ਅੱਜ-ਨਾਮਾ
ਬਿਹਾਰ ਚੋਣ ਲਈ ਸ਼ੁਰੂ ਮੁਹਿੰਮ ਹੋ ਗਈ,
ਚੱਕਰ ਲੱਗ ਪਏ ਆਗੂ ਨੇ ਲਾਉਣ ਬੇਲੀ।
ਅਸੀਂ ਆਹ ਕੀਤਾ ਤੇ ਅੱਗੋਂ ਆਹ ਕਰਨਾ,
ਲੱਗੇ ਈ ਕੰਮਾਂ ਦੀ ਸੂਚੀ ਵਿਖਾਉਣ ਬੇਲੀ।
ਜ਼ਾਬਤੇ ਲੱਗੇ ਤੋਂ ਜਿਹੜਾ ਨਹੀਂ ਕੰਮ ਹੋਣਾ,
ਅਗੇਤੇ ਲੱਗ ਪਏ ਈ ਨੌਂਗਾ ਪਾਉਣ ਬੇਲੀ।
ਭਖ ਰਹੇ ਭਾਰਤ ਦੇ ਪੱਧਰ ਦੇ ਛੱਡ ਮਸਲੇ,
ਲੱਗੇ ਮੋਦੀ ਜੀ ਓਧਰ ਫਿਰ ਆਉਣ ਬੇਲੀ।
ਜਾਤਾਂ ਗਿਣਨ ਦੀ ਪਹਿਲਾਂ ਨਹੀਂ ਗੱਲ ਮੰਨੀ,
ਕਰਿਆ ਮੰਨਣ ਦਾ ਉਹ ਵੀ ਐਲਾਨ ਬੇਲੀ।
ਅੱਗੋਂ ਨਿਤੀਸ਼ ਦੀ ਨੀਤ ਦਾ ਪਤਾ ਕੋਈ ਨਾ,
ਚਲਾ ਜਾਏ ਕਿੱਧਰ ਨੂੰ ਕਦੋਂ ਧਿਆਨ ਬੇਲੀ।
-ਤੀਸ ਮਾਰ ਖਾਂ
1 ਮਈ 2025