ਪੱਕੇ ਧਰਨੇ ‘ਚ ਬੈਠੇ 69 ਸਾਲਾ ਲਾਭ ਸਿੰਘ ਦੀ ਮੌਤ ਤੋਂ ਬਾਅਦ ਸਕੂਲ ਦੀ ਅਪਗ੍ਰੇਡੇਸ਼ਨ ਨੂੰ ਲਾਗੂ ਕਰਨ ਦੀ ਮੰਗ ਹੋਈ ਹੋਰ ਤੇਜ

ਯੈੱਸ ਪੰਜਾਬ
ਲੁਧਿਆਣਾ, 18 ਜਨਵਰੀ, 2022 (ਰਾਜਕੁਮਾਰ ਸ਼ਰਮਾ)
ਕਿਸਾਨਾਂ ਦੀ ਤਰਜ ‘ਤੇ ਸਥਾਨਕ ਸ਼ੇਰਪੁਰ ‘ਚ ਸਕੂਲ ਨੂੰ ਅਪਗ੍ਰੇਡੇਸ਼ਨ ਨੂੰ ਲਾਗੂ ਕਰਵਾਉਣ ਦੀ ਮੰਗ ਲੈ ਕੇ 75 ਸਾਲਾ ਬਲਜੀਤ ਕੌਰ ਦੀ ਅਗਵਾਈ ‘ਚ ਲੱਗੇ ਧਰਨੇ ਵਿੱਚ ਲਗਾਤਾਰ ਹਾਜਰੀ ਦੇਣ ਵਾਲੇ 69 ਸਾਲਾ ਲਾਭ ਸਿੰਘ ਦੀ ਮੌਤ ਤੋਂ ਬਾਅਦ ਜਿੱਥੇ ਉਸਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਜੁੜ ਗਈ ਹੈ ਉੱਥੇ ਹੀ ਬਲਜੀਤ ਕੌਰ ਨੇ ਲਾਭ ਸਿੰਘ ਦੇ ਬਲਦੇ ਸਿਵੇ ਕੋਲ ਬੈਠ ਕੇ ਆਖਰੀ ਸ਼ਾਹ ਤੱਕ ਜੰਗ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ।

ਬਲਜੀਤ ਕੌਰ ਨੇ ਸਾਫ ਕਰ ਦਿੱਤਾ ਕਿ ਦੂਰ ਦੇ ਸਕੂਲ ‘ਚ ਪੜਨ ਜਾਂਦੀ ਉਨਾਂ ਦੀ ਬੱਚੀ ਦੀ ਮੌਤ ਦੇ ਮੂੰਹ ‘ਚ ਚਲੀ ਗਈ ਸੀ ਜਿਸਤੀ ਮੌਤ ਨੇ ਉਸਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਕੋਈ ਹੋਰ ਬੱਚੀ ਮੌਤ ਦੇ ਮੂੰਹ ਨਾ ਜਾਵੇ, ਨੂੰ ਰੋਕਣ ਲਈ ਮੇਰੇ ਵੱਲੋਂ ਇਸ ਸਕੂਲ ਦੀ 10ਵੀਂ ਤੋਂ 12ਵੀਂ ਤੱਕ ਦੀ ਹੋਈ ਅਪਗ੍ਰੇਡੇਸ਼ਨ ਨੂੰ ਲਾਗੂ ਕਰਵਾਉਣ ਲਈ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਸਨੂੰ ਚੱਲਦੇ ਤੇਰਵਾਂ ਦਿਨ ਪਾਰ ਹੋ ਗਿਆ ਹੈ।

