Tuesday, May 28, 2024

ਵਾਹਿਗੁਰੂ

spot_img
spot_img

ਪੀੜ੍ਹੀਉ ਪੀੜ੍ਹੀ ਮਿਲਦੀ ਗਿਆਨ ਪੋਟਲੀ ਹੁੰਦੀ ਹੈ ਸਭ ਲਈ ਮਾਂ-ਬੋਲੀ: 21 ਫਰਵਰੀ ਨੂੰ ਵਿਸ਼ਵ ਮਾਂ ਬੋਲੀ ਦਿਹਾੜੇ ਤੇ – ਗੁਰਭਜਨ ਸਿੰਘ ਗਿੱਲ

- Advertisement -

ਮਾਂ ਬੋਲੀ ਕੇਵਲ ਵਿਚਾਰ ਆਦਾਨ ਪ੍ਰਦਾਨ ਜਾਂ ਸੰਚਾਰ ਦੀ ਭਸ਼ਾ ਨਹੀਂ ਹੁੰਦੀ ਸਗੋਂ ਇਹ ਧਰਤੀ ਮਾਤਾ ਵੱਲੋਂ ਖਿੱਤਾ ਵਿਸ਼ੇਸ਼ ਦੀਆਂ ਖ਼ੂਬਸੂਰਤੀਆਂ, ਜੰਮਣ ਤੋਂ ਮਰਨ ਤੀਕ ਦੀਆਂ ਰਹੁ ਰੀਤਾਂ, ਉਮੰਗਾਂ ਤਰੰਗਾਂ ਦੇ ਜੀਵਨ ਵਿਹਾਰ ਦੀ ਉਹ ਗਿਆਨ ਤੇ ਵਿਹਾਰ ਦੀ ਪੋਟਲੀ ਹੈ ਜੋ ਪਹਿਲੀ ਪੀੜ੍ਹੀ ਤੋਂ ਫੜ ਕੇ ਅਗਲੀ ਪੀੜ੍ਹੀ ਨੂੰ ਸੌਂਪਣਾ ਸਾਡੇ ਲਈ ਧਰਮ ਕਰਮ ਜਿਹਾ ਨੇਕ ਕਾਰਜ ਹੈ।

ਜਿਵੇਂ ਅਸੀਂ ਆਪਣਾ ਮੂੰਹ ਆਪ ਧੋਂਦੇ ਹਾਂ ਉਵੇਂ ਹੀ ਮਾਂ ਬੋਲੀ ਦੇ ਨਕਸ਼ ਵੀ ਸਾਨੂੰ ਆਪ ਹੀ ਸੰਵਾਰਨੇ ਪੈਣਗੇ। ਇਸ ਕਾਰਜ ਲਈ ਹਕੂਮਤਾਂ ਨੇ ਵਿਧਾਨਿਕ ਤੇ ਪ੍ਰਸ਼ਾਸਨਿਕ ਕੰਮ ਕਰਨੇ ਹਨ, ਸਿੱਖਿਆ ਅਦਾਰਿਆਂ, ਧਾਰਮਿਕ, ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਨੇ ਲੋਕ ਚੇਤਨਾ ਲਹਿਰ ਦੀ ਉਸਾਰੀ ਕਰਨੀ ਹੈ। ਜਿਹੜੇ ਭੂਤ ਗੱਲਾਂ ਨਾਲ ਨਹੀਂ ਮੰਨਦੇ, ਉਨ੍ਹਾਂ ਲਈ ਡੰਡਾ ਤੰਤਰ ਵੀ ਤਿਆਰ ਬਰ ਤਿਆਰ ਰੱਖਣਾ ਖੇਤਰੀ ਹਕੂਮਤਾਂ ਦਾ ਫ਼ਰਜ਼ ਹੈ। ਪਰ ਮੈਂ ਮਹਿਸੂਸ ਕਰਦਾਂ ਕਿ ਹਰ ਸ਼ੁਭ ਕਾਰਜ ਲਈ ਡੰਡਾ ਕਿਉਂ ਵਰਤਣਾ ਪਵੇ।

ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਆਈ ਸੀ ਐੱਸ ਈ ਸਕੂਲ ਦੀ ਕੱਚੀ ਪੱਕੀ ਜਮਾਤ ਚ ਲੱਗੀ ਕਿਤਾਬ ਕਹਿੰਦੀ ਹੈ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਇਹ ਕੂੜ ਕੁਫ਼ਰ ਤੁਰੰਤ ਬੰਦ ਕਰਵਾ ਕੇ ਸਿੱਖਿਆ ਵਿਭਾਗ ਵੱਲੋਂ ਸਖ਼ਤ ਦਿਸ਼ਾ ਨਿਰਦੇਸ਼ ਦੇਣੇ ਬਣਦੇ ਹਨ। ਇਸੇ ਤਰ੍ਹਾਂ ਸੀ ਬੀ ਐੱਸ ਈ ਤੇ ਆਈ ਸੀ ਐੱਸ ਈ ਨਾਲ ਸਬੰਧਿਤ ਸਕੂਲਾਂ ਵਿੱਚ ਮਾਤ ਭਾਸ਼ਾ ਨਾਲ ਸਬੰਧਿਤ ਪੁਸਤਕ ਵੀ ਉਸੇ ਸੂਬੇ ਦੇ ਸਕੂਲ ਬੋਰਡ ਵੱਲੋਂ ਤਿਆਰ ਕੀਤੀ ਹੀ ਪੜ੍ਹਾਈ ਜਾਵੇ। ਇੰਜ ਕਰਨ ਨਾਲ ਖੇਤਰੀ ਸੱਭਿਆਚਾਰਕ ਮਹਿਕ ਕਾਇਮ ਰੱਖੀ ਜਾ ਸਕੇਗੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੀਨੀਅਰ ਪੰਜਾਬੀ ਅਧਿਆਪਕ ਨੇ ਦੱਸਿਆ ਹੈ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਗਰੈਜੂਏਟ ਪੱਧਰ ਤੇ ਉਵੇਂ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਨਹੀਂ ਪੜ੍ਹਾਈ ਜਾ ਰਹੀ ਜਿਵੇਂ ਸਰਕਾਰੀ ਤੰਤਰ ਦੀਆਂ ਯੂਨੀਵਰਸਿਟੀਆਂ ਪੜ੍ਹਾਉਂਦੀਆਂ ਹਨ। ਇਹ ਗੱਲ ਜੇਕਰ ਸੱਚ ਹੈ ਤਾਂ ਇਸ ਨੂੰ ਵੀ ਸੂਬਾ ਸਰਕਾਰ ਗੰਭੀਰਤਾ ਨਾਲ ਲਵੇ।

ਪਰ ਅਸੀਂ ਤਾਂ ਆਪਣੇ ਘਰਾਂ, ਪਰਿਵਾਰਾਂ, ਵਪਾਰਾਂ ਅਤੇ ਪਿਆਰਾਂ ਵਿੱਚੋਂ ਵੀ ਹੌਲੀ ਹੌਲੀ ਮਾਂ ਬੋਲੀ ਪੰਜਾਬੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਤੁਸੀਂ ਦਿਨ ਚੜ੍ਹਨ ਤੋਂ ਸੂਰਜ ਅਸਤਣ ਤੀਕ ਆਪਣੀ ਜ਼ਿੰਦਗੀ ਨੂੰ ਖੁਦ ਵੇਖੋ। ਆਪਣੇ ਘਰ ਤੋਂ ਰੁਜ਼ਗਾਰ ਤੀਕ ਦੇ ਸਫਰ ਦੌਰਾਨ ਤੁਰਦੇ ਫਿਰਦੇ ਨਜ਼ਰ ਮਾਰੋ ਕਿ ਪੰਜਾਬੀ ਕਿਥੇ ਹੈ?

