ਯੈੱਸ ਪੰਜਾਬ
ਅੰਮ੍ਰਿਤਸਰ, 9 ਅਗਸਤ, 2024
ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਫਿਰ ਵਪਾਰੀਆਂ ਨੂੰ ਰਾਹਤ ਦੇਣ ਲਈ ਬਾਸਮਤੀ ਚੌਲਾਂ ‘ਤੇ ਐਮਈਪੀ (ਮਿਨਿਮਮ ਐਕਸਪੋਰ੍ਟ ਪ੍ਰਾਇਜ਼) ਘਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੰਸਦ ‘ਚ ਕਿਹਾ ਕਿ ਭਾਰਤ ‘ਚ ਪਾਕਿਸਤਾਨ ਦੇ ਮੁਕਾਬਲੇ ਜ਼ਿਆਦਾ ਐਮ.ਈ.ਪੀ. ਹਨ, ਜਿਸ ਕਾਰਨ ਐਕਸਪੋਰਟ ‘ਤੇ ਅਸਰ ਪੈ ਰਿਹਾ ਹੈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿੱਚ ਸੰਧਿਆ ਰਾਏ ਦੀ ਪ੍ਰਧਾਨਗੀ ਦੌਰਾਨ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਘੱਟੋ-ਘੱਟ ਬਰਾਮਦ ਮੁੱਲ ਘਟਾਉਣ ਦੀ ਮੰਗ ਕੀਤੀ। ਉਨ੍ਹਾਂ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਬਾਸਮਤੀ ਦੀ ਬਹੁਤ ਖੇਤੀ ਕੀਤੀ ਜਾਂਦੀ ਹੈ। ਪਿਛਲੀ ਵਾਰ ਸਰਕਾਰ ਨੇ ਬਾਸਮਤੀ ਦੀ ਬਰਾਮਦ ‘ਤੇ 1200 ਡਾਲਰ ਪ੍ਰਤੀ ਟਨ ਸੀਮਾ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਵਿਰੋਧ ਹੋਇਆ ਸੀ ਅਤੇ ਇਸ ਨੂੰ ਘਟਾ ਕੇ 950 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਸੀ।
ਫਿਲਹਾਲ ਇਹ ਰੇਟ ਚੱਲ ਰਿਹਾ ਹੈ ਪਰ ਇਹ ਰੇਟ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ 1509, 1121, 1718 ਬਾਸਮਤੀ ਕਿਸਮਾਂ ਉਗਾਈਆਂ ਜਾਂਦੀਆਂ ਹਨ। ਬਾਸਮਤੀ ਦੀ ਕਾਸ਼ਤ ਪੂਰੀ ਦੁਨੀਆ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉੱਚ ਰੇਟ ਕਾਰਨ ਭਾਰਤੀ ਕਿਸਾਨਾਂ ਨੂੰ 1509 ਬਾਸਮਤੀ ਦੇ ਆਰਡਰ ਨਹੀਂ ਮਿਲ ਰਹੇ, ਜਦੋਂ ਕਿ ਪਾਕਿਸਤਾਨ ਵਿੱਚ ਇਹ ਰੇਟ 700 ਡਾਲਰ ਹੈ। ਜਿਸ ਕਾਰਨ ਪਾਕਿਸਤਾਨ ਨੂੰ ਸਾਰੇ ਆਰਡਰ ਮਿਲ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਪਰ ਦੂਜੇ ਪਾਸੇ ਰੇਟ ਵਧਾ ਦਿੱਤੇ ਗਏ ਹਨ। ਫ਼ਸਲ ਪੱਕ ਕੇ ਤਿਆਰ ਹੈ ਪਰ ਆਰਡਰ ਨਹੀਂ ਮਿਲ ਰਹੇ। ਉਨ੍ਹਾਂ ਮੰਗ ਕੀਤੀ ਕਿ 1509 ਬਾਸਮਤੀ ਦੀ ਬਰਾਮਦ ਦਰ ਪਾਕਿਸਤਾਨ ਦੇ 700 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਦੇਸ਼ ਦੇ ਕਿਸਾਨ ਅਤੇ ਵਪਾਰੀ ਲਾਭ ਲੈ ਸਕਣ।