ਅੱਜ-ਨਾਮਾ
ਫੜਿਆ ਫੇਰ ਇੱਕ ਸੁਣੀਂਦਾ ਕਾਂਗਰਸੀਆ,
ਭ੍ਰਿਸ਼ਟਾਚਾਰ ਦਾ ਕਹਿਣ ਇਲਜ਼ਾਮ ਮੀਆਂ।
ਸਤਾਰਾਂ-ਬਾਈ ਵਿੱਚ ਕੀਤੇ ਜੋ ਗਏ ਘਪਲੇ,
ਚਰਚਾ ਹੁੰਦੀ ਪਈ ਉਹੋ ਬੱਸ ਆਮ ਮੀਆਂ।
ਜਿਹੜੇ ਦੌਲਤ ਦੇ ਢੇਰ ਸਨ ਰਹੇ ਲਾਉਂਦੇ,
ਫਸਦੇ ਫਿਰਦੇ ਹਨ ਲੀਡਰ ਤਮਾਮ ਮੀਆਂ।
ਵਕਤ ਰਾਜ ਦੇ ਜਿਹੜੇ ਕਈ ਨਾਲ ਫਿਰਦੇ,
ਜੋੜਨਾ ਨਾਲ ਉਹ ਚਾਹੁਣ ਨਾ ਨਾਮ ਮੀਆਂ।
ਮਲਾਈ ਚੱਟਣ ਲਈ ਯਾਰ ਨੇ ਬਹੁਤ ਹੁੰਦੇ,
ਮੁਸ਼ਕਲ ਆਵੇ ਤਾਂ ਛੱਡ ਗਏ ਰਾਹ ਮੀਆਂ।
ਯਾਰੀ-ਦੋਸਤੀ ਮਾਇਆ ਲਈ ਸਾਂਝ ਹੁੰਦੀ,
ਕੋਈ ਨਹੀਂ ਕਿਸੇ ਦਾ ਖੈਰ-ਖਵਾਹ ਮੀਆਂ।
ਤੀਸ ਮਾਰ ਖਾਂ
6 ਸਤੰਬਰ, 2024