ਤੁਹਾਡੇ ਹੱਥ ਵਿੱਚ ਫੜਿਆ ਤੁਹਾਡਾ ਹੀ ਪਛਾਣ ਪੱਤਰ ਜਿਸ ਨੂੰ ਵਿਜ਼ਟਿੰਗ ਕਾਰਡ ਕਹਿੰਦੇ ਹੋ ਉਹ ਕਿਹੜੀ ਭਾਸ਼ਾ ਵਿੱਚ ਹੈ? ਤੁਹਾਡੇ ਘਰ ਦੀ ਨੰਬਰ ਪਲੇਟ ਅਤੇ ਨਾਮ ਕਿਸ ਭਾਸ਼ਾ ਵਿੱਚ ਹੈ? ਤੁਹਾਡੇ ਬੱਚਿਆਂ ਦੇ ਸਕੂਲ ਵਿੱਚ ਕਿਹੜੀ ਭਾਸ਼ਾ ਦੀ ਸਰਦਾਰੀ ਹੈ ? ਬਾਜ਼ਾਰ ਵਿੱਚ ਹੱਟੀਆਂ ਦੇ ਬੋਰਡ ਕਿਸ ਭਾਸ਼ਾ ਵਿੱਚ ਹਨ। ਹੁਣ ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਪੀਲ ਕੀਤੀ ਹੈ ਕਿ ਆਪਣੇ ਅਦਾਰਿਆਂ ਦੇ ਨਾਮ ਪੰਜਾਬੀ ਚ ਕਰੋ। ਕੁਝ ਲੋਕਾਂ ਗੱਲ ਤਾਂ ਮੰਨ ਲਈ ਹੈ ਪਰ ਬੋਰਡਾਂ ਦੀ ਲਿਪੀ ਹੀ ਬਦਲੀ ਹੈ। ਲੁਧਿਆਣਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਕਦੇ ਹੱਟੀਆਂ ਸਨ ਹੁਣ ਪਲਾਜ਼ੇ ਹਨ। ਕਈ ਦੁਕਾਨਾਂ ਦੇ ਫਰੈਂਚ ਤੇ ਅੰਗਰੇਜ਼ੀ ਨਾਮ ਮੈਨੂੰ ਵੀ ਲੈਣੇ ਨਹੀਂ ਆਉਂਦੇ। ਹਨ੍ਹੇਰ ਸਾਈਂ ਦਾ, ਆਪਣੇ ਹੀ ਘਰ ਚ ਬੇਗਾਨੇ ਹੋ ਗਏ।

ਦੱਸਿਉ! ਤੁਹਾਡਾ ਬੱਚਾ ਆਈ ਪੈਡ ਜਾਂ ਟੀ ਵੀ ਤੇ ਕਿਸ ਭਾਸ਼ਾ ਦੇ ਪ੍ਰੋਗਰਾਮ ਦੇਖਦਾ ਹੈ। ਜੇਕਰ ਉਸ ਦਾ ਵੱਸ ਚੱਲੇ ਤਾਂ ਤੁਹਾਨੂੰ ਪੰਜਾਬੀ ਗੀਤ ਜਾਂ ਕੀਰਤਨ ਕਦੇ ਨਾ ਸੁਣਨ ਦੇਵੇ?

ਪਰ ਉਹ ਵੀ ਕੀ ਕਰੇ? ਪੰਜਾਬੀ ਵਿੱਚ ਉਹ ਗਿਆਨ ਸੋਮੇ ਤੇ ਮਨੋਰੰਜਕ ਕਹਾਣੀਆਂ ਕਵਿਤਾਵਾਂ ਤੇ ਕਾਰਟੂਨ ਅਸਾਂ ਵਿਕਸਤ ਹੀ ਨਹੀਂ ਕੀਤੇ। ਅਵੇਸਲੇ ਪਨ ਵਿੱਚ ਖੁੰਝੇ ਤਾਂ ਅਸੀਂਵੀ ਹਾਂ। ਨੌਕਰੀਆਂ ਹੋ ਰਹੀਆਂ ਨੇ, ਸੇਵਾ ਕੌਣ ਕਰੇਗਾ?