ਉਸਨੇ ਦੱਸਿਆ ਕਿ ਇਸ ਧਰਨੇ ‘ਚ ਲਗਾਤਾਰ ਹਾਜਰ ਰਹਿ ਕੇ ਮੈਨੂੰ ਜੰਗ ਜਿੱਤਣ ਦਾ ਹੌਸਲਾ ਦੇਣ ਵਾਲਾ ਪੁੱਤਰ ਲਾਭ ਸਿੰਘ ਬੀਤੇ ਦਿਨੀਂ ਹੋਈ ਬਰਸਾਤ ਅਤੇ ਠੰਡ ਕਾਰਨ ਬਿਮਾਰ ਹੋ ਗਿਆ ਸੀ ਅਤੇ ਇਸ ਸਕੂਲ ਦੀ ਅਪਗ੍ਰੇਡੇਸ਼ਨ ਨੂੰ ਲਾਗੂ ਕਰਵਾਉਣ ਦੀ ਆਸ ਦਿਲ ‘ਚ ਲੈ ਕੇ ਚਲਾ ਗਿਆ। 75 ਸਾਲਾ ਬਜੁਰਗ ਬਲਜੀਤ ਕੌਰ ਨੇ ਲਾਭ ਸਿੰਘ ਨੂੰ ਸਿੱਖਿਆ ਲਈ ਲੜਦਾ ਯੋਧਾ ਆਖ ਸਰਕਾਰ ਤੋਂ ਮੰਗ ਕੀਤੀ ਕਿ ਇਸਨੂੰ ਸ਼ਹੀਦ ਦਾ ਦਰਜਾ ਦੇ ਕੇ ਸਨਮਾਨ ਦਿੱਤਾ ਜਾਵੇ ਅਤੇ ਇਲਾਕੇ ਦੇ ਬੱਚਿਆਂ ਖਾਸ ਕਰ ਬੱਚੀਆਂ ਦੇ ਚੰਗੇ ਭਵਿੱਖ ਲਈ ਸਕੂਲ ਦੀ ਹੋਈ ਅਪਗ੍ਰੇਡੇਸ਼ਨ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।

ਉਸਨੇ ਸਾਫ ਆਖ ਦਿੱਤਾ ਕਿ ਉਸਦੇ ਆਖਰੀ ਸਾਹ ਤੱਕ ਏਹ ਸੰਘਰਸ਼ ਜਾਰੀ ਰਹੇਗਾ। ਜਮਾਲਪੁਰ ਦੇ ਸਮਸਾਨਘਾਨ ‘ਚ ਦਾਅ ਸੰਸਕਾਰ ‘ਤੇ ਪੁੱਜੇ ਬਿੱਟੂ ਸ਼ੇਰਪੁਰੀਆ, ਬੰਸੀ ਲਾਲ ਪ੍ਰੇਮੀਂ ਅਤੇ ਮਾਸਟਰ ਰਾਮਨੰਦ ਨੇ ਦੱਸਿਆ ਕਿ ਇਸ ਸਕੂਲ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ 10ਵੀਂ ਤੋਂ ਬਾਰਵੀਂ ਕਰ ਦਿੱਤਾ ਗਿਆ ਸੀ ਅਤੇ 9 ਨਵੰਬਰ 2016 ਨੂੰ ਉਸ ਵੇਲੇ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਅਤੇ ਜਿਲਾ ਯੋਜਨਾ ਦੇ ਚੇਅਰਮੈਨ ਹੀਰਾ ਸਿੰਘ ਗਾਬੜੀਆ ਅਤੇ ਕੌਂਸਲਰ ਸੁਖਦੇਵ ਸਿੰਘ ਗਿੱਲ ਨੇ ਨੀਂਹ ਪੱਥਰ ਤੱਕ ਰੱਖ ਦਿੱਤਾ ਸੀ ਜਿਸਦੀ ਪੂਰੇ ਇਲਾਕੇ ‘ਚ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਸੀ।

