ਯੈੱਸ ਪੰਜਾਬ
ਮੁੰਬਈ, 16 ਮਾਰਚ, 2023:
ਪੰਜਾਬੀ ਫ਼ਿਲਮ ਅਦਾਕਾਰ ਅਮਨ ਧਾਲੀਵਾਲ, ਜਿਸਨੇ ‘ਜੋਧਾ ਅਕਬਰ’ ਸਣੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ ’ਤੇ ਅਮਰੀਕਾ ਵਿੱਚ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ।
ਅਮਨ ਧਾਲੀਵਾਲ ’ਤੇ ਹਮਲਾ ਉਸ ਵੇਲੇ ਕੀਤਾ ਗਿਆ ਜਦ ਉਹ ਅਮਰੀਕਾ ਵਿੱਚ ਗਰੈਂਡ ਉਕਸ ਵਿਖ਼ੇ ਪਲੈਨਟ ਫ਼ਿੱਟਨੈਸ ਜਿੰਮ ਵਿੱਚ ਕਸਰਤ ਕਰਨ ਲਈ ਗਿਆ ਹੋਇਆ ਸੀ। ਮਾਮਲੇ ਦੀ ਵੀਡੀਓ ਕਲਿੱਪ ਵੀ ਸਾਹਮਣੇ ਆਈ ਹੈ ਜਿਸ ਨੂੰ ਵੇਖ਼ਿਆਂ ਪਤਾ ਲੱਗਦਾ ਹੈ ਕਿ ਹਮਲਾ ਹੋਣ ਦੇ ਬਾਵਜੂਦ ਅਮਨ ਧਾਲੀਵਾਲ ਘਬਰਾਹਟ ਵਿੱਚ ਨਹੀਂ ਆਇਆ ਅਤੇ ਉਸਨੇ ਦਲੇਰੀ ਦਾ ਵਿਖ਼ਾਵਾ ਕਰਦਿਆਂ ਹੋਇਆਂ ਹਮਲਾਵਰ ਨੂੰ ਨੱਪ ਲਿਆ।
ਤੇਜ਼ਧਾਰ ਹਥਿਆਰਾਂ ਨਾਲ ਲੈੱਸ ਇਕ ਵਿਅਕਤੀ ਜਿੰਮ ਦੇ ਅੰਦਰ ਆਉਂਦਾ ਹੈ ਅਤੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਅਮਨ ਧਾਲੀਵਾਲ ਨੂੰ ਇਕ ਤਰ੍ਹਾਂ ਬੰਧਕ ਬਣਾ ਕੇ ਸਾਈਡ ’ਤੇ ਖੜ੍ਹ ਜਾਂਦਾ ਹੈ ਅਤੇ ਉੱਚੀ ਆਵਾਜ਼ ਵਿੱਚ ਧਮਕਾਉਂਦਾ ਅਤੇ ਪਾਣੀ ਮੰਗਦਾ ਨਜ਼ਰ ਆਉਂਦਾ ਹੈ।
ਇਸੇ ਦੌਰਾਨ ਹੀ ਮੌਕਾ ਮਿਲਣ ’ਤੇ ਸਰੀਰੋਂ ਤਕੜੇ ਅਮਨ ਧਾਲੀਵਾਲ ਨੇ ਭਲਵਾਨੀ ਦਾਅ ਖ਼ੇਡਦਿਆਂ ਹਮਲਾਵਰ ਨੂੰ ਹੇਠਾਂ ਸੁੱਟ ਲਿਆ ਤੇ ਉਸਨੂੰ ਕਾਬੂ ਕਰ ਲਿਆ। ਇਸ ’ਤੇ ਹੋਰ ਲੋਕ ਵੀ ਉਸਦੀ ਮਦਦ ’ਤੇ ਆ ਗਏ ਅਤੇ ਹਮਲਾਵਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਸਾਰੀ ਘਟਨਾ ਦੇ ਦੌਰਾਨ ਹਮਲਾਵਰ ਕੋਲ ਤੇਜ਼ਧਾਰ ਹਥਿਆਰ ਹੋਣ ਕਾਰਨ ਅਮਨ ਧਾਲੀਵਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਅਮਨ ਧਾਲੀਵਾਲ ਨੇ ਕਈ ਪੰਜਾਬੀ ਫ਼ਿਲਮਾਂ ਤੋਂ ਇਲਾਕਾ ਕੁਝ ਬਾਲੀਵੁੱਡ ਫ਼ਿਲਮਾਂ ਵੀ ਕੀਤੀਆਂ ਹਨ ਜਿਨ੍ਹਾਂ ਵਿੱਚ ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਦੀਆਂ ਭੂਮਿਕਾਵਾਂ ਵਾਲੀ ‘ਜੋਧਾ ਅਕਬਰ’ ਵੀ ਸ਼ਾਮਲ ਹੇੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