ਤੁਸੀਂ ਆਪਣੇ ਤੋਂ ਲੈ ਕੇ ਬੱਚਿਆਂ ਤੀਕ ਦੇ ਪਹਿਰਾਵੇ, ਲੀੜੇ ਕੱਪੜਿਆਂ ਦੇ ਨਾਂ ਸੋਚੋ, ਬਹੁਤੇ ਪੰਜਾਬੀ ਵਿੱਚ ਨਹੀਂ ਹਨ। ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਤੋਂ ਆਏ ਹਨ। ਬੱਚਿਆਂ ਦੇ ਆਪਸੀ ਵਾਰਤਾਲਾਪ ਨੂੰ ਕਦੀ ਸੁਣਿਓ, ਓਹਲੇ ਬੈਠ ਕੇ। ਉਹ ਤੁਹਾਡੀ ਮਾਂ ਬੋਲੀ ਨੂੰ ਟਿੱਚ ਜਾਣਦੇ ਹਨ। ਉਨ੍ਹਾਂ ਕੋਲ ਆਪਣਾ ਅਨੁਭਵ ਹੈ ਅਤੇ ਉਸ ਅਨੁਭਵ ਦੀ ਭਾਸ਼ਾ ਹਿੰਦੀ ਜਾਂ ਅੰਗਰੇਜ਼ੀ ਬਣਾ ਦਿੱਤੀ ਗਈ ਹੈ। ਪੁੱਤਰ ਧੀਆਂ ਨੂੰ ਵਧੇਰੇ ਕਮਾਊ ਬਣਾਉਣ ਦੀ ਪ੍ਰਵਿਰਤੀ ਕੁਲੀਨ ਵਰਗ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਨ ਦੀ ਹੋੜ ਲਾ ਦਿੱਤੀ ਹੈ ਜਿਥੇ ਮਾਂ ਬੋਲੀ ਦਾ ਰੁਤਬਾ ਕਿਸੇ ਨੌਕਰਾਣੀ ਜਾਂ ਗੋਲੀ ਤੋਂ ਵੱਧ ਨਹੀਂ ।

ਹਕੀਕਤ ਇਹ ਹੈ ਕਿ ਬੱਚਾ ਜੰਮਣ ਸਾਰ ਮਾਪਿਆਂ ਦੀ ਇੱਛਾ ਵਿੱਚ ਇਹ ਗੱਲ ਬੁਰੀ ਤਰ•ਾਂ ਘਰ ਕਰ ਜਾਂਦੀ ਹੈ ਕਿ ਬੱਚੇ ਨੂੰ ਕੀ ਬਣਾਉਣਾ ਹੈ। ਅੱਜਕਲ• ਹਰ ਮਾਂ ਡਾਕਟਰ, ਇੰਜੀਨੀਅਰ ਜਾਂ ਬਹੁ ਕੌਮੀ ਕੰਪਨੀ ਦਾ ਮੈਨੇਜਰ ਜੰਮਦੀ ਹੈ ਜਿਸ ਦੀ ਤਨਖਾਹ ਪਹਿਲੀ ਨਿਯੁਕਤੀ ਤੇ ਹੀ ਘੱਟੋ ਘੱਟ ਲੱਖਾਂ ਰੁਪਏ ਹੋਵੇ। ਮਾਂਵਾਂ ਪੁੱਤਰ ਧੀਆਂ ਨਹੀਂ ਜੰਮਦੀਆਂ ਕਮਾਊ ਸੰਦ ਜੰਮਦੀਆਂ ਹਨ ਜਿਹੜੇ ਉਨ੍ਹਾਂ ਦੇ ਬੁਢਾਪੇ ਵੇਲੇ ਵੱਧ ਧਨ ਪ੍ਰਾਪਤੀ ਨਾਲ ਪਰਿਵਾਰਕ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਣ। ਇਥੋਂ ਹੀ ਭਾਸ਼ਾ ਦਾ ਘਾਣ ਸ਼ੁਰੂ ਹੁੰਦਾ ਹੈ।