ਉਨਾਂ ਦੱਸਿਆ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਆਸਾਂ ਉੱਤੇ ਪਾਣੀ ਫੇਰ ਸਕੂਲ ਲਈ ਥਾਂ ਘੱਟ ਹੋਣ ਦੀ ਗੱਲ ਆਖ ਇਸਦੀ ਅਪਗ੍ਰੇਡੇਸ਼ਨ ਨੂੰ ਰੱਦ ਕਰਕੇ ਗਰੀਬ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨਾਂ ਦੱਸਿਆ ਕਿ ਸਕੂਲ ਲਈ ਪਿੰਡ ਦੇ ਕਿਸਾਨਾਂ ਨੇ ਅਪਣੀ ਜਮੀਨ ‘ਚੋਂ ਸਾਢੇ 6 ਕਿਲੇ ਜਮੀਨ ਦਾਨ ਦਿੱਤੀ ਸੀ ਜਿਸਨੂੰ ਬਾਅਦ ਨਗਰ ਨਿਗਮ ਨੇ ਵੇਚ ਦਿੱਤਾ ਸੀ ਅਤੇ ਹੁਣ ਵੀ ਡੇਢ ਕਿੱਲਾ ਬਚੀ ਜਮੀਨ ਵਿੱਚ ਸਕੂਲ ਚੱਲਦਾ ਹੈ ਜਿਸ ਵਿੱਚ ਬੜੀ ਅਸਾਨੀ ਨਾਲ ਵਾਧਾ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਜੇਕਰ ਇਸਤੋਂ ਵੀ ਘੱਟ ਥਾਵਾਂ ‘ਚ ਲੋਕਾਂ ਦੀ ਛਿੱਲ ਲਾਹੁੰਦੇ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ ਤਾਂ ਫੇਰ ਇਸ ਸਕੂਲ ਦੀ ਅਪਗ੍ਰੇਡੇਸ਼ਨ ਨੂੰ ਸ਼ਾਸਨ ਪ੍ਰਸ਼ਾਸਨ ਕਿਉਂ ਨਹੀਂ ਲਾਗੂ ਕਰਦਾ। ਉਨਾਂ ਇਸ ਗੱਲ ‘ਤੇ ਵੀ ਰੋੋਸ ਪ੍ਰਗਟ ਕੀਤਾ ਕਿ ਕੜਾਕੇ ਦੀ ਠੰਡ ਅਤੇ ਲੰਘੀ ਤੇਜ ਬਰਸਾਤ ਵਿੱਚ ਖੁੱਲੇ ਅਸਮਾਨ ਥੱਲੇ ਲੱਗਾਏ ਪੱਕੇ ਧਰਨੇ ਨੂੰ ਚੁਕਵਾਉਣ ਜਾਂ ਸਾਡੀ ਸਾਰ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸੱਤਾਧਾਰੀ ਧਿਰ ਦਾ ਕੋਈ ਆਗੂ ਨਹੀਂ ਪੁੱਜਾ।

ਉਨਾਂ ਲਾਭ ਸਿੰਘ ਨੂੰ ਸ਼ਹੀਦ ਦਾ ਦਰਜਾ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ, ਆਰਥਿਕ ਸਹਾਇਤਾ ਅਤੇ ਸਨਮਾਨ ਦੇਣ ਦੀ ਮੰਗ ਵੀ ਕੀਤੀ। ਮੌਕੇ ‘ਤੇ ਹਾਜਰ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਦੇ ਸਪੁੱਤਰ ਰਖਵਿੰਦਰ ਸਿੰਘ ਗਾਬੜੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ‘ਚ ਅਪਗ੍ਰੇਡ ਹੋਏ ਸਕੂਲ ਦੀ ਮਾਨਤਾ ਰੱਦ ਕਰਨਾ ਸਰਕਾਰ ਦੀ ਮਾੜੀ ਮਾਨਸਿਕਤਾ ਹੈ।

ਉਨਾਂ ਕਿਹਾ ਕਿ ਅਕਾਲੀ ਬਸਪਾ ਦੀ ਸਰਕਾਰ ਆਉਣ ‘ਤੇ ਸਕੂਲ ਨੂੰ ਅਪਗ੍ਰੇਡ ਵੀ ਕੀਤਾ ਜਾਵੇਗਾ ਅਤੇ ਸਵ ਲਾਭ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਨਾਲ ਨਾਲ ਹੋਰ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਮੁਲਾਜਮ ਆਗੂ ਮੇਵਾ ਸਿੰਘ, ਜਸਪ੍ਰੀਤ ਮਹਿਰਾ, ਜਵਾਹਰ ਲਾਲ, ਜਨਾਰਦਨ ਪ੍ਰਸ਼ਾਦ ਅਤੇ ਹੋਰ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