਆਪ, ਦਿੱਲੀ ਦੇ ਸਿੱਖ ਨੇਤਾ ਸਰਦਾਰ ਕੁਲਦੀਪ ਸਿੰਘ ਭੋਗਲ ਤੇ ਕਾਨਪੁਰ ਦੇ ਸਿੱਖ ਨੇਤਾ ਸਰਦਾਰ ਸੁਰਜੀਤ ਸਿੰਘ ਓਬਰਾਏ ਇਸ ਮਾਮਲੇ ਵਿਚ ਬਣੀ ਐਸ ਆਈ ਟੀ ਨਾਲ ਮੁਲਾਕਾਤਾਂ ਕਰਦੇ ਹਨ ਤੇ ਕੇਸ ਦੀ ਪੈਰਵੀ ਕਰਦੇ ਰਹੇ ਹਨ। ਇਹਨਾਂ ਮੀਟਿੰਗਾਂ ਵਿਚ ਨਾ ਤਾਂ ਕਦੇ ਸਰਦਾਰ ਮਨਜੀਤ ਸਿੰਘ ਜੀ ਕੇ ਸ਼ਾਮਲ ਹੋਏ ਤੇ ਨਾ ਉਹਨਾਂ ਕਦੇ ਇਹਨਾਂ ਮੀਟਿੰਗਾਂ ਬਾਰੇ ਚਰਚਾ ਕੀਤੀ।
ਉਹਨਾਂ ਕਿਹਾ ਕਿ ਇਹਨਾਂ ਕੇਸਾਂ ਦੀ ਪੈਰਵਈ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਹਿਮ ਰੋਲ ਅਦਾ ਕੀਤਾ ਹੈ। ਉਹਨਾਂ ਦੱਸਿਆ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਦੋ ਹੋਰ ਗਿ੍ਰਫਤਾਰੀਆਂ ਹੋਈਆਂ ਹਨ ਤਾਂ ਮਨਜੀਤ ਸਿੰਘ ਜੀ ਕੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਵੇਖ ਕੇ ਨਵੇਂ ਦਾਅਵੇ ਸ਼ੁਰੂ ਕਰ ਦਿੱਤੇ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਸਹੀ ਤਰੀਕੇ ਕੇਸਾਂ ਦੀ ਪੈਰਵੀ ਕੀਤੀ ਤੇ ਨਾਲ ਦਿੱਲੀ ਕਮੇਟੀ ਦਾ ਸਾਥ ਲਿਆ ਜਦੋਂ ਕਿ ਮਨਜੀਤ ਸਿੰਘ ਜੀ ਕੇ ਨੇ 2019 ਵਿਚ ਕਮੇਟੀ ਤੋਂ ਲਾਂਭੇ ਹੋਣ ਤੋਂ ਬਾਅਦ ਇਹਨਾਂ ਕੇਸਾਂ ਵਿਚ ਕੱਖ ਨਹੀਂ ਕੀਤਾ।
ਉਹਨਾਂ ਕਿਹਾ ਦਿੱਲੀ ਕਮੇਟੀ ਹਮੇਸ਼ਾ ਇਹਨਾਂ ਕੇਸਾਂ ਦਾ ਤਰਕਸੰਗਤ ਨਿਪਟਾਰਾ ਕਰਵਾਉਣ ਦੇ ਹੱਕ ਵਿਚ ਹੈ ਤੇ ਹਮੇਸ਼ਾ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਸਤੇ ਕੰਮ ਕੀਤਾ ਹੈ ਤੇ ਕਰਦੇ ਰਹਾਂਗੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