ਵਿਰਸੇ ਦੀ ਮਮਤਾ ਪਾਲਣ ਵਾਲੇ ਲੋਕ ਇਹ ਗੱਲ ਜਾਣਦੇ ਹਨ ਕਿ ਪੰਘੂੜੇ ਤੋਂ ਲੈ ਕੇ ਮਾਂ ਬੋਲੀ ਹਰ ਪੈਰ ਤੇ ਤੁਹਾਡੇ ਅੰਗ ਸੰਗ ਰਹਿੰਦੀ ਹੈ ਪਰ ਇਹ ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮਾਪਿਆਂ ਨੇ ਆਪਣੇ ਜੀਵਨ ਵਿਹਾਰ ਵਿੱਚ ਆਪਣੀ ਮਾਂ ਬੋਲੀ ਲਈ ਸਤਿਕਾਰਯੋਗ ਥਾਂ ਰੱਖੀ ਹੋਈ ਹੈ। ਜੇਕਰ ਮਾਂ ਬੋਲੀ ਬੋਲਦੇ ਬੱਚੇ ਨੂੰ ਸਮਾਜਿਕ ਨਿਜ਼ਾਮ ਨੇ ਉਜੱਡ ਹੀ ਸਮਝਣਾ ਹੈ ਜਾਂ ਬੱਚੇ ਨੂੰ ਕੁਲੀਨ ਵਰਗ ਦੀ ਭਾਸ਼ਾ ਸਿਖਾਉਣ ਲਈ ਤੁਸੀਂ ਆਪਣੀ ਮਾਂ ਬੋਲੀ ਦੀ ਬਲੀ ਦੇਣੀ ਹੈ ਤਾਂ ਬਾਲ ਮਨ ਦੇ ਵਿਕਾਸ ਦੇ ਸਾਰੇ ਮੌਕੇ ਹੀ ਉਸ ਤੋਂ ਖੁੱਸ ਜਾਣੇ ਹਨ।

ਮੁੱਢਲੀ ਗੱਲ ਇਹੀ ਹੈ ਕਿ ਜਦ ਤਕ ਬੱਚਾ ਅੱਖ਼ਰ ਗਿਆਨ ਦੇ ਲੜ ਨਹੀਂ ਲੱਗਦਾ ਓਨਾ ਚਿਰ ਉਸ ਦੀ ਕੋਰੀ ਤਖਤੀ ਤੇ ਹੋਰ ਭਾਸ਼ਾਵਾਂ ਦੇ ਘੁੱਗੂ ਘੋੜੇ ਨਾ ਵਾਹੋ। ਕੋਰੀ ਤਖਤੀ ਤੇ ਮਨਚਾਹੇ ਅੱਖ਼ਰ ਲਿਖਿਆ ਝਰੀਟਾਂ ਪੈਂਦੀਆਂ ਹਨ। ਪਰਿਵਾਰਕ ਮਾਹੌਲ ਵਿੱਚ ਹੀ ਮਾਂ ਬੋਲੀ ਦਾ ਸਤਿਕਾਰ ਬਣਾਈ ਰੱਖੋ। ਅੱਖਰਾਂ ਵੇਲੇ ਉਸ ਨੂੰ ਮਾਂ ਬੋਲੀ ਪੰਜਾਬੀ ਲਈ ਸਮਰੱਥ ਲਿੱਪੀ ਗੁਰਮੁਖੀ ਨਾਲ ਸ਼ਬਦ ਸਾਂਝ ਪੁਆਓ। ਪਿਆਰ ਦੀ ਭਾਸ਼ਾ ਮਾਂ ਬੋਲੀ ਹੀ ਹੁੰਦੀ ਹੈ ਜੇਕਰ ਤੁਸੀਂ ਪਿਆਰ ਦੀ ਭਾਸ਼ਾ ਸਿੱਖ ਜਾਓਗੇ ਤਾਂ ਰੁਜ਼ਗਾਰ ਦੀ ਕੋਈ ਵੀ ਭਾਸ਼ਾ ਸਿੱਖਣੀ ਤੁਹਾਡੇ ਲਈ ਹੋਰ ਵੀ ਆਸਾਨ ਹੋ ਜਾਵੇਗੀ।

ਪਿਆਰ ਦੀ ਭਾਸ਼ਾ ਸਿੱਖਣ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਸੇਸ਼ ਨੋਟੀਫਿਕੇਸ਼ਨ ਦੀ ਲੋੜ ਨਹੀਂ ਨਾ ਹੀ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੀ ਲੋੜ ਹੈ? ਤੁਸੀਂ ਆਪ ਦੱਸੋ ਕਿ ਆਪਣੇ ਹੀ ਪੰਜਾਬ ਦੇ ਧੀਆਂ ਪੁੱਤਰਾਂ ਨੂੰ ਇਹ ਕਹਿਣਾ ਪਵੇ ਕਿ ਆਪਣੀ ਮਾਂ ਬੋਲੀ ਵਿੱਚ ਕੰਮ ਕਾਰ ਕਰਿਆ ਕਰੋ ਤਾਂ ਇਸ ਤੋਂ ਵੱਡੀ ਸਿਤਮ ਵਾਲੀ ਗੱਲ ਕਿਹੜੀ ਹੋਵੇਗੀ। ਅੱਗੋਂ ਪੁੱਤਰ ਧੀਆਂ ਇਹ ਆਖਣ ਕਿ ਪਹਿਲਾਂ ਸਾਡੇ ਲਈ ਸਖਤ ਕਾਨੂੰਨ ਬਣਾਓ, ਭਾਸ਼ਾ ਟ੍ਰਿਬਿਊਨਲ ਬਣਾਓ ਫਿਰ ਅਸੀਂ ਮਾਂ ਬੋਲੀ ਵਿੱਚ ਕੰਮ ਕਾਜ ਕਰਾਂਗੇ ਤਾਂ ਇਸ ਤੋਂ ਵੱਡੀ ਹਾਰ ਕੀ ਹੋਵੇਗੀ।

ਮੇਰੀ ਧਰਤੀ ਦੇ ਲੋਕਾਂ ਨੂੰ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਆਖੀ ਸੀ ਕਿ ਰਾਜ ਕਰਨ ਵਾਲੇ ਲੋਕਾਂ ਅਤੇ ਪ੍ਰਮਾਰਥ ਵੇਚਣ ਵਾਲੇ ਲੋਕਾਂ ਨੇ ਹਮੇਸ਼ਾਂ ਭਾਸ਼ਾ ਦਾ ਓਹਲਾ ਰੱਖ ਕੇ ਹੀ ਸਧਾਰਣ ਬੰਦਿਆਂ ਨੂੰ ਲੁੱਟਿਆ ਹੈ। ਇਸੇ ਕਰਕੇ ਉਨ੍ਹਾਂ ਨੇ ਪ੍ਰਮਾਰਥ ਦੀ ਭਾਸ਼ਾ ਵੀ ਪੰਜਾਬੀ ਲੋਕ ਭਾਸ਼ਾ ਬਣਾ ਵਿਖਾਈ।

ਗੁਰਬਾਣੀ ਵਿੱਚ ਪਵਿੱਤਰ ਸ਼ਬਦ ਆਮ ਸਧਾਰਣ ਆਦਮੀ ਲਈ ਕਲਿਆਣਕਾਰੀ ਵੀ ਇਸੇ ਕਰਕੇ ਹਨ ਕਿ ਇਨ੍ਹਾਂ ਵਿੱਚ ਕੋਈ ਓਹਲਾ ਨਹੀਂ। ਜੇਕਰ ਅਸੀਂ ਅੱਜ ਵੀ ਓਹਲੇ ਦੀ ਓਪਰੀ ਭਾਸ਼ਾ ਤਿਆਗ ਕੇ ਹਸਪਤਾਲਾਂ, ਕਚਹਿਰੀਆਂ , ਮਾਲ ਮਹਿਕਮੇ ਦੇ ਦਸਤਾਵੇਜਾਂ, ਆਮ ਕਾਰੋਬਾਰੀ ਅਦਾਰਿਆਂ ਅਤੇ ਵਰਤੋਂ ਵਿਹਾਰ ਵਿੱਚ ਪੰਜਾਬੀ ਦੀ ਖੁੱਲੀ ਡੁੱਲੀ ਵਰਤੋਂ ਕਰਨੀ ਸ਼ੁਰੂ ਕਰ ਦੇਈਏ ਤਾਂ ਅਸੀਂ ਮਾਂ – ਬੋਲੀ ਦਾ ਮੂੰਹ ਮੱਥਾ ਸੰਵਾਰ ਸਕਦੇ ਹਾਂ।

