ਯੈੱਸ ਪੰਜਾਬ
ਪਟਿਆਲਾ, 13 ਜਨਵਰੀ, 2021:
ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
ਸ਼੍ਰੀ ਬਰਾੜ ਦੇ ਵਕੀਲ ਅਨੁਸਾਰ ਅਦਾਲਤ ਨੇ ਉਸਨੂੰ 50 ਹਜ਼ਾਰ ਦੇ ਮੁਚੱਲਕੇ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ ਪਰ ਨਾਲ ਹੀ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਭੜਕਾਊ ਗ਼ੀਤ ਨਾ ਲਿਖ਼ਣ ਅਤੇ ਗਾਉਣ ਸੰਬੰਧੀ ਵੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਸੰਬੰਧੀ ਰਸਮੀ ਕਾਰਵਾਈ ਸ਼ਾਮ ਤਕ ਪੂਰੀ ਹੋ ਜਾਣ ਦੀ ਸੰਭਾਵਨਾ ਹੈ ਜਿਸ ਉਪਰੰਤ ਉਸਦੀ ਜੇਲ੍ਹ ਵਿੱਚੋਂ ਰਿਹਾਈ ਸੰਭਵ ਹੋ ਸਕੇਗੀ।
ਸ਼੍ਰੀ ਬਰਾੜ ਨੂੰ ਬੀਤੇ ਦਿਨੀਂ ਭੜਕਾਊ ਗ਼ੀਤ ਗਾਉਣ ਦੇ ਦੋਸ਼ ਹੇਠ ਪਟਿਆਲਾ ਪੁਲਿਸ ਵੱਲੋਂ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਵੱਲੋਂ ਗਾਏ ਇਕ ਗ਼ੀਤ ਵਿੱਚ ਹਥਿਆਰਾਂ ਦੀ ਵਰਤੋਂ ਨਾਲ ਪੁਲਿਸ ਥਾਣੇ ਵਿੱਚੋਂ ਇਕ ਕਿਰਦਾਰ ਨੂੰ ਛੁਡਾਉਣ ਦੇ ਦ੍ਰਿਸ਼ਾਂ ਵਾਲੇ ਇਯ ਗ਼ੀਤ ਨੂੰ ਕਾਨੂੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲਾ ਮੰਨਿਆ ਗਿਆ ਸੀ ਜਿਸ ਦੇ ਚੱਲਦਿਆਂ ਇਸ ਸੰਬੰਧੀ ਐਫ.ਆਈ.ਆਰ. ਦਰਜ ਕਰਨ ਉਪਰੰਤ ਇਹ ਗ੍ਰਿਫ਼ਤਾਰੀ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ’ਤੇ ਵੀ ਸਿਆਸਤ ਹੋਈ ਸੀ। ਇਸ ਮਾਮਲੇ ਵਿੱਚ ਪੰਜਾਬ ਅੰਦਰ ਯੂਥ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਗ੍ਰਿਫ਼ਤਾਰੀ ਦੀ ਅਲੋਚਨਾ ਕਰਦਿਆਂ ਕਿਹਾ ਗਿਆ ਸੀ ਕਿ ਸ਼੍ਰੀ ਬਰਾੜ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਕਿਸਾਨ ਅੰੋਲਨ ਦੇ ਹੱਕ ਵਿੱਚ ਉਸ ਵੱਲੋਂ ਲਿਖ਼ਿਆ ਗਿਆ ‘ਕਿਸਾਨ ਐਂਥਮ’ ਬਹੁਤ ਮਕਬੂਲ ਹੋਇਆ ਸੀ।
ਪਰ ਇਸ ਦੇ ਉਲਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਅੱਗੇ ਆਉਂਦੇ ਹੋਏ ਪੁਲਿਸ ਕਾਰਵਾਈ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਦਰਅਸਲ ਸ਼੍ਰੀ ਬਰਾੜ ਵੱਲੋਂ ਗਾਇਆ ਗਿਆ ਗ਼ੀਤ ਹੀ ਇਤਰਾਜ਼ਯੋਗ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲਾ ਸੀ। ਉਨ੍ਹਾਂ ਨੇ ਇਸ ਮਾਮਲੇ ’ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਸੀ।