ਬਾਦਲ ਪਰਿਵਾਰ ਦੇ ਗੜ੍ਹ ਲੰਬੀ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਮਿਤ ਸ਼ਾਹ, ਵਰਚੂਅਲ ਰੈਲੀਆਂ ਨੂੰ ਕਰਨਗੇ ਸੰਬੋਧਨ

ਯੈੱਸ ਪੰਜਾਬ
ਬਠਿੰਡਾ, 14 ਜਨਵਰੀ, 2022:
ਕਦੇ ਨਹੁੰ-ਮਾਸ ਵਾਲੇ ਰਿਸ਼ਤੇ ਦੀ ਦੁਹਾਈ ਦੇਣ ਵਾਲੀਆਂ ਦੋ ਪਾਰਟੀਆਂ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਆਹਮੋ ਸਾਹਮਣੇ ਹੋਣਗੀਆਂ।

ਦਿਲਚਸਪ ਗੱਲ ਇਹ ਹੈ ਕਿ ਭਾਜਪਾ ਦੇ ਦੂਜੇ ਵੱਡੇ ਨੇਤਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਪੰਜਾਬ ਅੰਦਰ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਅਤੇ ਬਾਦਲ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਲੰਬੀ ਤੋਂ ਕੀਤੀ ਜਾ ਰਹੀ ਹੈ।

16 ਜਨਵਰੀ ਨੂੰ ਇਹ ਵਰਚੂਅਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਪਹਿਲੇ ਹੀ ਗੇੜ ਵਿੱਚ ਸ੍ਰੀ ਅਮਿਤ ਸ਼ਾਹ ਭਾਜਪਾ ਦੇ ਤਿੰਨ ਮੰਡਲਾਂ ਵਿੱਚ ਇਹ ਰੈਲੀਆਂ ਕਰਨਗੇ। ਲੰਬੀ ਮੰਡਲ ਵਿੱਚ 4, ਕਿੱਲਿਆਂਵਾਲੀ ਮੰਡਲ ਵਿੱਚ 5 ਅਤੇ ਸਰਾਵਾਂ ਮੰਡਲ ਵਿੱਚ 6 ਵਰਚੂਅਲ ਰੈਲੀਆਂ ਕੀਤੇ ਜਾਣ ਦਾ ਪ੍ਰੋਗਰਾਮ ਹੈ ਜਿਨ੍ਹਾਂ ਨੂੰ ਨੇਪਰੇ ਚਾੜ੍ਹਣ ਲਈ ਕੋਵਿਡ ਨਿਯਮਾਂ ਤਹਿਤ ਤਿਆਰੀਆਂ ਕੀਤੀਆਂ ਗਈਆਂ ਹਨ।

ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਇਸ ਵਾਰ ਭਾਰਤੀ ਜਨਤਾ ਪਾਰਟੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪੰਜਾਬ ਲੋਕ ਕਾਂਗਰਸ ਅਤੇ ਸ:ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।

ਇੰਜ ਜਾਪਦਾ ਹੈ ਕਿ ਸੀਟ ਸ਼ੇਅਰਿੰਗ ਦੇ ਆਧਾਰ ’ਤੇ ਇਹ ਸੀਟ ਭਾਜਪਾ ਆਪਣੇ ਖ਼ਾਤੇ ਵਿੱਚ ਗਿਣ ਰਹੀ ਹੈ। ਇਸ ਹਲਕੇ ਤੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਢੀਂਗਰਾ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