ਤੁਸੀਂ ਆਪ ਸੋਚੋ ਕਿ ਤੁਹਾਡੇ ਪੁੱਤਰਾਂ ਧੀਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਗਲਤ ਅੰਗਰੇਜ਼ੀ ਵਿੱਚ ਛਾਪਣੇ ਸਹੀ ਹਨ ਜਾਂ ਸਹੀ ਪੰਜਾਬੀ ਵਿੱਚ। ਪੰਜਾਬੀਆਂ ਦੀਆਂ ਰਿਸ਼ਤੇਦਾਰੀਆਂ ਦਾ ਤਾਣਾ ਬਾਣਾ ਪੰਜਾਬ ਵਿੱਚ ਹੀ ਤਾਂ ਹੈ। ਕਾਰਡ ਦਾ ਮਕਸਦ ਵੀ ਸਹੀ ਸੂਚਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਆਪਣੇ ਨਾਨਕਿਆਂ ਦਾਦਕਿਆਂ ਭੂਆ ਮਾਸੀਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੀ ਜ਼ੁਬਾਨ ਵਿੱਚ ਹੀ ਸੁਨੇਹਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਭਾਸ਼ਾ ਦਾ ਸਵੈ-ਮਾਣ ਹੀ ਤੁਹਾਨੂੰ ਸਹੀ ਪੰਜਾਬੀ ਪੁੱਤਰ ਬਣਾ ਸਕੇਗਾ।

ਪੰਜਾਬੀ ਹੀ ਨਹੀਂ ਕਿਸੇ ਵੀ ਖਿੱਤੇ ਦੀ ਮਾਂ ਬੋਲੀ ਵਿੱਚ ਇਹ ਸਮੱਰਥਾ ਹਮੇਸ਼ਾਂ ਹੀ ਰਹਿੰਦੀ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਲਈ ਨਾਲੋਂ ਨਾਲ ਤੁਰੇ। ਤੁਹਾਡੇ ਹਓਕਿਆਂ ਦੀ ਜ਼ੁਬਾਨ ਬਣੇ। ਤੁਹਾਡੇ ਫਿਕਰਾਂ ਨੂੰ ਖੁਸ਼ੀਆਂ ਨੂੰ ਮਨ ਦੇ ਚਾਵਾਂ ਅਤੇ ਹੁਲਾਰਿਆਂ ਨੂੰ ਮਾਂ ਬੋਲੀ ਹੀ ਖੰਭ ਲਾ ਸਕਦੀ ਹੈ। ਵਿਸ਼ਵ ਵਿੱਚ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਪਗ 13 ਕਰੋੜ ਗਿਣੀ ਜਾਂਦੀ ਹੈ ਜਿਨ•ਾਂ ਵਿਚੋਂ ਭਾਵੇਂ ਗੁਰਮੁਖੀ ਅੱਖ਼ਰ ਜਾਨਣ ਵਾਲੇ ਵੀ ਤਿੰਨ ਕਰੋੜ ਦੇ ਨੇੜੇ ਤੇੜੇ ਹਨ ਪਰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਕਿਤਾਬ ਦੀ ਛਪਣ ਸੰਖਿਆ ਔਸਤਨ 1100 ਤੋਂ ਵੱਧ ਨਹੀਂ।

