ਅੱਜ-ਨਾਮਾ
ਭਾਰਤ ਲਈ ਜੋ ਮੁਲਕ ਸੀ ਸਦਾ-ਮਿੱਤਰ,
ਇੱਕ ਹੈ ਉਨ੍ਹਾਂ ਜਿਹਾ ਦੇਸ਼ ਨੇਪਾਲ ਬੇਲੀ।
ਸਦੀਆਂ ਤੀਕਰ ਜੋ ਸਾਂਝ ਹੈ ਨਿਭੀ ਆਈ,
ਸਾਂਝਾਂ ਇਹ ਰਿਹਾ ਨੇਪਾਲ ਨਾ ਪਾਲ ਬੇਲੀ।
ਝਗੜਾ-ਰੱਟਾ ਕੁਝ ਨਿੱਤ ਹੈ ਪਿਆ ਹੁੰਦਾ,
ਰਿਹਾ ਚਿਰਾਂ ਤੋਂ ਭਾਰਤ ਇਹ ਟਾਲ ਬੇਲੀ।
ਨੇਪਾਲ ਦੀ ਨਵੀਂ ਕਰੰਸੀ ਹੈ ਛਪਣ ਵਾਲੀ,
ਆਇਆ ਈ ਓਸ ਦੇ ਨਾਲ ਭੁਚਾਲ ਬੇਲੀ।
ਵਿਵਾਦਤ ਨਕਸ਼ਾ ਹੈ ਛਾਪਿਆ ਜਾਣ ਲੱਗਾ,
ਜੀਹਦਾ ਇਤਹਾਸ ਦੇ ਨਾਲ ਨਾ ਮੇਲ ਬੇਲੀ।
ਕਰਨਾ ਭਾਰਤ ਨੇ ਕਦੇ ਪ੍ਰਵਾਨ ਉਹ ਨਹੀਂ,
ਪਾਊਗਾ ਸਾਂਝ ਦੇ ਜੜ੍ਹਾਂ ਵਿੱਚ ਤੇਲ ਬੇਲੀ।
ਤੀਸ ਮਾਰ ਖਾਂ
5 ਸਤੰਬਰ, 2024