ਪੁਸਤਕ ਸਭਿਆਚਾਰ ਨਾਲ ਹੀ ਅਸੀਂ ਸ਼ਬਦ ਦੀ ਸਲਾਮਤੀ ਕਾਇਮ ਕਰ ਸਕਦੇ ਹਾਂ। ਭਾਸ਼ਾ ਉਦੋਂ ਮਰਦੀ ਹੈ ਜਦੋਂ ਉਸ ਦੇ ਪੁੱਤਰਾਂ ਧੀਆਂ ਦੀ ਸ਼ਬਦ ਨਾਲੋਂ ਸਾਂਝ ਟੁੱਟ ਜਾਵੇ। ਨਾਮਧਾਰੀ ਸਮਾਜ ਦੇ ਬਾਨੀ ਸਤਿਗੁਰ ਰਾਮ ਸਿੰਘ ਜੀ ਨੇ ਗੁਰਮੁਖੀ ਅੱਖਰ ਪੜ੍ਹਨੇ ਤੇ ਪੜ੍ਹਾਵਣੇ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅੱਜ ਇਸ ਸਮਾਜ ਵਿੱਚ ਵੀ ਪੰਜਾਬੀ ਅਤੇ ਗੁਰਮੁਖੀ ਲਈ ਮੁਹੱਬਤ ਨੂੰ ਖੋਰਾ ਲੱਗ ਰਿਹਾ ਹੈ। ਭਾਸ਼ਾ ਕਿਸੇ ਧਰਮ ਜਾਤ ਜਾਂ ਗੋਤ ਦੀ ਮਲਕੀਅਤ ਨਹੀਂ ਹੁੰਦੀ ਸਗੋਂ ਖਿੱਤਾ ਵਿਸੇਸ਼ ਦੇ ਲੋਕਾਂ ਦੀ ਸਾਂਝੀ ਪੂੰਜੀ ਹੁੰਦੀ ਹੈ।

ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾਂ ਕਹਿ ਕੇ ਤਿਆਗਣ ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਬਾਂਕੇ ਦਯਾਲ,ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਨੰਦ ਲਾਲ ਨੂਰਪੁਰੀ, ਬਕਰਤ ਰਾਮ ਯੁਮਨ,ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ , ਮੋਹਨ ਭੰਡਾਰੀ, ਪ੍ਰੇਮ ਪ੍ਰਕਾਸ਼, ਭੂਸ਼ਨ ਧਿਆਨਪੁਰੀ ਤੇ ਖਾਲਿਦ ਹੁਸੈਨ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ।

ਸ਼ਿਵ ਕੁਮਾਰ ਬਟਾਲਵੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, , ਕੇ ਐਲ ਗਰਗ, ਸਤੀਸ਼ ਕੁਨਾਰ ਵਰਮਾ ਤੇ ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ।

ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਸੱਭਿਆਚਾਰਕ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ।

ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ•ਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-

ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਕੋਲੰਬੀਆ ਯੂਨੀਵਰਸਿਟੀ ’ਚ ਮਾਰਚ ਦੀ ਅਗਵਾਈ ਕਰਨ ਅਤੇ ਭਾਸ਼ਣ ਦੇਣ ’ਤੇ ਬੀਬੀ ਜਲਨਿਧ ਕੌਰ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ

ਯੈੱਸ ਪੰਜਾਬ ਅੰਮ੍ਰਿਤਸਰ, 27 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ਜੰਮਪਲ ਦਸਤਾਰਧਾਰੀ ਸਿੱਖ ਬੀਬੀ ਜਲਨਿਧ ਕੌਰ ਦੁਆਰਾ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਦੀ ਕਨਵੋਕੇਸ਼ਨ...

ਜੂਨ 84 ਫ਼ੌਜੀ ਹਮਲੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੁਹ ਸ਼ਹੀਦਾਂ ਦੀ ਯਾਦ’ਚ ਪਾਠ ਦਾ ਭੋਗ 2 ਜੂਨ ਨੂੰ: ਜਥੇਦਾਰ ਹਵਾਰਾ ਕਮੇਟੀ

ਯੈੱਸ ਪੰਜਾਬ ਅੰਮ੍ਰਿਤਸਰ, 27 ਮਈ, 2024 ਭਾਰਤੀ ਫੌਜ ਵਲੋਂ ਜੂਨ 84 ਦਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸਿੱਖ ਕੌਮ ਦੇ ਪਿੰਡੇ ਤੇ ਉਹ ਡੂੰਗਾ ਜ਼ਖ਼ਮ ਹੈ ਜੋ ਕਦੀ ਵੀ ਭਰਿਆ ਨਹੀ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...
spot_img

ਸੋਸ਼ਲ ਮੀਡੀਆ

223,094FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...